ਮਨਿੰਦਰਜੀਤ ਸਿੱਧੂ
- ਨਕਲੀ ਜਿੰਕ ਕਾਰਨ ਮੇਰੀ 20 ਏਕੜ ਝੋਨੇ ਦੀ ਫਸਲ ਤਹਿਸ ਨਹਿਸ ਹੋ ਗਈ - ਕਿਸਾਨ ਹਰਜਿੰਦਰ ਸਿੰਘ
ਜੈਤੋ, 4 ਅਗਸਤ 2020 - ਪੰਜਾਬ ਵਿੱਚ ਨਕਲੀ ਦਾਰੂ ਨਾਲ ਹੋਈਆਂ ਮੌਤਾਂ ਦਾ ਮਸਲਾ ਅਜੇ ਠੰਢਾ ਨਹੀਂ ਹੋਇਆ ਸੀ ਕਿ ਜੈਤੋ ਵਿਖੇ ਨਕਲੀ ਜਿੰਕ ਦਾ ਵੱਡਾ ਕਾਰੋਬਾਰ ਚੱਲਦਾ ਹੋਣ ਦੇ ਸਮਾਚਾਰ ਨੇ ਤਰਥੱਲੀ ਮਚਾ ਦਿੱਤੀ ਹੈ। ਜੈਤੋ ਦੇ ਬਾਜਾਖਾਨਾ ਰੋਡ ਦੇ ਵਸਨੀਕ ਕਿਸਾਨ ਹਰਜਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਨੇ ਜੈਤੋ ਦੀ ਇੱਕ ਮਸ਼ਹੂਰ ਫਰਮ ਬ੍ਰਿਜ ਲਾਲ ਪ੍ਰਿੰਸ ਕੁਮਾਰ ਉੱਪਰ ਨਕਲੀ ਜਿੰਕ ਵੇਚਣ ਦਾ ਇਲਜ਼ਾਮ ਲਗਾਇਆ ਹੈ। ਹਰਜਿੰਦਰ ਸਿੰਘ ਨੇ ਕੁੱਝ ਚੋਣਵੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਨੇ ਬੀਤੀ 23 ਜੁਲਾਈ ਨੂੰ ਬ੍ਰਿਜ ਲਾਲ ਪ੍ਰਿੰਸ ਕੁਮਾਰ ਦੀ ਨਿਊ ਮਾਰਕਿਟ ਵਿਖੇ ਸਥਿਤ ਦੁਕਾਨ ਤੋਂ 2 ਕੁਇੰਟਲ 90 ਕਿੱਲੋ ਜਿੰਕ ਖਰੀਦੀ ਸੀ ਅਤੇ ਦੁਕਾਨਦਾਰ ਵੱਲੋਂ ਸ਼੍ਰੀ ਰਾਮ ਕੰਪਨੀ ਦਾ ਉਤਪਾਦ ਕਹਿ ਕੇ ਵੇਚੀ ਗਈ ਸੀ। ਕਿਸਾਨ ਹਰਜਿੰਦਰ ਸਿੰਘ ਅਨੁਸਾਰ ਉਸਨੇ ਦੁਕਾਨਦਾਰ ਤੋਂ ਬਹੁਤ ਵਾਰ ਬਿੱਲ ਦੀ ਮੰਗ ਕੀਤੀ ਸੀ ਪਰ ਦੁਕਾਨਦਾਰ ਨੇ ਬਿੱਲ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ।
ਉਸਨੇ ਦੋਸ਼ ਲਾਉਂਦਿਆਂ ਕਿਹਾ ਕਿ ਅਸਲ ਵਿੱਚ ਦੁਕਾਨਦਾਰ ਨੇ ਮੇਰੇ ਨਾਲ ਧੋਖਾਧੜੀ ਕਰਦਿਆਂ 2 ਕੁਇੰਟਲ 90 ਕਿੱਲੋਂ ਜ਼ਿੰਕ ਦੀ ਜਗ੍ਹਾ ਕੋਈ ਹੋਰ ਵਸਤੂ ਜਾਂ ਕੈਮੀਕਲ ਮੜ੍ਹ ਦਿੱਤਾ ਜਿਸ ਨਾਲ ਮੇਰੀ ਤਕਰੀਬਨ 20 ਏਕੜ ਝੋਨੇ ਦੀ ਖੜ੍ਹੀ ਫਸਲ ਤਹਿਸ ਨਹਿਸ ਹੋ ਗਈ।ਉਹਨਾਂ ਕਿਹਾ ਕਿ ਇਹ ਮਾਮਲਾ ਖੇਤੀਬਾੜੀ ਮਹਿਕਮੇ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਪਰ ਕੁੰਭਕਰਨੀ ਨੀਂਦ ਸੁੱਤੇ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਕਾਰਵਾਈ ਕਰਨੀ ਤਾਂ ਦੂਰ ਨੋਟਿਸ ਲੈਣਾ ਵੀ ਜਰੂਰੀ ਨਹੀਂ ਸਮਝਿਆ। ਹਰਜਿੰਦਰ ਸਿੰਘ ਦੇ ਪੋਤੇ ਗੁਰਪ੍ਰੀਤ ਸਿੰਘ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਕਤ ਦੁਕਾਨਦਾਰ ਵੱਲੋਂ ਬਹੁਤ ਵੱਡੀ ਸਾਜਿਸ਼ ਤਹਿਤ ਨਕਲੀ ਜਿੰਕ ਦਾ ਗੋਰਖਧੰਦਾ ਚਲਾਇਆ ਜਾ ਰਿਹਾ ਹੈ ਅਤੇ ਆਈ.ਐੱਸ.ਆਈ ਤੱਕ ਦੇ ਗਲਤ ਠੱਪੇ ਲਾ ਕੇ ਨਕਲੀ ਜਿੰਕ ਦੇ ਗੱਟੇ ਵੇਚੇ ਜਾ ਰਹੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਦੁਕਾਨ ਉੱਪਰ ਪਹਿਲਾਂ ਵੀ ਕਈ ਵਾਰ ਅਜਿਹੇ ਇਲਜ਼ਾਮ ਲੱਗ ਚੁੱਕੇ ਹਨ।
ਕਿਸਾਨ ਸਾਨੂੰ ਬਲੈਕਮੇਲ ਕਰ ਰਿਹਾ ਹੈ- ਪ੍ਰਿੰਸ ਕੁਮਾਰ
ਇਸ ਸੰਬੰਧੀ ਜਦੋਂ ਅਸੀਂ ਉਕਤ ਦੁਕਾਨ ਦੇ ਮਾਲਕ ਪ੍ਰਿੰਸ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਕਤ ਕਿਸਾਨ ਦੁਆਰਾ ਸਾਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਅਤੇ ਇਸਨੇ ਸਾਡੇ ਕੋਲੋਂ ਜਿੰਕ ਨਹੀਂ ਖਰੀਦੀ।
ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ - ਡਾ. ਰਣਦੀਪ ਸਿੰਘ
ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਡਾ. ਰਣਦੀਪ ਸਿੰਘ ਦਾ ਕਹਿਣਾ ਹੈ ਕਿ ਇਹ ਮਾਮਲਾ ਮਹਿਕਮੇ ਦੇ ਧਿਆਨ ਵਿੱਚ ਆ ਚੁੱਕਾ ਹੈ ਅਤੇ ਇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ।