ਹੁਣ ਮਗਨਰੇਗਾ ਤਹਿਤ ਘਰਾਂ ਵਿੱਚ ਬਣਨਗੇ ਵਾਟਰ ਰਿਚਾਰਜ ਪਿੱਟ
-ਬਾਰਿਸ਼ ਦੇ ਪਾਣੀ ਦੀ ਸਾਂਭ ਸੰਭਾਲ ਲਈ ਮਗਨਰੇਗਾ ਤਹਿਤ ਪਿੰਡਾਂ ਵਿੱਚ ਸੋਕ ਪਿੱਟ ਬਣਨੇ ਸ਼ੁਰੂ
ਲੁਧਿਆਣਾ, 5 ਅਗਸਤ, 2020 : ਮਗਨਰੇਗਾ ਸਕੀਮ ਦਿਹਾਤੀ ਵਿਕਾਸ ਦੀ ਇੱਕ ਅਹਿਮ ਸਕੀਮ ਹੈ, ਜਿਸਦੇ ਅਧੀਨ ਪਿੰਡਾ 'ਚ ਵਿਕਾਸ ਦੇ ਬਹੁਤ ਸਾਰੇ ਕੰਮ ਕਰਵਾਏ ਜਾਂਦੇ ਹਨ ਜਿਵੇਂ ਕਿ ਛੱਪੜਾਂ ਦਾ ਨਵੀਨੀਕਰਣ, ਨਹਿਰਾਂ ਅਤੇ ਖਾਲਿਆਂ ਦੀ ਸਫਾਈ, ਗਲੀਆਂ ਨਾਲੀਆਂ ਦੀ ਉਸਾਰੀ, ਪਸ਼ੂਆਂ ਦੇ ਬਾੜੇ, ਪਾਣੀ ਦੇ ਸਾਂਭ ਸੰਭਾਲ ਦੇ ਕੰਮ, ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟਸ, ਫਲੱਡ ਪ੍ਰੋਟੈਕਸ਼ਨ ਦੇ ਕੰਮ, ਪਲਾਂਟੇਸ਼ਨ ਆਦਿ।
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਮਗਨਰੇਗਾ ਸਕੀਤ ਅਧੀਨ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਅਤੇ ਪਾਣੀ ਦੀ ਸਾਂਭ ਸੰਭਾਲ ਲਈ ਸੰਯੁਕਤ ਵਿਕਾਸ ਕਮਿਸ਼ਨਰ ਸ੍ਰੀ ਮਨਪ੍ਰੀਤ ਸਿੰਘ ਛੱਤਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਦੀ ਯੋਗ ਅਗੁਵਾਈ ਹੇਠ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਦੋਰਾਹਾ ਵਿੱਚ ਵਾਟਰ ਰੀਚਾਰਜ ਪਿੱਟ ਬਣਾਏ ਜਾ ਰਹੇ ਹਨ।
ਇਨ੍ਹਾਂ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਦੇ ਬੀ.ਡੀ.ਪੀ.ਓ. ਨਵਦੀਪ ਕੌਰ ਨੇ ਦੱਸਿਆ ਕਿ ਹੁਣ ਮਗਨਰੇਗਾ ਤਹਿਤ ਜਾਬ ਕਾਰਡ ਹੋਲਡਰਾਂ ਨੂੰ ਵਿਅਕਤੀਗਤ ਲਾਭ ਦਿੰਦਿਆਂ ਘਰਾਂ ਦੇ ਬਾਰਸ਼ਾਂ ਦੇ ਪਾਣੀ ਦੀ ਸਾਂਭ ਸੰਭਾਲ ਅਤੇ ਉਸਨੂੰ ਜ਼ਮੀਨ ਅੰਦਰ ਰੀਚਾਰਜ਼ ਕਰਨ ਲਈ ਪਿੱਟ ਬਣਾਏ ਜਾ ਰਹੇ ਹਨ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ ਬਰ ਦਿਨ ਹੇਠਾਂ ਜਾ ਰਿਹਾ ਹੈ। ਜਿਸ ਲਈ ਜਿੱਥੇ ਲੋੜ ਹੈ ਕਿ ਪਾਣੀ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਉੱਥੇ ਹੀ ਸਾਨੂੰ ਬਾਰਿਸ਼ ਦਾ ਪਾਣੀ ਧਰਤੀ ਅੰਦਰ ਰਿਚਾਰਜ਼ ਕਰਨਾ ਚਾਹੀਦਾ ਹੈ ਤਾਂ ਜੋ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ।
ਮਗਨਰੇਗਾ ਲਾਭਪਾਤਰੀ ਅਵਤਾਰ ਸਿੰਘ ਵਾਸੀ ਪਿੰਡ ਧਮੋਟ ਕਲਾਂ ਨੇ ਕਿਹਾ ਹੈ ਕਿ ਜੋ ਉਸਨੇ ਆਪਣੇ ਘਰ ਅੰਦਰ ਰੇਨ ਵਾਟਰ ਰੀਚਾਰਜ ਪਿੱਟ ਬਣਵਾਇਆ ਹੈ, ਇਹ ਰੀਚਾਰਜ ਪਿੱਟ ਬਹੁਤ ਵਧੀਆ ਕੰਮ ਕਰ ਰਿਹਾ ਹੈ। ਹੁਣ ਉਸ ਦੇ ਘਰ ਦੀਆਂ ਛੱਤਾਂ ਦਾ ਪਾਣੀ ਬਾਰਿਸ਼ਾਂ ਦੌਰਾਨ ਸਿੱਧਾ ਰੀਚਾਰਜ਼ ਪਿੱਟ ਵਿੱਚ ਜਾਂਦਾ ਹੈ ਜੋ ਕਿ ਪਹਿਲਾਂ ਇਹ ਪਾਣੀ ਨਾਲੀਆਂ ਵਿੱਚ ਚਲਿਆ ਜਾਂਦਾ ਸੀ। ਇਸ ਲਈ ਪਿੰਡਾਂ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਬਾਰਿਸ਼ਾਂ ਦੇ ਪਾਣੀ ਦੀ ਸਾਂਭ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉਪਰ ਚੁੱਕਣ ਲਈ ਉਹ ਵੀ ਆਪਣੇ-ਆਪਣੇ ਘਰਾਂ ਅੰਦਰ ਮਗਨਰੇਗਾ ਸਕੀਮ ਦਾ ਲਾਭ ਲੈਂਦੇ ਹੋਏ ਇਹ ਵਾਟਰ ਰੀਚਾਰਜ ਪਿੱਟ ਬਣਵਾਉਣ ਤਾਂ ਜੋ ਦਿਨੋਂ ਦਿਨ ਪਾਣੀ ਦੇ ਹੇਠਾਂ ਜਾ ਰਹੇ ਪੱਧਰ ਨੂੰ ਉੱਚਾ ਚੱਕਿਆ ਜਾ ਸਕੇ।