ਜਗਦੀਸ਼ ਥਿੰਦ
ਫਾਜ਼ਿਲਕਾ, 6 ਅਗਸਤ
ਜ਼ਿਲੇ ਅੰਦਰ ਸ਼ੁੱਧ ਤੇ ਹਰਿਆ-ਭਰਿਆ ਵਾਤਾਵਰਣ ਕਾਇਮ ਕਰਨ ਲਈ ਬੂਟਿਆਂ ਦੀ ਬਹੁਤ ਮਹੱਤਤਾ ਹੁੰਦੀ ਹੈ। ਇਸ ਕਰਕੇ ਜ਼ਿਲੇ ਦੇ ਹਰੇਕ ਬਲਾਕ ਵਿਖੇ ਇਕ-ਇਕ ਲੱਖ ਬੂਟਾ ਲਗਾਇਆ ਜਾਣਾ ਯਕੀਨੀ ਬਣਾਇਆ ਜਾਵੇ। ਇਨਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਸਮੂਹ ਬੀ.ਡੀ.ਓਜ਼ ਤੇ ਮਗਨਗੇਗਾ ਸਟਾਫ ਨਾਲ ਮੀਟਿੰਗ ਕਰਨ ਮੌਕੇ ਕੀਤਾ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਤਾਵਰਣ ਦੀ ਸ਼ੁਧਤਾ ਨੂੰ ਕਾਇਮ ਕਰਨ ਅਤੇ ਬਿਮਾਰੀਆਂ ਰਹਿਤ ਆਪਣਾ ਆਲਾ-ਦੁਆਲਾ ਸਿਰਜਣ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਨਾਂ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਬਲਾਕ ਦੀਆਂ ਸਾਂਝੀਆ ਥਾਵਾਂ, ਪੰਚਾਇਤਾਂ, ਸੱਥਾ, ਲੋਕਾਂ ਦੇ ਘਰਾਂ, ਪਿੰਡਾਂ ਨੂੰ ਜਾਂਦੀ ਸੜਕਾਂ ਵਿੱਚ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂ ਜੋ ਜ਼ਿਲੇ ਅੰਦਰ ਹਰਿਆਲੀ ਹੀ ਹਰਿਆਲੀ ਨਜ਼ਰ ਆਵੇ। ਉਨਾਂ ਕਿਹਾ ਕਿ ਬੂਟੇ ਲਗਾਉਣ ਨਾਲ ਡਿਊਟੀ ਖਤਮ ਨਹੀਂ ਹੁੰਦੀ ਬਲਕਿ ਉਨਾਂ ਦੀ ਸੰਭਾਲ ਵੀ ਜ਼ਰੂਰ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਮਗਨਰੇਗਾ ਸਟਾਫ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਨਰੇਗਾ ਦੇ ਬਕਾਇਆ ਪਏ ਕੰਮਾਂ ਨੂੰ ਵੀ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਇਸ ਤੋਂ ਇਲਾਵਾ ਜੋ ਕੰਮ ਸ਼ੁਰੂ ਨਹੀਂ ਹੋਏ ਉਸ ਨੂੰ ਜਲਦ ਸ਼ੁਰੂ ਕਰਵਾਇਆ ਜਾਵੇ। ਉਨਾਂ ਵਧੀਕ ਡਿਪਟੀ ਕਮਿਸ਼ਨਰ ਅਤੇ ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਵੀ ਕਿਹਾ ਕਿ ਉਹ ਵੀ ਆਪਣੇ ਪੱਧਰ ’ਤੇ ਸਟਾਫ ਨਾਲ ਇਕ-ਇਕ ਪਹਿਲੂ ’ਤੇ ਮੀਟਿੰਗ ਕਰਨ ਤੇ ਪਿੰਡਾਂ ਵਿੱਚ ਚੈਕਿੰਗ ਵੀ ਯਕੀਨੀ ਬਣਾਉਣ ਤਾਂ ਜੋ ਪਿੰਡਾਂ ਦੇ ਵਿਕਾਸ ਤੇ ਬੂਟੇ ਲਗਾਉਣ ਵਿਚ ਕੋਈ ਢਿੱਲ ਨਾ ਵਰਤੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਤੋਂ ਬਲਾਕਾਂ ਵਿਚ ਲਗਾਏ ਗਏ ਬੂਟਿਆਂ ਦਾ ਰਿਵਿਓ ਕਰਦਿਆਂ ਕਿਹਾ ਕਿ ਜਲਾਲਾਬਾਦ ਬਲਾਕ ਵਿਚ ਹੁਣ ਤੱਕ 68680, ਫ਼ਾਜ਼ਿਲਕਾ ਵਿਚ 20590, ਅਰਨੀਵਾਲਾ ਵਿਖੇ 22360, ਖੂਈਆਂ ਸਰਵਰ ਵਿਖੇ 7000 ਅਤੇ ਅਬੋਹਰ ਬਲਾਕ ਵਿਖੇ 23200 ਬੂਟਾ ਹੀ ਲਗਾਇਆ ਗਿਆ ਹੈ ਜੋ ਕਿ ਨਿਰਧਾਰਤ ਟੀਚੇ ਤੋਂ ਘੱਟ ਹੈ ਜਿਸ ਨੂੰ ਜਲਦ ਪੂਰਾ ਕੀਤਾ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਲ ਰਾਮ, ਐਸ.ਡੀ.ਐਮ. ਫ਼ਾਜ਼ਿਲਕਾ ਕੇਸ਼ਵ ਗੋਇਲ, ਐਸ.ਡੀ.ਐਮ. ਜਲਾਲਾਬਾਦ ਸੂਬਾ ਸਿੰਘ, ਸਹਾਇਕ ਕਮਿਸ਼ਨਰ ਕੰਵਰਜੀਤ ਸਿੰਘ, ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਸੁਖਪਾਲ ਸਿੰਘ, ਕਾਰਜ ਸਾਧਕ ਅਫਸਰ ਰਜਨੀਸ਼ ਕੁਮਾਰ ਆਦਿ ਹਾਜਰ ਸਨ।