ਸੰਜੀਵ ਸੂਦ
ਲੁਧਿਆਣਾ, 6 ਅਗਸਤ 2020 - ਅੱਜ ਤੋਂ ਪੰਜਾਬ ਦੇ ਮਨਿਸਟਰੀਅਲ ਮੁਲਾਜ਼ਮ 14 ਅਗਸਤ ਤੱਕ ਕਲਮ ਛੋੜ ਹੜਤਾਲ 'ਤੇ ਚਲੇ ਗਏ ਨੇ, ਲੁਧਿਆਣਾ ਦੇ ਡੀਸੀ ਦਫ਼ਤਰ ਦੇ ਵਿੱਚ ਵੀ ਕੰਮਕਾਜ ਪੂਰੀ ਤਰ੍ਹਾਂ ਠੱਪ ਹੈ। ਸਰਕਾਰੀ ਮੁਲਾਜ਼ਮਾਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਨੇ 14 ਅਗਸਤ ਤੱਕ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 16 ਅਗਸਤ ਤੋਂ ਉਹ ਸਰਕਾਰੀ ਦਫ਼ਤਰਾਂ ਵਿਚ ਜਿੰਦਾ ਜੜ੍ਹ ਦੇਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਬੀਤੇ ਦਿਨੀਂ ਉਹਨਾਂ ਨਾਲ ਜੋ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਕੀਤਾ ਸਗੋਂ ਉਨ੍ਹਾਂ ਦੀਆਂ ਤਨਖ਼ਾਹਾਂ 'ਚ ਹੋਰ ਕਟੌਤੀ ਕਰ ਦਿੱਤੀ। ਉਧਰ ਡੀ.ਸੀ ਦਫ਼ਤਰ ਦੇ ਕੰਮਕਾਜ ਬੰਦ ਹੋਣ ਕਰਕੇ ਆਮ ਲੋਕ ਵੀ ਪਰੇਸ਼ਾਨ ਹੋ ਰਹੇ ਨੇ।
ਲੁਧਿਆਣਾ ਡੀ.ਸੀ ਦਫ਼ਤਰ ਕੰਮ ਕਰਨ ਪਹੁੰਚੇ ਲੋਕਾਂ ਨੇ ਦੱਸਿਆ ਕਿ ਇਹ ਸਰਾਸਰ ਗਲਤ ਹੈ, ਉਹ ਲੰਮਾ ਸਫ਼ਰ ਤੈਅ ਕਰਨ ਤੋਂ ਬਾਅਦ ਆਪਣਾ ਕੰਮ ਕਰਵਾਉਣ ਲਈ ਇੱਥੇ ਪਹੁੰਚੇ, ਪਰ ਪਤਾ ਲੱਗਾ ਕਿ ਮੁਲਾਜ਼ਮ ਕਲਮ ਛੋੜ ਹੜਤਾਲ 'ਤੇ ਨੇ ਜਿਸ ਕਰਕੇ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਖਰਾਬ ਹੋਇਆ। ਜਦੋਂ ਕਿ ਡੀਸੀ ਦਫ਼ਤਰ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਬੀਤੇ ਦਿਨੀਂ ਨੋਟਿਸ ਜਾਰੀ ਕਰ ਦਿੱਤਾ ਸੀ ਪਰ ਫਿਰ ਨੋਟੀਫਿਕੇਸ਼ਨ ਦੇ ਉਲਟ ਹੀ ਸਾਡੀਆਂ ਤਨਖਾਹ ਚੋਂ ਕਟੌਤੀ ਕਰ ਦਿੱਤੀ। ਡੀ.ਏ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ, ਮੋਬਾਈਲ ਅਤੇ ਭੱਤਿਆਂ ਵਿਚ ਕਟੌਤੀ ਕਰ ਦਿੱਤੀ। 14 ਅਗਸਤ ਤੱਕ ਉਹਨਾਂ ਨੇ ਕਿਹਾ ਕਿ ਕਲਮਛੋੜ ਹੜਤਾਲ ਹੈ ਜਿਸ ਤੋਂ ਬਾਅਦ 16 ਅਗਸਤ ਨੂੰ ਉਹ ਇਨ੍ਹਾਂ ਸਰਕਾਰੀ ਦਫ਼ਤਰਾਂ 'ਤੇ ਤਾਲੇ ਜੜ ਦੇਣਗੇ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਗੌਰ ਨਹੀਂ ਕੀਤੀ ਗਈ।