ਅਸ਼ੋਕ ਵਰਮਾ
ਬਠਿੰਡਾ, 5 ਅਗਸਤ 2020 - ਕੇਂਦਰੀ ਜੇਲ੍ਹ੍ਹ ਬਠਿੰਡਾ ‘ਚ ਕੈਦੀ ਹੁਣ ਮੋਬਾਈਲ ਫੋਨ ਰੱਖਣ ਤੋਂ ਨਹੀਂ ਡਰਦੇ ਕਿਉਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਤੱਕ ਕਿਸੇ ਵੀ ਕੈਦੀ ‘ਤੇ ਕੇਸ ਦਰਜ ਕਰਾਉਣ ਤੋਂ ਇਲਾਵਾ ਹੋਰ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਬਠਿੰਡਾ ਪੁਲਿਸ ਦੇ ਤੱਥ ਗਵਾਹ ਹਨ ਕਿ ਇਸ ਕੇਂਦਰੀ ਜੇਲ੍ਹ ਅੰਦਰ ਬੰਦ ਕੈਦੀਆਂ ਨੂੰ ਕਾਨੂੰਨ ਦੀ ਕੋਈ ਪ੍ਰਵਾਹ ਨਹੀਂ ਹੈ ਜਿਸ ਕਰਕੇ ਜੇਲ੍ਹ ਚੋਂ ਅਕਸਰ ਮੋਬਇਲ ਫੋਨ ਬਰਾਮਦ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਜੇਲ੍ਹ ਪ੍ਰਸ਼ਾਸਨ ਪਿਛਲੇ 7 ਮਹੀਨਿਆਂ ਦੌਰਾਨ 100 ਤੋਂ ਵੱਧ ਮੋਬਾਇਲ ਫੜ ਚੁੱਕਾ ਹੈ। ਅੱਧੀ ਦਰਜਨ ਦੇ ਕਰੀਬ ਮਾਮਲੇ ਜੇਲ੍ਹ ਮੈਨੂਅਲ ਦੀ ਉਲੰਘਣਾ ਕਰਨ ਨਾਲ ਸਬੰਧਤ ਅਜਿਹੇ ਦਰਜ ਹੋਏ ਹਨ ਜਿੰਨਾਂ ਦਾ ਸਿੱਧੇ ਤੌਰ 'ਤੇ ਖਤਰਨਾਕ ਗੈਂਗਸਟਰਾਂ ਨਾਲ ਹੈ।
ਬਠਿੰਡਾ ਜੇਲ੍ਹ ’ਚ ਤਾਂ ਗੈਂਗਸਟਰ ਰਾਹੁਲ ਸੂਦ ਅਤੇ ਉਸਦੇ ਤਿੰਨ ਸਾਥੀਆਂ ਤੋਂ ਜਨਵਰੀ ਵਿੱਚ ਚਾਰ ਮੋਬਾਇਲ ਬਰਾਮਦ ਹੋਏ ਸਨ। ਇਸੇ ਤਰਾਂ ਹੀ ਗੁਲਾਬਗੜ ਮੁਕਾਬਲੇ ਦੌਰਾਨ ਕਾਬੂ ਹਰਵਿੰਦਰ ਸਿੰਘ ਉਰਫ ਬਿੰਦਾ ਤੋਂ ਇੱਕ ਮੋਬਾਈਲ ’ਚ ਜਨਵਰੀ ਵਿਚ ਫੜਿਆ ਗਿਆ ਸੀ ਜਦੋਂਕਿ ਦੋ ਬਾਅਦ ’ਚ ਬਰਾਮਦ ਕੀਤੇ ਗਏ ਹਨ। ਇਸੇ ਤਰ੍ਹਾਂ ਹੀ ਗੈਂਗਸਟਰ ਹਨੀ ਅਤੇ ਉਸ ਦੇ ਦੋ ਹੋਰ ਸਾਥੀਆਂ ਤੋਂ ਵੀ ਦੋ ਮੋਬਾਇਲ ਫੋਨ ਲਏ ਸਨ। ਰੌਚਕ ਤੱਥ ਹੈ ਕਿ ਬਠਿੰਡਾ ਜੇਲ੍ਹ ’ਚ ਤਾਂ ਸੀਆਰਪੀ ਦਾ ਪਹਿਰਾ ਲਾਇਆ ਹੋਇਆ ਹੈ। ਇਸ ਦੇ ਬਾਵਜੂਦ ਵੀ ਮੋਬਾਇਲ ਮਿਲਣਾ ਕਈ ਤਰਾਂ ਦੇ ਸਵਾਲ ਖੜੇ ਕਰਦਾ ਹੈ। ਕੁੱਝ ਸਮਾਂ ਪਹਿਲਾਂ ਜੇਲ ਵਿਭਾਗ ਵੱਲੋਂ ਜੇਲਾਂ ਵਿੱਚ 4 ਜੀ ਜੈਮਰ ਲਾਏ ਜਾਣ ਦੀ ਯੋਜਨਾ ਸੀ ਪਰ ਇਹ ਵੀ ਸਿਰੇ ਨਹੀਂ ਚੜ ਸਕੀ ਹੈ ।
ਜੇਲ੍ਹ ਪ੍ਰਸ਼ਾਸਨ ਦੀ ਵੀ ਇਸ ਵਿੱਚ ਕਥਿਤ ਮਿਲੀਭੁਗਤ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿਉਂਕਿ ਜਦੋਂ ਕਿਸੇ ਹਵਾਲਾਤੀ ਜਾਂ ਕੈਦੀ ਤੋਂ ਮੋਬਾਈਲ ਫੋਨ ਫੜਿਆ ਜਾਂਦਾ ਹੈ ਤਾਂ ਜੇਲ ਪ੍ਰਸ਼ਾਸਨ ਕਾਰਵਾਈ ਲਈ ਜ਼ਿਲ੍ਹਾ ਪੁਲਿਸ ਨੂੰ ਪੱਤਰ ਲਿਖ ਕੇ ਆਪਣਾ ਪੱਲਾ ਝਾੜ ਲੈਂਦਾ ਹੈ। ਪੁਲੀਸ ਕੇਸ ਦਰਜ ਕਰਦੀ ਹੈ ਪਰ ਅੱਗਿਓਂ ਉਸ ਵੱਲੋਂ ਇਨ੍ਹਾਂ ਮਾਮਲਿਆਂ ਨੂੰ ਸੰਜੀਦਗੀ ਨਾਲ ਨਹੀਂ ਲਿਆ ਜਾਂਦਾ ਹੈ। ਸੂਤਰ ਦੱਸਦੇ ਹਨ ਕਿ ਅਦਾਲਤ ‘ਚ ਤਾਰੀਖ਼ ਭੁਗਤਣ ਗਏ ਹਵਾਲਤੀ ਛੁਪਾਕੇ ਮੋਬਾਈਲ ਫੋਨ ਆਪਣੇ ਨਾਲ ਲੈ ਆਉਂਦੇ ਹਨ। ਇੰਜ ਹੀ ਕੈਦੀਆਂ ਵੱਲੋਂ ਛੁੱਟੀ ਕੱਟਣ ਮਗਰੋਂ ਜੇਲ੍ਹ ‘ਚ ਮੋਬਾਈਲ ਲਿਆਦਾ ਜਾਣਾ ਆਮ ਜਿਹਾ ਹੀ ਹੈ। ਹਾਲਾਂਕਿ ਪੰਜਾਬ ‘ਚ ਸਭ ਤੋਂ ਜ਼ਿਆਦਾ ਮੋਬਾਈਲ ਫੋਨ ਕੇਂਦਰੀ ਜੇਲ੍ਹ ਪਟਿਆਲਾ ਤੇ ਲੁਧਿਆਣਾ ਵਿੱਚੋਂ ਫੜੇ ਗਏ ਹਨ ਪਰ ਹੁਣ ਬਠਿੰਡਾ ਜੇਲ੍ਹ ਵੀ ਕਿਸੇ ਗੱਲੋਂ ਘੱਟ ਨਹੀਂ ਰਹਿ ਗਈ ਹੈ ।
ਸੂਤਰਾਂ ਮੁਤਾਬਕ ਇਸ ਜੇਲ੍ਹ ’ਚ ਏ ਕੈਟਾਗਰੀ ਦੇ ਕਈ ਗੈਂਗਸਟਰ ਬੰਦ ਹਨ ਜਿੰਨਾਂ ਵੱਲੋਂ ਫੇਸਬੁੱਕ ਦੀ ਵਰਤੋਂ ਦੇ ਚਰਚੇ ਚੱਲਦੇ ਰਹਿੰਦੇ ਹਨ। ਜੇਲ੍ਹ ਸੁਪਰਡੈਂਟ ਵੱਲੋਂ ਹਰ ਮੋਬਾਈਲ ਫੋਨ ਫੜੇ ਜਾਣ ਮਗਰੋਂ ਜ਼ਿਲਾ ਪੁਲਿਸ ਕਪਤਾਨ ਨੂੰ ਪੱਤਰ ਲਿਖਿਆ ਗਿਆ ਹੈ ਪਰ ਪੁਲਿਸ ਨੇ ਕਿਸੇ ਵੀ ਕੇਸ ‘ਚ ਕਾਰਵਾਈ ਨਹੀਂ ਕੀਤੀ ਹੈ। ਸੂਤਰਾਂ ਮੁਤਾਬਕ ਅਪਰਾਧੀ ਜੇਲ੍ਹਾਂ ‘ਚੋਂ ਮੋਬਾਈਲ ਫੋਨ ਜ਼ਰੀਏ ਆਪਣਾ ਆਰਥਿਕ ਤਾਣਾ ਬਾਣਾ ਬਰਕਰਾਰ ਰੱਖਦੇ ਹਨ ਜੇਲ੍ਹ ਵਿਭਾਗ ਵੱਲੋਂ ਜੇਲ੍ਹਾਂ ਵਿੱਚ ਪੀ.ਸੀ.ਓ. ਵੀ ਖੋਲ੍ਹੇ ਗਏ ਸਨ ਪਰ ਮੋਬਾਈਲ ਦਾ ਵਰਤਾਰਾ ਫਿਰ ਵੀ ਨਹੀਂ ਰੁਕਿਆ ਹੈ । ਹਵਾਲਾਤੀ ਤੇ ਕੈਦੀਆਂ ਦੀ ਪਹਿਲੀ ਪਸੰਦ ਸੈਮਸੰਗ ਕੰਪਨੀ ਹੈ ਕਿਉਂਕਿ ਇਸ ਕੰਪਨੀ ਦੇ ਮੋਬਾਈਲ ਫੋਨ ਜਅਿਾਦਾ ਬਰਾਮਦ ਹੋਏ ਹਨ। ਆਫ ਦਾ ਰਿਕਾਰਡ ਮੁਲਾਜਮ ਵੀ ਮੰਨਦੇ ਹਨ ਕਿ ਸਖ਼ਤ ਕਾਨੂੰਨਾਂ ਦੀ ਕਮੀ ਅਤੇ ਜੇਲ ਪ੍ਰਸ਼ਾਸਨ ਦੀ ਕਥਿਤ ‘ਮਿਹਰ’ ਵਜੋਂ ਹਵਾਲਾਤੀ ਅਤੇ ਕੈਦੀ ਬਿਨਾਂ ਰੋਕ ਟੋਕ ਮੋਬਾਈਲ ਵਰਤਦੇ ਹਨ।
ਬਕਾਇਦਾ ਸਜ਼ਾ ਦੀ ਵਿਵਸਥਾ
ਫ਼ੌਜਦਾਰੀ ਕੇਸਾਂ ਦੇ ਮਾਹਿਰ ਐਡਵੋਕੇਟ ਰਣਜੀਤ ਸਿੰਘ ਜਲਾਲ ਦਾ ਕਹਿਣਾ ਹੈ ਕਿ ਜੇਲ੍ਹਾਂ ਵਿੱਚ ਵਰਜਿਤ ਵਸਤਾਂ ਫੜੇ ਜਾਣ ਦੀ ਸੂਰਤ ਵਿੱਚ ਜੇਲ ਮੈਨੂਅਲ ਵਿੱਚ ਬਾਕਾਇਦਾ ਸਜ਼ਾ ਦੀ ਵਿਵਸਥਾ ਹੈ ।ਉਨਾਂ ਆਖਿਆ ਕਿ ਜੇਲ੍ਹ ਪ੍ਰਸ਼ਾਸਨ ਜੇਲ੍ਹ ਮੈਨੂਅਲ ਅਨੁਸਾਰ ਕਾਰਵਾਈ ਕਰਨ ਦੀ ਥਾਂ ਪੁਲੀਸ ਨੂੰ ਪੱਤਰ ਲਿਖ ਕੇ ਪੱਲਾ ਝਾੜ ਲੈਂਦਾ ਹੈ ਜਦੋਂਕਿ ਉਸ ਨੂੰ ਢੁੱਕਵੀਂ ਕਾਰਵਾਈ ਕਰਨੀ ਚਾਹੀਦੀ ਹੈ।
ਹੁਣ ਕਿਸੇ ਨੂੰ ਨਹੀਂ ਬਖਸ਼ਾਂਗੇ:ਐਸਐਸਪੀ
ਸੀਨਂਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਅਸਲ ’ਚ ਜੇਲ੍ਹ ਦੇ ਅੰਦਰੋਂ ਮੋਬਾਇਲ ਮਿਲਣ ਦਾ ਕਾਰਨ ਪੁਲਿਸ ਵੱਲੋਂ ਸਹੀ ਢੰਗ ਨਾਲ ਕਾਰਵਾਈ ਕਰਨਾ ਹੈ। ਉਨ੍ਹਾਂ ਆਖਿਆ ਕਿ ਅਕਸਰ ਮੋਬਾਇਲ ਅੰਦਰ ਜਾਂਦੇ ਹਨ ਤਾਂ ਹੀ ਬਰਾਮਦ ਹੁੰਦੇ ਹਨ। ਉਨ੍ਹਾਂ ਮੰਨਿਆ ਕਿ ਇਸ ਕੰਮ ’ਚ ਜੇਲ੍ਹ ਸਟਾਫ ਦੀ ਕਥਿਤ ਮਿਲੀਭੁਗਤ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਉਹ ਪੰਜ ਸਾਲ ਜੇਲ੍ਹ ਵਿਭਾਗ ’ਚ ਰਹਿ ਚੁੱਕੇ ਹਨ ਜਿਸ ਕਰਕੇ ਉਨ੍ਹਾਂ ਨੂੰ ਕਾਫੀ ਕੁੱਝ ਜਾਣਕਾਰੀ ਹੈ। ਉਨ੍ਹਾਂ ਆਖਿਆ ਕਿ ਉਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਵਿੱਖ ’ਚ ਹਰ ਮਾਮਲੇ ਦੀ ਬਕਾਇਦਾ ਜਾਂਚ ਕੀਤੀ ਜਾਏਗੀ ਤੇ ਜਿਸ ’ਚ ਸਟਾਫ ਦਾ ਹੱਥ ਪਾਇਆ ਗਿਆ ਤਾਂ ਉਸ ਨੂੰ ਵੀ ਨਹੀਂ ਬਖਸ਼ਿਆ ਜਾਏਗਾ।