ਜੀ ਐਸ ਪੰਨੂ
- ਮੁੱਖ ਮੰਤਰੀ ਤੇ ਪਟਿਆਲਾ ਦੀ ਮੈਂਬਰ ਪਾਰਲੀਮੈਂਟ ਹੋਈ ਬੇਅਦਬੀ ਤੇ ਚੁੱਪ ਕਿਉਂ? ਸੁਖਬੀਰ
ਪਟਿਆਲਾ, 7 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹੇ ਦੇ ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸਪੁਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚੋਰੀ ਹੋਇਆ ਸਰੂਪ ਲੱਭਣ ਵਿਚ ਪੁਲਿਸ ਦੀ ਨਾਕਾਮੀ ਖਿਲਾਫ ਇਥੇ ਜ਼ਿਲਾ ਪੁਲਿਸ ਮੁੁੱਖੀ ਦੇ ਦਫ਼ਤਰ ਅੱਗੇ ਧਰਨੇ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਇਸ ਮਾਮਲੇ 'ਤੇ ਚੁੱਪੀ ਧਾਰਨ ਲਈ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੇ ਪਟਿਆਲਾ ਦੇ ਐਮ. ਪੀ. ਪ੍ਰਨੀਤ ਕੌਰ ਦੀ ਨਿਖੇਧੀ ਕੀਤੀ।
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕਰਨ ਉਪਰੰਤ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਨ੍ਹਾਂ ਨੂੰ ਲੰਬੇ ਹੱਥੀਂ ਲਿਆ, ਜਿਨ੍ਹਾਂ ਨੇ ਬੇਅਦਬੀ ਮਾਮਲੇ 'ਤੇ ਰਾਜਨੀਤੀ ਕੀਤੀ ਅਤੇ ਪੁੱਛਿਆ ਕਿ ਇਹ ਜਥੇਬੰਦੀਆਂ ਹੁਣ ਚੁੱਪ ਕਿਉਂ ਹਨ।
ਉਨ੍ਹਾਂ ਕਿਹਾ ਕਿ ਜਿਹੜੀਆਂ ਜਥੇਬੰਦੀਆਂ ਕਾਂਗਰਸ ਨੇ ਖੜੀਆਂ ਕੀਤੀਆਂ ਸਨ, ਉਹ ਲਾਕਡਾਊਨ ਦੌਰਾਨ ਭੱਜ ਗਈਆਂ ਅਤੇ ਮੁਸੀਬਤਾਂ ਵਿਚ ਫ਼ਸੇ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਅੱਗੇ ਆਈ। ਉਨ੍ਹਾਂ ਕਿਹਾ ਕਿ ਪਹਿਲੇ ਵਿਸ਼ਵ ਯੁੱਧ ਸਮੇਂ ਲਿਆਂਦੇ ਗਏ ਗੁਰੂ ਗ੍ੰਥ ਸਾਹਿਬ ਜੀ ਦੇ ਸਰੂਪ ਦੇ ਲਾਪਤਾ ਹੋਣ ਤੋਂ ਬਾਅਦ 15 ਦਿਨ ਲੰਘਣ 'ਤੇ ਵੀ ਇਹ ਜਥੇਬੰਦੀਆਂ ਅਜੇ ਵੀ ਚੁੱਪ ਹਨ।
ਬਾਦਲ ਨੇ ਸਪਸ਼ਟ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ 'ਤੇ ਕਦੇ ਵੀ ਰਾਜਨੀਤੀ ਨਹੀਂ ਕਰੇਗਾ ਅਤੇ ਧਰਨੇ ਵਿੱਚ ਕਿਸੇ ਹੋਰ ਮਾਮਲੇ 'ਤੇ ਬੋਲਣ ਤੋਂ ਵੀ ਨਾਹ ਕਰ ਦਿੱਤੀ।
ਸੁਖਬੀਰ ਨੇ ਕਿਹਾ ਕਿ ਅਸੀਂ ਇਥੇ ਸਿਰਫ ਇਸ ਕਰਕੇ ਆਏ ਹਾਂ ਕਿਉਂਕਿ ਜ਼ਿਲ੍ਹੇ ਦੀ ਪੁਲਿਸ ਆਪਣੀ ਡਿਊਟੀ ਕਰਨ ਵਿਚ ਫੇਲ ਹੋ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਵਲੋਂ 18 ਅਗਸਤ ਤੱਕ ਐਸ. ਐਸ. ਪੀ. ਦਫ਼ਤਰ ਅੱਗੇ ਧਰਨਾ ਲਗਾਤਾਰ ਜਾਰੀ ਰੱਖਿਆ ਜਾਵੇਗਾ, ਜਿਸ ਵਿਚ ਇਹ ਸਰੂਪ ਬਰਾਮਦ ਕਰਨ ਅਤੇ ਇਸ ਘਿਨਾਉਣੇ ਅਪਰਾਧ ਵਿਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾਵੇਗੀ ਇਸ ਸ਼ਾਂਤਮਈ ਧਰਨੇ ਵਿਚ ਸਿਰਫ 51 ਵਿਅਕਤੀ ਹੀ ਭਾਗ ਦੋ ਘੰਟੇ ਧਰਨਾ ਲਾਇਆ ਕਰਨਗੇ ਤੇ ਫੇਰ 18 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ ਅਤੇ ਜੇਕਰ ਉਦੋਂ ਤੱਕ ਪੁਲਿਸ ਸਰੂਪ ਬਰਾਮਦ ਨਾ ਕਰ ਸਕੀ ਤੇ ਦੋਸ਼ੀਆਂ ਨੂੰ ਨਾ ਫੜ ਸਕੀ ਤਾਂ ਫਿਰ ਕੋਰ ਕਮੇਟੀ ਦੀ ਮੀਟਿੰਗ ਵਿਚ ਅਗਲੇ ਸੰਘਰਸ਼ ਦੀ ਰੂਪ ਰੇਖਾ ਤੈਅ ਕੀਤੀ ਜਾਵੇਗੀ।
ਬਾਦਲ ਨੇ ਕਿਹਾ ਕਿ ਪੰਥ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਹਮੇਸ਼ਾ ਪੂਰਾ ਵਿਸ਼ਵਾਸ਼ ਪ੍ਰਗਟ ਕੀਤਾ ਹੈ ਅਤੇ ਭਰੋਸਾ ਦਵਾਇਆ ਕਿ ਦੋਵੇਂ ਜਥੇਬੰਦੀਆਂ ਹਮੇਸ਼ਾ ਪੰਥਕ ਸਿਧਾਂਤਾਂ 'ਤੇ ਡਟ ਕੇ ਪਹਿਰਾ ਦੇਣਗੀਆਂ, ਸ਼੍ਰੋਮਣੀ ਅਕਾਲੀ ਦਲ ਸੇਵਾ ਵਿਚ ਵਿਸ਼ਵਾਸ਼ ਰੱਖਦਾ ਹੈ ਅਤੇ ਇਸ ਨੇ ਹਮੇਸ਼ਾ ਆਪਣੇ ਵਾਅਦੇ ਪੂਰੇ ਕੀਤੇ ਹਨ, ਅਸੀਂ ਕਦੇ ਵੀ ਕੈ. ਅਮਰਿੰਦਰ ਸਿੰਘ ਵਾਂਗ ਝੂਠੀ ਸਹੁੰ ਨਹੀਂ ਖਾਧੀ ਜਦੋਂ ਕਿ ਕੈਪਟਨ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟਾਂ ਪਾਉਣ ਲਈ ਭਰਮਾਉਣ ਵਾਸਤੇ ਸਿੱਖ ਕੌਮ ਨੂੰ ਗੁੰਮਰਾਹ ਕੀਤਾ ਅਤੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕੀ।
ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਕਿਵੇਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਦਾ ਮੋਬਾਇਲ ਗੁੰਮ ਹੋ ਜਾਣ 'ਤੇ ਪਟਿਆਲਾ ਪੁਲਿਸ ਤੁਰੰਤ ਹਰਕਤ ਵਿਚ ਆ ਗਈ ਸੀ ਤੇ 24 ਘੰਟਿਆਂ ਵਿਚ ਹੀ ਮੋਬਾਇਲ ਫੋਨ ਲੱਭ ਲਿਆ ਸੀ ਪਰ ਕਈ ਦਿਨ ਬੀਤਣ ਦੇ ਬਾਵਜੂਦ ਵੀ ਗੁਆਚੇ ਸਰੂਪ ਲੱਭਣ ਲਈ ਕੋਈ ਕਾਰਵਾਈ ਨਹੀਂ ਕੀਤੀ। ਚੰਦੂਮਾਜਰਾ ਨੇ ਕਿਹਾ ਕਿ ਇਹ ਓਹੀ ਗੁਟਕਾ ਹੈ ਜਿਸ ਨੂੰ ਹੱਥ ਵਿਚ ਫੜ ਕੇ ਸੋਅ ਚੁੱਕੀ ਗਈ ਸੀ।ਬਰਗਾੜੀ ਕਾਂਡ ਵੀ ਇਕ ਕਾਂਡ ਸੀ । ਮਾਂਹਰਾਜ਼ ਦੀ ਬੇਅਬਦੀ ਮਹਿਲਾ ਦੇ ਸਾਹਮਣੇ ਹੋਈ ਹੋਵੇ ਤੇ ਹਫਤੇ ਹੀ ਨਿਕਲ ਗਏ ਹੋਣ ਮਹਿਲ ਤੋਂ ਇਕ ਸ਼ਬਦ ਵੀ ਨਾ ਬੋਲਿਆ ਗਿਆ ਹੋਵੇ । ਉਨ੍ਹਾਂ ਕਿਹਾ ਕਿ ਅਕਾਲੀ ਦਲ ਚੁੱਪ ਕਰਕੇ ਨਹੀਂ ਬੇਠੈਗਾ ।
ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਗੁਰੂ ਪੰਥ ਅਤੇ ਗੁਰੂ ਗ੍ੰਥ ਦੇ ਸਨਮਾਨ ਲਈ ਸੰਘਰਸ਼ ਕਰੇਗਾ ਅਤੇ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਹ ਘਟਨਾ ਮੁੱਖ ਮੰਤਰੀ ਦੇ ਜੱਦੀ ਜ਼ਿਲੇ ਵਿਚ ਵਾਪਰੀ ਹੈ ਅਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸ ਉਪਰੰਤ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੇ ਵਫਦ ਨੇ ਐਸ. ਐਸ. ਪੀ. ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਿੱਖ ਸੰਗਤ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਪਵਿੱਤਰ ਸਰੂਪ ਬਰਾਮਦ ਕਰਨ ਅਤੇ ਮਨੁੱਖਤਾ ਖਿਲਾਫ ਇਸ ਅਪਰਾਧ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਤੁਰੰਤ ਕਾਰਵਾਈ ਕਰਨ ਲਈ ਕਿਹਾ।