ਅਸ਼ੋਕ ਵਰਮਾ
ਮਾਨਸਾ, 7 ਅਗਸਤ 2020 - ਕੋਰੋਨੇ ਦੇ ਔਖੇ ਸਮੇਂ ਦੌਰਾਨ ਪੰਜਾਬ ਭਰ ਦੇ ਅਧਿਆਪਕਾਂ ਨੇ ਘਰ ਬੈਠੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਸੰਕਲਪ ਨੂੰ ਪੂਰਾ ਕਰਨ ਲਈ ਹਾਈਟੈੱਕ ਤਕਨੀਕਾਂ ਦੇ ਹਾਣੀ ਬਣਕੇ ਆਨਲਾਈਨ ਸਿੱਖਿਆ ਦੇਣ ਚ ਵੱਡੀ ਭੂਮਿਕਾ ਨਿਭਾਈ ਹੈ,ਜਿਸ ਵਿੱਚ ਮਹਿਲਾ ਅਧਿਆਪਕਾਂ ਵੱਲ੍ਹੋਂ ਵੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਸਿੱਖਿਆ ਵਿਭਾਗ ਨੇ ਵੀ ਅਧਿਆਪਕਾਂ ਨੂੰ ਹਾਈਟੈੱਕ ਤਕਨੀਕਾਂ ਦੀ ਨਾਲੋ ਨਾਲ ਟਰੇਨਿੰਗ ਦੇ ਕੇ ਆਨਲਾਈਨ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਦੇਸ਼ ਦਾ ਨੰਬਰ ਵਨ ਸੂਬਾ ਬਣਾਉਣ ਚ ਕੋਈ ਕਸਰ ਨਹੀਂ ਰਹਿਣ ਦਿੱਤੀ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਕੋਰੋਨਾ ਦੇ ਔਖੇ ਸਮੇਂ ਦੌਰਾਨ ਨਵੇਂ ਸ਼ੈਸਨ ਦੇ ਪਹਿਲੇ ਦਿਨ ਤੋਂ ਹੀ ਆਨਲਾਈਨ ਸਿੱਖਿਆ ਦਾ ਮੁੱਢ ਬੰਨ ਦਿੱਤਾ ਸੀ,ਹਾਲਾਕਿ ਸਰਕਾਰੀ ਸਕੂਲ ਸਿੱਖਿਆ ਵਿਰੋਧੀ ਇੱਕ ਲਾਬੀ ਨੇ ਬਥੇਰਾ ਰੌਲਾ ਪਾਇਆ ਕਿ ਲੋਕਾਂ ਨੂੰ ਜਾਨ ਦੀ ਪਈ ਏ, ਸਿੱਖਿਆ ਸਕੱਤਰ ਨੂੰ ਪੜ੍ਹਾਉਣ ਦੀ ਪਈ ਹੈ, ਪਰ ਸਿੱਖਿਆ ਵਿਭਾਗ ਦੀ ਕਮਾਲ ਦੀ ਯੋਜਨਾਬੰਦੀ ਅਤੇ ਅਧਿਆਪਕਾਂ ਦੀ ਮਿਹਨਤ ਨੇ ਨਾ ਸਿਰਫ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਰੋਨਾ ਵਾਇਰਸ ਤੋਂ ਜਾਗਰੂਕ ਕੀਤਾ, ਸਗੋਂ ਆਨਲਾਈਨ ਸਿੱਖਿਆ ਦੀ ਸਫਲਤਾ ਲਈ ਹਾਈਟੈੱਕ ਦੀ ਹਰ ਸਾਹੂਲਤ ਦੇ ਅਧਿਆਪਕਾਂ ਨੂੰ ਕਾਬਲ ਬਣਾ ਦਿੱਤਾ, ਮੋਬਾਈਲ ਵਟਸਐਪ, ਯੂ ਟਿਊਬ ਚੈੱਨਲ, ਰੇਡੀਓ, ਦੂਰਦਰਸ਼ਨ, ਐਜੂਕੇਅਰ ਐੱਪ,ਯੂ ਟਿਊਬ ਚੈੱਨਲ ਅਤੇ ਹੋਰ ਅਨੇਕਾਂ ਸਾਧਨਾਂ ਦੀ ਵਰਤੋਂ ਕਰਦਿਆਂ ਨਾ ਸਿਰਫ ਆਨਲਾਈਨ ਪੜ੍ਹਾਈ ਚ ਸਫਲਤਾ ਹਾਸਲ ਕੀਤੀ, ਸਗੋਂ ਇਹ ਕਾਰਗੁਜ਼ਾਰੀ ਲਈ ਆਨਲਾਈਨ ਪੇਪਰ ਅਤੇ ਅਨੇਕਾਂ ਕੁਇਜ਼ ਮੁਕਾਬਲੇ ਕਰਵਾਏ ਅਤੇ ਹੁਣ ਦੇਸ਼ ਭਰ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ ਦੀਆਂ ਅਗੇਤੀਆਂ ਤਿਆਰੀਆਂ ਲਈ ਪੰਜਾਬ ਅਚੀਵਮੈਂਟ ਸਰਵੇ ਦੀ ਸ਼ੁਰੂਆਤ ਕੀਤੀ ਗਈ, ਜਿਸ ਦੇ ਸਾਰਥਿਕ ਸਿੱਟੇ ਸਾਹਮਣੇ ਆਉਣਗੇ।
ਬੇਸ਼ੱਕ ਵਰਤਮਾਨ ਸਮੇਂ ਦੌਰਾਨ ਹਰ ਅਧਿਆਪਕ ਨਵੀਂ ਤਕਨੀਕ ਦਾ ਹਾਣੀ ਬਣ ਆਨਲਾਈਨ ਸਿੱਖਿਆ ਦੇ ਨਵੇਂ ਨਵੇਂ ਤਰਜਬੇ ਕਰ ਰਿਹਾ ਹੈ,ਪਰ ਅਨੇਕਾਂ ਅਧਿਆਪਕਾਂ ਨੇ ਅਪਣੀ ਕਾਬਲੀਅਤ ਅਤੇ ਬੱਚਿਆਂ ਪ੍ਰਤੀ ਸਮਰਪਿਤ ਭਾਵਨਾ ਕਰਕੇ ਸ਼ੈਸਨ ਦੇ ਮੁੱਢ ਵਿੱਚ ਹੀ ਨਵੀਆਂ ਨਿਵੇਕਲੀਆਂ ਪੈੜ੍ਹਾਂ ਪਾਕੇ ਆਨਲਾਈਨ ਸਿੱਖਿਆ ਦਾ ਮੁੱਢ ਬੰਨ ਦਿੱਤਾ ਸੀ,ਜੋ ਬਾਅਦ ਵਿੱਚ ਵੱਡੀ ਲਹਿਰ ਬਣਕੇ ਬੱਚਿਆਂ ਲਈ ਵਰਦਾਨ ਬਣੀ।
ਬਰਨਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਾਬਾ ਆਲਾ ਸਿੰਘ ਨਗਰ ਬਰਨਾਲਾ ਦੀ ਈ ਟੀ ਟੀ ਅਧਿਆਪਕਾ ਰੁਪਿੰਦਰਜੀਤ ਕੌਰ ਨੇ ਬੱਚਿਆਂ ਲਈ ਘਰ ਦਾ ਕੰਮ ਗਰੁੱਪ ਚ ਪਾਉਣ ਦੇ ਨਾਲ ਉਸਦੀਆਂ ਰੋਚਕ ਵੀਡੀਓਜ਼ ਬਣਾਕੇ ਭੇਜਣ ਦਾ ਮੁੱਢ ਨਵੇਂ ਸ਼ੈਸਨ ਦੇ ਤੀਜੇ ਦਿਨ ਹੀ ਬੰਨ ਦਿੱਤਾ ਸੀ, ਰੁਪਿੰਦਰ ਅਧਿਆਪਕਾਂ ਦੇ ਹੱਕਾਂ ਲਈ ਵੀ ਜੂਝਦੀ ਰਹੀ ਹੈ,ਹੁਣ ਬੱਚਿਆਂ ਨੂੰ ਔਖੇ ਸਮੇਂ ਸਿੱਖਿਆ ਦੇਣ ਦੇ ਹਰ ਚੈਲਿੰਜ ਨੂੰ ਕਬੂਲ ਕਰਕੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਕੋਈ ਕਸਰ ਰਹਿਣ ਨਹੀਂ ਦੇਣਾ ਚਾਹੁੰਦੀ। ਉਹ ਸਵੇਰ ਦੀ ਸਲਾਈਡ ਤੋਂ ਲੈਕੇ ਹਰ ਵਿਸ਼ੇ ਦੀਆਂ ਵੀਡੀਓਜ਼ ਅਤੇ ਹੁਣ ਨਾਲ ਨਾਲ ਤਾਜ਼ਾ ਕਾਰਟੂਨ ਪੈਟਰਨ ਤੇ ਦਿਲਚਸਪ ਸਮੱਗਰੀ ਬੱਚਿਆਂ ਨੂੰ ਮਹੱਈਆਂ ਕਰਵਾ ਰਹੀ ਹੈ।ਉਹ ਹਰ ਤਿਥ ਤਿਉਹਾਰ ਨੂੰ ਵੀ ਬੱਚਿਆਂ ਨਾਲ ਆਨਲਾਈਨ ਸਿਸਟਮ
ਰਾਹੀਂ ਮਨਾਕੇ ਬੱਚਿਆਂ ਨਾਲ ਪਰਿਵਾਰਕ ਸਾਂਝਾਂ ਦੀ ਪ੍ਰੀਤ ਪਾ ਰਹੀ ਹੈ।
ਰੰਗਮੰਚ ਦੇ ਖੇਤਰ ਵਿੱਚ ਰੰਗ ਹਰਜਿੰਦਰ ਪੰਜਾਬੀ ਮਾਸਟਰ ਸੈਕੰਡਰੀ ਸਕੂਲ ਕੋਟ ਸੁਖੀਆ ਨੇ ਨਵੇਂ ਤਜਰਬੇ ਕਰਕੇ ਰੰਗਮੰਚ ਅਤੇ ਸਿੱਖਿਆ ਵਿਭਾਗ ਪ੍ਰਤੀ ਅਪਣੀ ਸਮਰਪਿਤ ਭਾਵਨਾ ਨੂੰ ਪ੍ਰਗਟ ਕੀਤਾ ਹੈ,ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੋਰਨਾਂ ਅਨੇਕਾਂ ਤਜਰਬਿਆਂ ਤੋਂ ਇਲਾਵਾ ਇਕਾਂਗੀ ਨੂੰ ਦੂਰਦਰਸ਼ਨ ਤੋਂ ਸਧਾਰਨ ਰੂਪ ਵਿੱਚ ਪੜ੍ਹਨ ਦੀ ਥਾਂ ਵਿਦਿਆਰਥੀਆਂ ਰਾਹੀਂ ਇਸ ਨੂੰ ਨਾਟਕ ਦੇ ਰੂਪ ਵਿੱਚ ਖੇਡਿਆ ਗਿਆ, ਉਸ ਤੋਂ ਵੀ ਔਖਾ ਕਾਰਜ ਪਹਿਲੀ ਵਾਰ ਰੰਗਮੰਚ ਦੇ ਖੇਤਰ ਵਿੱਚ ਤਜਰਬਾ ਦੇਖਣ ਨੂੰ ਮਿਲਿਆ, ਕਿ ਉਨ੍ਹਾਂ ਨੇ ਅਪਣੇ ਸਾਥੀ ਅਮੋਲਕ ਸਿੱਧੂ ਸਰਕਾਰੀ ਮਿਡਲ ਸਕੂਲ ਰਣ ਸਿੰਘ ਵਾਲਾ ਨਾਲ ਅਪਣੇ ਅਪਣੇ ਘਰਾਂ ਚ ਬੈਠਕੇ 200 ਤੋਂ ਵੱਧ ਡਾਇਲਾਗ ਬੋਲੇ ,ਫਿਰ ਵੀਡੀਓ ਆਡਿਟ ਕਰਕੇ ਉਨ੍ਹਾਂ ਦੋ ਸੌ ਵੱਧ ਡਾਇਲਾਗ ਨੂੰ ਜੋੜਕੇ ਦੂਰਦਰਸ਼ਨ ਤੇ ਕਮਾਲ ਦੀ ਪੇਸ਼ਕਾਰੀ ਕੀਤੀ। ਇਕਾਂਗੀ ਸੁਣਾਉਣ ਦਾ ਕੰਮ ਅੱਧੇ ਘੰਟੇ ਵੀ ਨਬੇੜਿਆਂ ਜਾ ਸਕਦਾ ਸੀ,ਪਰ ਵਿਦਿਆਰਥੀਆਂ ਪ੍ਰਤੀ ਸਮਰਪਿਤ ਤੇ ਵਿਸ਼ੇ ਪ੍ਰਤੀ ਇੱਕ ਮਿਸ਼ਨ ਦੀ ਭਾਵਨਾ ਨੇ ਪੂਰੇ ਦਸ ਦਿਨ ਇਸ ਪ੍ਰੋਜੈਕਟ ਦੀ ਸਫਲਤਾ ਲਈ ਸਮਰਪਿਤ ਕੀਤੇ, ਅਜਿਹੇ ਕਾਰਜ ਉਨ੍ਹਾਂ ਗੱਲਾਂ ਨੂੰ ਮੁੱਢੋਂ ਖਾਰਜ ਕਰਦੇ ਹਨ,ਜਿਹੜੇ ਕਹਿੰਦੇ ਨੇ,ਕਿ ਅਧਿਆਪਕ ਘਰੇ ਵਿਹਲੇ ਨੇ,ਸਿੱਖਿਆ ਮਾਹਿਰ ਵੀ ਮੰਨਦੇ ਹਨ,ਕਿ ਜਿਹੜਾ ਕਾਰਜ ਇਸ ਔਖੀ ਘੜੀ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਨੇ ਕੀਤਾ, ਉਹ ਆਮ ਦਿਨਾਂ ਦੌਰਾਨ ਕਈ ਵਰ੍ਹਿਆਂ ਚ ਵੀ ਨਹੀਂ ਹੋਣਾ ਸੀ। ਸਲਾਮ ਹੈ, ਰੰਗ ਹਰਜਿੰਦਰ ਵਰਗੇ ਅਨੇਕਾਂ ਅਧਿਆਪਕਾਂ ਨੂੰ।
ਇਸ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੀ ਸ ਪ੍ਰ ਸਮਾਰਟ ਸਕੂਲ ਕੰਨਿਆਂ ਜਰਗ ਅਤੇ ਸ ਪ੍ਰ ਸਮਾਰਟ ਸਕੂਲ ਜਰਗੜੀ ਦੇ ਗੁਰਸਿੱਖ ਅਧਿਆਪਕ ਜੋੜੇ ਗੁਰਭਜਨ ਸਿੰਘ ਅਤੇ ਪਰਵਿੰਦਰ ਕੌਰ ਨੇ ਬੱਚੇ ਦੀ ਸਮਝ ਦੇ ਮੱਦੇਨਜ਼ਰ ਹਰ ਵਿਸ਼ੇ ਦੀਆਂ 250 ਤੋਂ ਵੱਧ ਰੋਚਕ ਵੀਡੀਓਜ਼ ਬਣਾਕੇ ਨਾ ਸਿਰਫ ਅਪਣੇ ਸਕੂਲਾਂ ਦੇ ਬੱਚਿਆਂ ਤੱਕ ਹੀ ਨਹੀਂ ਭੇਜਿਆ ਸਗੋਂ ਪੰਜਾਬ ਦੇ ਕੋਨੇ ਕੋਨੇ ਵੀਡੀਓਜ਼ ਦਾ ਲਾਹਾ ਬੱਚਿਆਂ ਨੇ ਖੱਟਿਆ। ਬਠਿੰਡਾ ਜ਼ਿਲ੍ਹੇ ਦੇ ਮਨਦੀਪ ਸਿੰਘ ਸ ਪ੍ਰ ਸ ਕੋਟਫੱਤਾ ਹ ਬ ਨੇ ਵਾਤਾਵਰਨ ਵਿਸ਼ੇ ਨਾਲ ਸਬੰਧਤ ਵੀਡੀਓਜ਼ ਬਣਾਈਆਂ, ਜੋ ਦੂਰਦਰਸ਼ਨ ਤੇ ਵੀ ਪ੍ਰਸਾਰਿਤ ਹੋਈਆਂ। ਇਸ ਜ਼ਿਲ੍ਹੇ ਦੇ ਸ ਪ੍ਰ ਸ ਬੁਰਜ ਮਾਨਸ਼ਾਹੀਆ ਦੀ ਅਧਿਆਪਕਾ ਪ੍ਰਵੀਨ ਸ਼ਰਮਾ ਨੇ ਅਪਣੇ ਬੱਚਿਆਂ ਲਈ ਪੜ੍ਹਾਈ ਦੇ ਸੋਖੇ ਸਿਸਟਮ ਲਈ ਅਨੇਕਾਂ ਤਰ੍ਹਾਂ ਦੀਆਂ ਵੀਡੀਓਜ਼ ਬਣਾਈਆਂ, ਜੋ ਦੂਰਦਰਸ਼ਨ ਤੇ ਪ੍ਰਸਾਰਿਤ ਹੋਈਆਂ। ਇਸ ਤੋਂ ਇਲਾਵਾ ਗੁਰਸੇਵਕ ਸਿੰਘ,ਤਿਉਣਾ ਪੁਜਾਰੀਆਂ, ਸੁਜਾਤਾ ਧਮਨ ਡੂਮਵਾਲੀ ਦੇ ਨਵੇਕਲੇ ਉਪਰਾਲੇ ਰਹੇ। ਮਾਨਸਾ ਦੇ ਦੇਸ ਰਾਜ ਸਾਇੰਸ ਮਾਸਟਰ ਸਸਸ ਕੁਲਰੀਆਂ, ਈ ਟੀ ਟੀ ਅਧਿਆਪਕ ਹਰਜੀਤ ਕੌਰ ਬਣਾਂਵਾਲੀ , ਸੰਗਰੂਰ ਜ਼ਿਲ੍ਹੇ ਦੇ ਸ ਪ੍ਰ ਸ ਲੋਗੋਂਵਾਲ ਕੁੜੀਆਂ,ਅਮਨਦੀਪ ਕੌਰ ਸ ਪ੍ਰ ਸ ਭਿੰਡਰਾ ਨੇ ਵੀ ਅਪਣੀਆਂ ਦਿਲਚਸਪ ਵੀਡੀਓਜ਼ ਬੱਚਿਆਂ ਤੱਕ ਪਹੁੰਚਾਈਆਂ।ਅੰਮ੍ਰਿਤਸਰ ਜ਼ਿਲ੍ਹੇ ਦੀ ਰੁਪਿੰਦਰ ਕੌਰ ਸ ਪ੍ਰ ਸ ਬਹੌੜੂ ਨੇ 120 ਦੇ ਵੀਡੀਓਜ਼, ਜ਼ਿਲ੍ਹਾ ਰੂਪਨਗਰ ਦੀ ਗੁਰਪ੍ਰੀਤ ਕੌਰ ਸ ਪ੍ਰ ਸ ਬੈਰਮਪੁਰ ਨੇ 115 ਵੀਡੀਓਜ਼, ਲੁਧਿਆਣਾ ਜ਼ਿਲ੍ਹੇ ਦੀ ਅਧਿਆਪਕਾ ਸਿਮਰਜੀਤ ਕੌਰ ਸ ਪ੍ਰ ਸ ਸੇਲਕਿਆਣਾ, ਵਰਿੰਦਰ ਸਿੰਘ ਗੇਹਲੇਵਾਲ ਨੇ 130 ਦੇ ਕਰੀਬ ਵੀਡੀਓਜ਼ ਬੱਚਿਆਂ ਨੂੰ ਵੱਖ ਵੱਖ ਵਿਸ਼ਿਆਂ ਤੋਂ ਭੇਜੀਆਂ। ਪਿਛਲੇ ਸਮੇਂ ਤੋ ਹੁਣ ਕਾਰਟੂਨ ਪੈਟਰਨ ਅਧਾਰ ਤੇ ਬਣ ਰਹੀਆਂ ਵੀਡੀਓਜ਼ ਨੂੰ ਬੱਚਿਆਂ ਵੱਲ੍ਹੋਂ ਬੜਾ ਪਸੰਦ ਕੀਤਾ ਜਾ ਰਿਹਾ ਹੈ। ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਪੂਜਾ ਗਰਗ,ਅਨੂ ਸ਼ਰਮਾ, ਰੇਨੂੰ ਬਾਲਾ, ਯਾਸ਼ਿਕਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਸਿੱਖਿਆ ਪ੍ਰੋਵਾਈਡਰ ਮਮਤਾ ਸ਼ਰਮਾ , ਸੰਗਰੂਰ ਜ਼ਿਲ੍ਹੇ ਦੇ ਗੁਰਵਿੰਦਰ ਸਿੰਘ ਸਤੋਜ਼, ਕਿਰਨ ਬਾਲਾ ਕਾਸਮਪੁਰ ਛੀਨਾ ਮਾਨਸਾ ਵੱਲ੍ਹੋਂ ਵੀ ਵੱਖ ਵੱਖ ਵਿਸ਼ਿਆਂ ਤੇ ਦਿਲਚਸਪ ਵੀਡੀਓਜ਼ ਬੱਚਿਆਂ ਨੂੰ ਭੇਜੀਆਂ ਜਾ ਰਹੀਆਂ ਹਨ।