ਲੋਕੇਸ਼ ਰਿਸ਼ੀ
ਗੁਰਦਾਸਪੁਰ, 8 ਅਗਸਤ 2020 - ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅੱਜ ਅਕਾਲੀ ਦਲ ਦੇ ਸਾਬਕਾ ਵਿਧਾਇਕ, ਪੰਜਾਬ ਲੈਂਡ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਰਹਿ ਚੁੱਕੇ ਬਾਪੂ ਹਰਬੰਸ ਸਿੰਘ ਘੁੰਮਣ ਨੂੰ ਮਿਲਣ ਉਨ੍ਹਾਂ ਦੇ ਘਰ ਪਿੰਡ ਘੁੰਮਣ ਕਲਾਂ ਵਿਖੇ ਪਹੁੰਚੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ, ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਵਿੱਚ ਹਿੱਸਾ ਲੈ ਕੇ ਸ਼੍ਰੋਮਣੀ ਕਮੇਟੀ ਵਿੱਚ ਹੋਏ ਭ੍ਰਿਸ਼ਟਾਚਾਰ ਦੀ ਜਾਂਚ ਕਰਵਾ ਕੇ ਪ੍ਰਬੰਧ ਵਿੱਚ ਸੁਧਾਰ ਲਿਆਉਣਾ ਹੀ ਉਨ੍ਹਾਂ ਦੀ ਪਾਰਟੀ ਦੀ ਮੁੱਖ ਮਕਸਦ ਹੈ। ਉਹ ਕਿਹਾ ਕਿ ਜੇਕਰ ਪੰਜਾਬ ਵਿੱਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਮੁੱਖ ਮੰਤਰੀ ਦਾ ਫ਼ੈਸਲਾ ਪਾਰਟੀ ਦੇ ਚੁਣੇ ਹੋਏ ਵਿਧਾਇਕ ਹੀ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਅਕਾਲੀ ਦਲ ਬਾਦਲ ਤੋਂ ਪੂਰੀ ਤਰ੍ਹਾਂ ਨਿਰਾਸ਼ ਹਨ ਅਤੇ ਨਵੇਂ ਬਦਲ ਦੀ ਭਾਲ ਵਿੱਚ ਹਨ ਅਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਨੂੰ ਆਪ-ਮੁਹਾਰੇ ਹਰ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪਰਿਵਾਰਵਾਦ ਅਤੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਪੰਥ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੀ ਖ਼ੁਸ਼ਹਾਲੀ ਲਈ ਸਭ ਕੁੱਝ ਕੁਰਬਾਨ ਕਰਨ ਨੂੰ ਤਿਆਰ ਹਨ।
ਬਾਪੂ ਘੁੰਮਣ-ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਲੈਂਡ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ, ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਰਹਿ ਚੁੱਕੇ ਬਾਪੂ ਹਰਬੰਸ ਸਿੰਘ ਘੁੰਮਣ ਨੇ ਕਿਹਾ ਕਿ ਅੱਜ ਪੰਜਾਬ ਅਤੇ ਪੰਥ ਨੂੰ ਬਚਾਉਣ ਲਈ ਸਾਰੇ ਅਕਾਲੀ ਪਰਿਵਾਰਾਂ ਨੂੰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਕਬੂਲ ਕੇ ਪੰਥ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਬਹੁਤ ਮਾਣਮੱਤਾ ਰਿਹਾ ਹੈ ਅਤੇ ਕਈ ਟਕਸਾਲੀ ਅਕਾਲੀਆਂ ਨੇ ਨੇ ਕੁਰਬਾਨੀਆਂ ਦੇ ਕੇ ਅਕਾਲੀ ਦਲ ਨੂੰ ਸਿਰਜਿਆ ਹੈ ਪਰ ਹੁਣ ਇਸ ਦੀ ਕਮਾਂਡ ਇੱਕ ਪਰਿਵਾਰ ਦੇ ਹੱਥ ਵਿੱਚ ਜਾਣ ਕਾਰਨ ਅਕਾਲੀ ਦਲ ਦਾ ਅਕਸ ਨੂੰ ਖੋਰਾ ਲੱਗਾ ਹੈ ਅਤੇ ਅਕਾਲੀ ਦਲ ਸ਼ਾਨ ਮਤਾ ’ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਲਈ ਅਕਾਲੀ ਦਲ ਨੂੰ ਤਗੜਾ ਕਰਨਾ ਬਹੁਤ ਜ਼ਰੂਰੀ ਹੈ।
ਐਡਵੋਕੇਟ ਜਸਬੀਰ ਸਿੰਘ ਘੁੰਮਣ-ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਜਸਬੀਰ ਸਿੰਘ ਘੁੰਮਣ ਨੇ ਕਿਹਾ ਕਿ ਉਨ੍ਹਾਂ ਆਪਣੀ ਸਾਰੀ ਜਵਾਨੀ ਪੰਥ ਦੇ ਲੇਖੇ ਲਾਈ ਹੈ। ਵਿਦਿਆਰਥੀ ਜੀਵਨ ਤੋਂ ਲੈ ਕੇ ਹੁਣ ਤੱਕ ਜ਼ਿੰਦਗੀ ਦੇ ਕਈ ਉਤਰਾਅ-ਚੜ੍ਹਾਅ ਵੇਖੇ ਹਨ ਪਰ ਅਕਾਲੀ ਦਲ ਦਾ ਜਿਹੜਾ ਨਿਘਾਰ ਬਾਦਲਾਂ ਦੇ ਸਮੇਂ ਆਇਆ ਹੈ ਉਹ ਪਹਿਲਾਂ ਕਦੇ ਨਹੀਂ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਜ਼ਿੰਦਗੀ ਦੇ ਕਈ ਸਾਲ ਜੋਧਪੁਰ ਵਰਗੀਆਂ ਭਿਆਨਕ ਜੇਲ੍ਹਾਂ ਦੇ ਤਸੀਹੇ ਝੱਲੇ ਹਨ ਪਰ ਫਿਰ ਕਦੇ ਆਪਣੇ ਅਸੂਲਾਂ ਅਤੇ ਸਿਧਾਂਤਾਂ ਤੋਂ ਹਿੱਲੇ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਜ਼ਿੰਦਗੀ ਦਾ ਹਰ ਪਲ ਪੰਥ ਦੀ ਬਿਹਤਰੀ ਲਈ ਲਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅੱਗੋਂ ਵੀ ਜੰਗ ਜਾਰੀ ਹੈ।