ਅਸ਼ੋਕ ਵਰਮਾ
ਬਠਿੰਡਾ, 8 ਅਗਸਤ 2020 - ਪੰਜਾਬ ਕਿਸਾਨ ਯੂਨੀਅਨ ਨੇ ਦਸ ਅਗਸਤ ਨੂੰ ਅਕਾਲੀ ਭਾਜਪਾ ਆਗੂਆਂ ਦੇ ਘਰਾਂ ਵੱਲ ਮਾਰਚ ਕਰਨ ਦੇ ਪ੍ਰੋਗਰਾਮ ’ਚ ਪੁਰੀ ਤਨਦੇਹੀ ਨਾਲ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਅੱਜ ਪਿੰਡ ਰਾਈਆ ’ਚ ਪੰਜਾਬ ਕਿਸਾਨ ਯੂਨੀਅਨ ਦੇ ਜਿਲਾ ਪ੍ਰੈੱਸ ਸਕੱਤਰ ਗੁਰਤੇਜ ਮਹਿਰਾਜ ਦੀ ਪ੍ਰਧਾਨਗੀ ਹੇਠ ਕਿਸਾਨਾਂ ਦੀ ਇਕੱਤਰਤਾ ਹੋਈ ਜਿਸ ਨੂੰ ਪੰਜਾਬ ਕਿਸਾਨ ਯੂਨੀਅਨ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਕਿਸਾਨ ਖੁਦਕੁਸੀਆਂ ਅਤੇ ਗੁਰਬਤ ਦੀ ਜਿੰਦਗੀ ਬਸਰ ਕਰਨ ਲਈ ਮਜਬੂਰ ਕਰ ਦਿੱਤੇ ਗਏ ਹਨ। ਗੁਰਤੇਜ ਮਹਿਰਾਜ ਪ੍ਰੈਸ ਦੇ ਨਾਮ ਬਿਆਨ ਜਾਰੀ ਕੀਤੇ ਬਿਆਨ ’ਚ ਦੱਸਿਆ ਕਿ ਪੰਜਾਬ ਚੈਪਟਰ ਵਿੱਚ ਸ਼ਾਮਲ 10 ਕਿਸਾਨ ਜਥੇਬੰਦੀਆਂ, ਸਿਆਸੀ ਆਗੂਆਂ ਦੇ ਦਫਤਰਾਂ ਜਾਂ ਘਰਾਂ/ਦਫ਼ਤਰਾਂ ਤੱਕ ਮੋਟਰਸਾਇਕਲਾਂ, ਕਾਰਾਂ, ਜੀਪਾਂ, ਸਕੂਟਰਾਂ ਆਦਿ ‘ਤੇ ਸਵਾਰ ਹੋਕੇ ਰੋਸ ਮਾਰਚ ਕਰਨ ਉਪਰੰਤ, ਕਿਸਾਨਾਂ ਦੇ ਮਸਲਿਆਂ ਦਾ ਚਿੱਠਾ ਜੋ ਪਹਿਲਾਂ ਹੀ 9 ਸੂਤਰੀ ਮੰਗ ਪੱਤਰ ਜੋ ਪਹਿਲੋਂ ਹੀ ਪ੍ਰਧਾਨ ਮੰਤਰੀ ਨੂੰ ਚਿੱਠੀ ਦੇ ਰੂਪ ਵਿੱਚ ਭੇਜਿਆ ਜਾ ਚੁੱਕਾ ਹੈ, ਦੇ ਨਾਲ ਇੱਕ ਚਿਤਾਵਨੀ ਪੱਤਰ ਵੀ ਦੇਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਪੱਤਰ ਰਾਹੀਂ ਉਹਨਾਂ ਨੂੰ ਚਿਤਾਵਨੀ ਦਿੱਤੀ ਜਾਵੇਗੀ ਕਿ ਜੇਕਰ ਤੁਸੀਂ ਨਾਲ ਨੱਥੀ ਕੀਤੇ ਮੁੱਦਿਆਂ ਅਤੇ ਮਸਲਿਆਂ ਬਾਰੇ ਪਾਰਲੀਮੈਂਟ ਅਤੇ ਅਸੈਂਬਲੀ ਦੇ ਅੰਦਰ ਅਤੇ ਬਾਹਰ ਸੜਕਾਂ ‘ਤੇ ਸੰਘਰਸ ਕਰਕੇ ਅਤੇ ਰੋਸ ਜਤਾਕੇ, ਕਿਸਾਨਾਂ ਅਤੇ ਖੇਤੀ ਵਿਰੋਧੀ ਤਿੰਨਾਂ ਆਰਡੀਨੈਸਾਂ ਅਤੇ ਬਿਜਲੀ ਬਿਲ-2020 ਵਾਪਸ ਕਰਾਉਣ ਲਈ, ਡੀਜ਼ਲ ਦਾ ਰੇਟ ਅੱਧਾ ਕਰਾਉਣ ਅਤੇ ਪੈਟਰੋਲ ਦੀਆਂ ਕੀਮਤਾਂ ਘਟਾਉਣ ਲਈ, ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਮੁਤਾਬਿਕ ਤਹਿ ਕਰਵਾਉਣ ਲਈ, ਸਾਰੇ ਕਿਸਾਨਾਂ ਦੇ ਸਾਰੇ ਕਰਜ਼ਿਆਂ ਤੋਂ ਮੁਕਤੀ ਦਿਵਾਉਣ ਲਈ ਅਤੇ ਦੁੱਧ ਉਤਪਾਦਕਾਂ ਅਤੇ ਦੁੱਧ ਧੰਦੇ ‘ਤੇ ਨਿਰਭਰ ਕਿਸਾਨਾਂ ਅਤੇ ਗੰਨਾਂ ਉਤਪਾਦਕਾਂ ਦੀਆਂ ਮੰਗਾਂ ਮੰਨਵਾਉਣ ਲਈ ਅਤੇ ਕਿਸਾਨਾਂ ਦੇ ਹੋਰ ਮੰਗਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਮਜਬੂਰ ਨਹੀਂ ਕਰਦੇ ਤਾਂ ਆਉਣ ਵਾਲੇ ਦਿਨਾਂ ਵਿਚ ਉਹਨਾਂ ਨੂੰ ਪਿੰਡਾਂ ਵਿੱਚ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਇਸ ਮੌਕੇ ਗੋਰਾ ਰਾਈ ਜਰਨਲ ਸਕੱਤਰ ਬਲਾਕ ਸਹਿਣਾ, ਸੂਬਾ ਆਗੂ ਭੋਲਾ ਸਿੰਘ ਬੁੱਗਰ ਸੰਬੋਧਨ ਕੀਤਾ। ਰਾਈਆ ਪਿੰਡ ਇਕਾਈ ਦੇ ਇੱਕਤਰ ਸਿੰਘ ਪ੍ਰਧਾਨ, ਜਸਮੇਲ ਸਿੰਘ ਖਜਾਨਚੀ, ਜਸਵਿੰਦਰ ਸਿੰਘ ਜੱਗੀ ਜਰਨਲ ਸਕੱਤਰ, ਕੁਲਵਿੰਦਰ ਸਿੰਘ ਸੈਕਟਰੀ ਆਦ ਚੋਣ ਕੀਤੀ ਗਈ।