ਫਿਰੋਜ਼ਪੁਰ 8 ਅਗਸਤ 2020 : ਨਗਰ ਕੌਂਸਲ ਫਿਰੋਜ਼ਪੁਰ ਵਲੋਂ ਪਿਛਲੇ ਕੁਝ ਸਮੇ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾ ਨਾਲ ਮਿਲ ਕੇ ਫਿਰੋਜ਼ਪੁਰ ਸਹਿਰ ਦੇ ਖੁੱਲ੍ਹੇ ਡੰਪਾ ਨੂੰ ਨਾ ਸਿਰਫ ਸਾਫ ਕੀਤਾ ਬਲਕਿ ਇਨ੍ਹਾਂ ਸਥਾਨਾ ਤੇ ਫੁੱਲ ਬੂਟੇ ਲਗਾ ਕੇ ਤੇ ਵਾਲ ਪੇਂਟਿੰਗ, ਸਲੋਗਨ ਆਦਿ ਕਰਕੇ ਸੁੰਦਰੀਕਰਨ ਵੀ ਕੀਤਾ। ਇਹ ਡੰਪ ਲੰਬੇ ਸਮੇ ਤੋ ਲੋਕਾਂ ਦੀ ਸਿਰਦਰਦੀ ਬਣੇ ਹੋਏ ਸਨ ਤੇ ਲੋਕ ਇਸ ਇਲਾਕੇ ਵਿੱਚ ਆਉਣ ਜਾਣ ਤੋਂ ਵੀ ਗੁਰੇਜ਼ ਕਰਦੇ ਸਨ, ਜਿਸ ਨੂੰ ਨਗਰ ਕੌਂਸਲ ਵੱਲੋਂ ਲੋਕਾਂ ਦੇ ਬੈਠਣ ਤੇ ਸੈਰ ਕਰਨ ਦੇ ਅਨੁਕੂਲ ਬਣਾਇਆ ਗਿਆ।
ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਾਰਜ ਸਾਧਕ ਅਫਸਰ ਸ਼੍ਰੀ ਪਰਮਿੰਦਰ ਸਿੰਘ ਸੁਖੀਜਾ ਨੇ ਦੱਸਿਆ ਕਿ ਮੱਲਾਵਾਲਾ ਰੋਡ ਆਰ.ਐਸ.ਡੀ ਕਾਲਜ ਦੇ ਪਾਸ ਖੁੱਲੇ ਕੂੜੇ ਦਾ ਡੰਪ ਹੁੰਦਾ ਸੀ, ਜਿਸ ਨੂੰ ਨਗਰ ਕੌਂਸਲ ਫਿਰੋਜ਼ਪੁਰ ਨੇ ਸੁੰਦਰੀਕਰਨ ਕੀਤਾ ਗਿਆ। ਹੁਣ ਇਸ ਸਥਾਨ ਤੇ ਇਕ ਸੁੰਦਰ ਵਾਲ ਪੇਂਟਿੰਗ, ਇੰਟਰਲੋਕਿੰਗ ਟਾਇਲਜ ਅਤੇ ਸੀ.ਸੀ.ਟੀ.ਵੀ ਕੈਮਰਿਆ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸੇ ਤਰ੍ਹਾ ਗੋਬਿੰਦ ਨਗਰੀ, ਬਰਟ ਰੋਡ ਮੋੜ ਉਪਰ ਪਹਿਲਾ ਬਹੁਤ ਵੱਡਾ ਕੂੜੇ ਦਾ ਡੰਪ ਹੁੰਦਾ ਸੀ ਤੇ ਆਸ-ਪਾਸ ਗੰਦਗੀ ਫੈਲੀ ਹੋਣ ਕਾਰਨ ਅਕਸਰ ਅਵਾਰਾ ਪਸ਼ੂ ਇੱਥੇ ਮੂੰਹ ਮਾਰਦੇ ਰਹਿੰਦੇ ਸਨ। ਜਿਸ ਨੂੰ ਨਗਰ ਕੌਂਸਲ ਫਿਰੋਜ਼ਪੁਰ ਵਲੋਂ ਲਾਇਫ ਸੇਵਰ ਵੈਲਫੇਅਰ ਸੁਸਾਇਟੀ ਨਾਲ ਮਿਲ ਕੇ ਸੁੰਦਰੀਕਰਨ ਕੀਤਾ ਤੇ ਹੁਣ ਮੋਜੂਦਾ ਸਮੇ ਇਸ ਜਗ੍ਹਾ ਤੇ ਇਕ ਸੁੰਦਰ ਵਾਲ ਪੇਂਟਿੰਗ, ਇੰਟਰਲੋਕਿੰਗ ਟਾਇਲਜ, ਲੋਕਾ ਦੇ ਬੈਠਣ ਲਈ ਬੈਂਚ, ਗਮਲੇ ਆਦਿ ਦਾ ਪ੍ਰਬੰਧ ਕੀਤਾ ਗਿਆ। ਇਸੇ ਤਰ੍ਹਾ ਚੁੰਗੀ ਖੰਨਾ ਰੋਡ ਨੇੜੇ ਲਾਇਬਰੇਰੀ ਤੇ ਕੂੜਾ ਸੁੱਟਣ ਵਾਲੇ ਦੁਕਾਨਦਾਰਾ ਨੂੰ ਜਾਗਰੂਕ ਕੀਤਾ ਗਿਆ। ਨਗਰ ਕੌਂਸਲ ਫਿਰੋਜ਼ਪੁਰ ਵਲੋਂ ਲਾਇਫ ਸੇਵਰ ਵੈਲਫੇਅਰ ਸੁਸਾਇਟੀ ਨਾਲ ਮਿਲਕੇ ਇੱਥੇ ਵਾਲ ਟਾਇਲ ਲਗਵਾਈ ਅਤੇ ਇਸ ਸਥਾਨ ਦਾ ਸੁੰਦਰੀਕਰਨ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਕੁਝ ਸਾਲਾ ਤੋਂ ਨਾਮਦੇਵ ਚੌਂਕ ਵਿਖੇ ਲੋਕਾ ਵਲੋਂ ਕੂੜਾ ਸੁੱਟਿਆ ਜਾਂਦਾ ਸੀ, ਇਸ ਕੂੜੇ ਦੇ ਡੰਪ ਨੂੰ ਨਗਰ ਕੌਂਸਲ ਫਿਰੋਜ਼ਪੁਰ ਅਤੇ ਡਾ: ਅਨਿਲ ਬਾਗੀ ਹਸਪਤਾਲ ਦੇ ਮੋਜੂਦਾ ਸੰਚਾਲਕ ਡਾ: ਕਮਲ ਬਾਗੀ ਦੇ ਸਹਿਯੋਗ ਨਾਲ ਇਸ ਡੰਪ ਵਾਲੇ ਸਥਾਨ ਨੂੰ ਇਕ ਸੁੰਦਰ ਅਤੇ ਗਰੀਨ ਪਾਰਕ ਵਿਚ ਤਬਦੀਲ ਕੀਤਾ ਗਿਆ ਤੇ ਇੱਸ ਪਾਰਕ ਵਿਚ ਓਪਨ ਜਿਮ, ਐਲ.ਈ.ਡੀ ਸਕਰੀਨ ਅਤੇ ਬੱਚਿਆ ਦੇ ਝੁਲੇ ਆਦਿ ਲਗੇ ਹੋਏ ਹਨ। ਹੁਣ ਇਸ ਸਥਾਨ ਤੇ ਰੋਜਾਨਾ 200-300 ਵਿਅਕਤੀ ਅਤੇ ਬੱਚੇ ਸੈਰ ਕਰਨ ਲਈ ਆਉਂਦੇ ਹਨ। ਇਸ ਤੋਂ ਇਲਾਵਾ ਨਗਰ ਕੌਂਸਲ,ਫਿਰੋਜ਼ਪੁਰ ਬਸਤੀ ਟੈਂਕਾ ਵਾਲੀ ਮੇਨ ਬਜਾਰ ਵਿਚ ਇਕ ਖੁੱਲਾ ਗਾਰਬੇਜ ਸੈਕੰਡਰੀ ਪੁਆਇੰਟ ਨੂੰ ਸ਼ਿਫਟ ਕਰਕੇ ਬਜਾਰ ਅੰਦਰ ਸਫਾਈ ਕਰਵਾਈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਸਥਾਨਾਂ ਤੇ ਗਾਰਬੇਜ ਸੁੱਟਣ ਵਾਲਿਆਂ ਨੂੰ ਜਾਗਰੂਕ ਵੀ ਕੀਤਾ ਗਿਆ ਤੇ ਸਖਤੀ ਦਿਖਾਉਂਦਿਆ ਕੁਝ ਲੋਕਾ ਦੇ ਚਲਾਨ ਵੀ ਕੱਟੇ ਗਏ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਡਿਪਟੀ ਡਾਇਰੈਕਟਰ ਡਾ. ਨਯਨ ਦੇ ਦਿਸ਼ਾ ਨਿਰਦੇਸ਼ਾ ਹੇਠ ਸ਼ਹਿਰ ਨੂੰ ਸਾਫ-ਸੁਥਰਾ, ਕਚਰਾ ਮੁਕਤ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਅੰਤ ਵਿੱਚ ਕਾਰਜ ਸਾਧਕ ਅਫਸਰ ਸ਼੍ਰੀ ਪਰਮਿੰਦਰ ਸਿੰਘ ਸੁਖੀਜਾ ਨੇ ਦੱਸਿਆ ਕਿ ਇਸ ਕਾਮਯਾਬੀ ਦਾ ਸਿਹਰਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਨੂੰ ਵੀ ਜਾਂਦਾ ਹੈ ਕਿਉਂਕਿ ਉਨ੍ਹਾਂ ਵੱਲੋਂ ਕਿਸੇ ਕੰਮ ਜਾਂ ਵਿਕਾਸ ਵਿੱਚ ਕਿਸੇ ਤਰ੍ਹਾਂ ਦੀ ਮਦਦ ਦੇਣ ਤੋਂ ਗੁਰੇਜ਼ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਅਤੇ ਸ਼੍ਰੀ ਗੁਰਿੰਦਰ ਸਿੰਘ, ਨਗਰ ਕੌਂਸਲ ਫਿਰੋਜ਼ਪੁਰ ਦੀ ਸੈਨੀਟੇਸ਼ਨ ਸ਼ਾਖਾ ਤੇ ਸਮੁੱਚੀ ਟੀਮ ਦੀ ਮਿਹਨਤ ਤੇ ਸ਼ਹਿਰ ਦੇ ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਦੇ ਮੇਨ 5 ਖੁੱਲੇ ਡੰਪਾਂ ਨੂੰ ਸਾਫ ਕਰਵਾਇਆ ਗਿਆ ਤੇ ਸ਼ਹਿਰ ਨੂੰ ਕਚਰਾ ਮੁਕਤ ਕੀਤਾ ਗਿਆ।