ਮਨਿੰਦਰਜੀਤ ਸਿੱਧੂ
- ‘ਆਪ’ ਵੱਲੋਂ ਪੰਜਾਬ ਇਕਾਈ ਦਾ ਢਾਂਚਾ ਭੰਗ
ਜੈਤੋ, 8 ਅਗਸਤ 2020 - ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋਂ ਅਧਿਕਾਰਕ ਬਿਆਨ ਦੁਆਰਾ ਆਮ ਆਦਮੀ ਪਾਰਟੀ ਦੇ ਪੰਜਾਬ ਇਕਾਈ ਦੇ ਮੁੱਖ ਢਾਂਚੇ, ਕੋਰ ਕਮੇਟੀ ਅਤੇ ਸਾਰੀਆਂ ਇਕਾਈਆਂ ਭੰਗ ਕਰਨ ਦੀ ਖਬਰ ਨੇ ਸਿਆਸੀ ਹਲਕਿਆਂ ਵਿੱਚ ਖਲਬਲੀ ਮਚਾ ਦਿੱਤੀ ਹੈ।ਵਿਧਾਨ ਸਭਾ ਹਲਕਾ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਰਟੀ ਦੁਆਰਾ ਲਿਆ ਗਿਆ ਇਹ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਮਿਸ਼ਨ 2020 ਤਹਿਤ ਪਾਰਟੀ ਨੂੰ ਮਜਬੂਤ ਕਰਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਦੀ ਹੁਣੇ ਤੋਂ ਲਾਮਬੰਦੀ ਲਈ ਇਹ ਫੈਸਲਾ ਬਹੁਤ ਕਾਰਗਰ ਰਹੇਗਾ।ਇਸ ਫੈਸਲੇ ਨਾਲ ਜਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਨਵੇਂ ਵਲੰਟੀਅਰਾਂ ਨੂੰ ਪਾਰਟੀ ਵਿੱਚ ਅਹੁਦੇ ਦਿੱਤੇ ਜਾਣਗੇ।ਪਾਰਟੀ ਵਿੱਚ ਕੰਮ ਕਰ ਰਹੇ ਪੁਰਾਣੇ ਅਹੁਦੇਦਾਰਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।ਪਾਰਟੀ ਦੇ ਸੀਨੀਅਰ ਲੀਡਰ ਆਚਾਰੀਆ ਸੁਸ਼ੀਲ ਕੁਮਾਰ ਸ਼ਰਮਾ ਨੇ ਕਿਹਾ ਕਿ ਅਸੀਂ ਪਾਰਟੀ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਅਤੇ ਪਾਰਟੀ ਦੁਆਰਾ ਬਣਾਏ ਜਾਣ ਵਾਲੇ ਨਵੇਂ ਢਾਂਚੇ ਵਿੱਚ ਨਵੇਂ ਵਲੰਟੀਅਰਾਂ ਨੂੰ ਮੌਕਾ ਮਿਲਣ ਨਾਲ ਪਾਰਟੀ ਮਜਬੂਤ ਹੋਵੇਗੀ ਅਤੇ ਧੜੇਬੰਦੀ ਖਤਮ ਹੋਵੇਗੀ।