ਨਰੇਗਾ ਤਹਿਤ ਤਿਆਰ ਕੀਤੇ ਗਏ ਇੱਕ ਕੈਟਲ ਸ਼ੈੱਡ ਦਾ ਦ੍ਰਿਸ਼
ਜਗਦੀਸ਼ ਥਿੰਦ
ਫਾਜ਼ਿਲਕਾ 9 ਅਗਸਤ
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਨਵਲ ਰਾਮ ਨੇ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਪਸ਼ੂਆਂ ਦੇ ਰੱਖ-ਰਖਾਵ ਤੇ ਸੁਰੱਖਿਆ ਪ੍ਰਦਾਨ ਕਰਨ ਵਾਸਤੇ ਕੈਟਲ ਸ਼ੈਡ ਬਣਾਉਣ ਲਈ ਲਾਭਪਾਤਰੀ ਨੂੰ ਸਰਕਾਰ ਵੱਲੋਂ ਤੈਅ ਕੀਤੀ ਰਾਸ਼ੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਲ 2020-21 ਦੌਰਾਨ ਜ਼ਿਲ੍ਹੇ ਅੰਦਰ 2170 ਕੈਟਲ ਸ਼ੈਡ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ ਜਿਸ ਵਿੱਚੋਂ ਵੱਖ-ਵੱਖ ਬਲਾਕਾ ਵਿਚ 598 ਕੈਟਲ ਸ਼ੈਡ ਬਣਾਉਣ ਦਾ ਕੰਮ ਪ੍ਰਗਤੀ ਅਧੀਨ ਹੈ ਅਤੇ ਬਾਕੀ ਬਲਾਕਾਂ ਦੇ ਪਿੰਡਾਂ ਵਿਚ ਵੀ ਸ਼ੈਡ ਬਣਾਉਣ ਦਾ ਕੰਮ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ 434 ਗ੍ਰਾਮ ਪੰਚਾਇਤਾਂ ਵਿਖੇ 5 ਪ੍ਰਤੀ ਕੈਟਲ ਸ਼ੈਡ ਦੀ ਦਰ ਨਾਲ ਜ਼ਿਲ੍ਹੇ ਅੰਦਰ 2170 ਕੈਟਲ ਸ਼ੈਡ ਬਣਾਏ ਜਾਣੇ ਹਨ। ਉਨ੍ਹਾਂ ਅਬੋਹਰ ਬਲਾਕ ਵਿਖੇ 425 ਜਿਸ ਵਿਚੋਂ 170, ਅਰਨੀ ਵਾਲਾ ਵਿਖੇ 210 ਵਿਚੋਂ 92, ਫਾਜ਼ਿਲਕਾ ਵਿਖੇ 475 ਵਿਚੋਂ 141, ਜਲਾਲਾਬਾਦ ਵਿਖੇ 770 ਵਿਚੋਂ 79 ਅਤੇ ਖੂਈਆਂ ਸਰਵਰ ਬਲਾਕ ਵਿਖੇ 290 ਕੈਟਲ ਸ਼ੈਡ ਵਿਚੋਂ 116 ਸ਼ੈਡ ਬਣਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਬਾਕੀਆਂ ਦਾ ਕੰਮ ਵੀ ਜਲਦ ਸ਼ੁਰੂ ਹੋ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 4 ਪਸ਼ੂਆਂ ਰੱਖਣ ਵਾਲੇ ਲਾਭਪਾਤਰੀ ਨੂੰ ਸਰਕਾਰ ਵੱਲੋਂ 60000 ਰੁਪਏ ਅਤੇ 6 ਪਸ਼ੂ ਰੱਖਣ ਵਾਲੇ ਲਾਭਪਾਤਰੀ ਨੂੰ 97000 ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 4 ਪਸ਼ੂ ਰੱਖਣ ਵਾਲੇ ਲਾਭਪਾਤਰੀ ਕੋਲ 300 ਵਰਗ ਫੁੱਟ ਦਾ ਕਵਰਡ ਏਰੀਆ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ 6 ਪਸ਼ੂਆਂ ਵਾਲੇ ਲਾਭਪਾਤਰੀ ਕੋਲ 400 ਸਕੇਅਰ ਵਰਗ ਦਾ ਕਵਰਡ ਏਰੀਆ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲਾਹਾ ਲੈਣ ਵਾਲਾ ਲਾਭਪਾਤਰੀ ਗਰੀਬੀ ਰੇਖਾ ਤੋਂ ਹੇਠਾਂ, ਅਨੁਸੂਚਿਤ ਜਾਤੀ ਨਾਲ ਸਬੰਧਤ, ਔਰਤ, ਦਿਵਿਆਂਗ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਆਉਣ ਵਾਲਾ ਲਾਭਪਾਤਰੀ ਕੈਟਲ ਸ਼ੈਡ ਬਣਾਉਣ ਲਈ ਯੋਗ ਹੋਵੇਗਾ।