ਸੰਜੀਵ ਸੂਦ
ਲੁਧਿਆਣਾ, 9 ਅਗਸਤ 2020 - ਬੀਤੇ ਦਿਨ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਘਰ ਬਾਹਰ ਪ੍ਰਦਰਸ਼ਨ ਕਰਨ ਪਹੁੰਚੇ ਲੋਕ ਇਨਸਾਫ ਪਾਰਟੀ ਦੇ ਆਗੂ ਸੰਨੀ ਕੈਂਥ ਅਤੇ ਉਸ ਦੇ ਸਮਰਥਕਾਂ ਤੇ ਕਾਂਗਰਸੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ, ਪੁਲਿਸ ਵੱਲੋਂ ਇਸ ਮਾਮਲੇ 'ਚ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਬਲਵਿੰਦਰ ਬੈਂਸ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਪ੍ਰਸ਼ਾਸਨ ਅਤੇ ਕਾਂਗਰਸ ਤੇ ਸਵਾਲ ਖੜੇ ਕੀਤੇ ਗਏ। ਬਲਵਿੰਦਰ ਬੈਂਸ ਨੇ ਕਿਹਾ ਕਿ ਸੰਨੀ ਦੀ ਪੱਗ ਜਾਣਬੁੱਝਕੇ ਉਤਰੀ ਗਈ, ਉਸ ਨੂੰ ਜਾਤੀਸੂਚਕ ਸ਼ਬਦ ਬੋਲੇ ਗਏ, ਜਿਸ ਸਬੰਧੀ ਐਫਆਈਆਰ 'ਚ ਕਿਤੇ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ।
ਬਲਵਿੰਦਰ ਬੈਂਸ ਨੇ ਕਿਹਾ ਕਿ ਲੋਕਤੰਤਰ ਦਾ ਬੀਤੇ ਦਿਨ ਜੋ ਘਾਣ ਕੀਤਾ ਗਿਆ ਹੈ, ਪਰ ਉਨ੍ਹਾਂ ਨੂੰ ਉਮੀਦ ਸੀ ਕਿ ਉਨ੍ਹਾਂ ਨੂੰ ਪੁਲਸ ਵੱਲੋਂ ਇਨਸਾਫ ਮਿਲੇਗਾ। ਪਰ ਅਜਿਹਾ ਵੇਖਣ ਨੂੰ ਨਹੀਂ ਮਿਲ ਰਿਹਾ। ਬੈਂਸ ਨੇ ਕਿਹਾ ਕਿ ਪੁਲਿਸ ਵੱਲੋਂ ਇਹ ਪੂਰੀ ਸਾਜ਼ਿਸ਼ ਕਾਂਗਰਸੀਆਂ ਨਾਲ ਮਿਲ ਕੇ ਰੱਖੀ ਗਈ ਤਾਂ ਜੋ ਸੰਨੀ 'ਤੇ ਹਮਲਾ ਕੀਤਾ ਜਾ ਸਕੇ। ਬੈਂਸ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਵੱਲੋਂ ਜਾਣ-ਬੁੱਝ ਕੇ ਸੰਨੀ ਦੀ ਪੱਗ ਨੂੰ ਹੱਥ ਪਾਇਆ ਗਿਆ।
ਬੈਂਸ ਨੇ ਕਿਹਾ ਕਿ ਪੱਗ ਦੀ ਬੇਅਦਬੀ ਕੀਤੀ ਗਈ। ਇਸ ਤੋਂ ਇਲਾਵਾ ਉਸ ਨੂੰ ਜਾਤੀਸੂਚਕ ਸ਼ਬਦ ਬੋਲੇ ਗਏ। ਪਰ ਪੁਲਿਸ ਵੱਲੋਂ ਇਸ ਬਾਰੇ ਐਫ ਆਈ ਆਰ 'ਚ ਨਾ ਤਾਂ ਕੋਈ ਕਾਰਨ ਅਤੇ ਨਾ ਹੀ ਕੋਈ ਜ਼ਿਕਰ ਕੀਤਾ ਗਿਆ। ਬਲਵਿੰਦਰ ਬੈਂਸ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਹਤਾਸ਼ ਹੋਏ ਨੇ, ਉਨ੍ਹਾਂ ਕਿਹਾ ਕਿ ਮੀਡੀਆ ਵੱਲੋਂ ਕਵਰੇਜ ਕੀਤੀ ਗਈ, ਪੁਲਿਸ ਨੇ ਉਸ ਨੂੰ ਵੀ ਅੱਖੋਂ ਪਰੋਖੇ ਕਰ ਦਿੱਤਾ। ਬੈਂਸ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਹਾਲੇ ਤੱਕ ਕੋਈ ਗ੍ਰਿਫ਼ਤਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸਭ ਸੋਚੀ ਸਮਝੀ ਸਾਜ਼ਿਸ਼ ਨਾਲ ਕੀਤਾ ਗਿਆ ਹੈ।