ਸੁਸਾਇਟੀ ਵਲੋਂ 184 ਸਰਕਾਰੀ ਸਕੂਲਾਂ ਦੇ ਬੱਚਿਆਂ ਕੀਤਾ ਜਾ ਚੁੱਕੈ ਸਨਮਾਨ : ਮੱਤਾ
ਕੋਟਕਪੂਰਾ,10 ਅਗਸਤ 2020 :- ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਣ ਅਤੇ ਵਿਦਿਅਕ ਖੇਤਰ 'ਚ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਸੰਸਥਾ 'ਰਾਮ ਮੁਹੰਮਦ ਸਿੰਘ ਆਜ਼ਾਦ ਸੁਸਾਇਟੀ' ਨੇ ਨੇੜਲੇ ਪਿੰਡ ਪੰਜਗਰਾਈਂ ਕਲਾਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਚਾਰ ਹੋਰ ਸਕੂਲਾਂ ਦੇ ਬਾਰਵੀਂ ਜਮਾਤ ਦੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਸੁਸਾਇਟੀ ਦੇ ਮੁੱਖ ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਪੰਜਗਰਾਈਂ ਕਲਾਂ ਦੇ ਦੋ ਸਕੂਲਾਂ ਸਮੇਤ ਪਿੰਡ ਜਿਉਣਵਾਲਾ ਅਤੇ ਸਮਾਲਸਰ ਦੇ ਸਕੂਲਾਂ ਦੇ ਹੁਸ਼ਿਆਰ ਵਿਦਿਆਰਥੀ/ਵਿਦਿਆਰਥਣਾ ਨੇ ਆਪੋ ਆਪਣੇ ਸਕੂਲ ਦੇ ਪ੍ਰਿੰਸੀਪਲ/ਇੰਚਾਰਜ ਸਮੇਤ ਕੁਝ ਚੋਣਵੇਂ ਸਟਾਫ ਨਾਲ ਸ਼ਮੂਲੀਅਤ ਕੀਤੀ। ਮੁੱਖ ਮਹਿਮਾਨ ਵਜੋਂ ਪੁੱਜੇ ਆੜਤੀਆ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਤੇ ਉੱਘੇ ਸਮਾਜਸੇਵੀ ਸਰਪੰਚ ਊਧਮ ਸਿੰਘ ਔਲਖ ਨੇ ਮੰਨਿਆ ਕਿ ਇਸ ਵਾਰ ਸਰਕਾਰੀ ਸਕੂਲਾਂ ਦੇ ਵਧੀਆ ਨਤੀਜੇ ਅਤੇ ਵਧ ਰਹੀ ਦਾਖਲਿਆਂ ਦੀ ਤਾਦਾਦ 'ਚ ਉਕਤ ਸੁਸਾਇਟੀ ਦਾ ਵੀ ਵੱਡਮੁੱਲਾ ਯੋਗਦਾਨ ਹੈ। ਉਨਾ ਦੱਸਿਆ ਕਿ ਦਾਨੀ ਸੱਜਣਾ ਨੂੰ ਧਾਰਮਿਕ ਸਥਾਨਾਂ 'ਚ ਚੜਾਵਾ ਚੜਾਉਣ ਦੇ ਨਾਲ-ਨਾਲ ਸਰਕਾਰੀ ਸਕੂਲਾਂ ਦੀ ਸਾਂਭ ਸੰਭਾਲ ਅਤੇ ਉੱਥੇ ਪੜਦੇ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਦੀ ਵੀ ਮੱਦਦ ਕਰਨੀ ਚਾਹੀਦੀ ਹੈ।
ਸੁਸਾਇਟੀ ਦੇ ਜਨਰਲ ਸਕੱਤਰ ਮਾਸਟਰ ਕੁਲਵੰਤ ਸਿੰਘ ਚਾਨੀ, ਵਿੱਤ ਸਕੱਤਰ ਮਾ. ਐੱਸਐੱਸ ਸੁਨਾਮੀ, ਇਕਬਾਲ ਸਿੰਘ ਮੰਘੇੜਾ ਅਤੇ ਮੁਖਤਿਆਰ ਸਿੰਘ ਮੱਤਾ ਨੇ ਸੁਸਾਇਟੀ ਦੇ ਸੇਵਾ ਕਾਰਜਾਂ ਬਾਰੇ ਸੰਖੇਪ 'ਚ ਚਾਨਣਾ ਪਾਇਆ। ਉਨਾਂ ਦੱਸਿਆ ਕਿ ਸੁਸਾਇਟੀ ਵਲੋਂ ਇਸ ਤੋਂ ਪਹਿਲਾਂ 180 ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਸਨਮਾਨ ਕੀਤਾ ਜਾ ਚੁੱਕਾ ਹੈ ਅਤੇ ਅੱਜ ਵਾਲੇ ਚਾਰ ਸਕੂਲਾਂ ਸਮੇਤ ਸਨਮਾਨਿਤ ਹੋਣ ਵਾਲੇ ਸਰਕਾਰੀ ਸਕੂਲਾਂ ਦੀ ਗਿਣਤੀ 184 ਹੋ ਜਾਵੇਗੀ। ਉਨਾ ਮੰਨਿਆ ਕਿ ਪਹਿਲਾਂ ਬੱਚਿਆਂ ਨੂੰ ਨੇਤਿਕਤਾ ਦਾ ਪਾਠ ਪੜਾਉਣ ਲਈ ਬਕਾਇਦਾ ਸੈਮੀਨਾਰ ਲਾ ਕੇ ਹੁਸ਼ਿਆਰ ਵਿਦਿਆਰਥੀ/ਵਿਦਿਆਰਥਣਾ ਦਾ ਸਨਮਾਨ ਕੀਤਾ ਜਾਂਦਾ ਸੀ ਪਰ ਹੁਣ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਅਜਿਹੇ ਪ੍ਰੋਗਰਾਮ ਸਧਾਰਨ ਅਤੇ ਸੰਕੋਚਵੇਂ ਕਰਨ ਦੀ ਮਜਬੂਰੀ ਹੈ। ਉਕਤ ਚਾਰਾਂ ਸਕੂਲਾਂ ਦੇ ਪ੍ਰਿੰਸੀਪਲਾਂ/ਇੰਚਾਰਜਾਂ ਅਤੇ ਸਮਾਜਸੇਵੀ ਜਸਪਾਲ ਸਿੰਘ ਪੰਜਗਰਾਈਂ ਨੇ ਰਾਮ ਮੁਹੰਮਦ ਸਿੰਘ ਆਜ਼ਾਦ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਵਰਤਮਾਨ ਸਮੇਂ 'ਚ ਸਕੂਲ ਪੜਦੇ ਬੱਚਿਆਂ ਅਤੇ ਕਾਲਜਾਂ ਵਾਲੇ ਵਿਦਿਆਰਥੀਆਂ ਨੂੰ ਸਮਾਜਿਕ ਕੁਰੀਤੀਆਂ ਖਿਲਾਫ ਜਾਗਰੂਕ ਕਰਨਾ ਜਰੂਰੀ ਹੈ।