ਗੁਰਭਜਨ ਗਿੱਲ
ਲੁਧਿਆਣਾ, 10 ਅਗਸਤ 2020 - ਪੰਜਾਬੀ ਜ਼ੁਬਾਨ ਦੇ ਨਾਮਵਰ ਲੇਖਕ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰਸੀਪਲ ਸੇਵਾ ਸਿੰਘ ਕੌੜਾ ਦਾ ਅੱਜ ਦਿਹਾਂਤ ਹੋ ਗਿਆ। ਉਹ ਕੈਂਸਰ ਰੋਗ ਤੋਂ ਪੀੜਤ ਸਨ ਅਤੇ ਉਹ 83 ਸਾਲਾਂ ਦੇ ਸਨ । ਅੱਜ ਸਵੇਰੇ 11-30 ਵਜੇ ਉਹਨਾਂ ਨੇ ਆਪਣੀ ਰਿਹਾਇਸ਼ ਖਿਲਚੀਆਂ ਵਿੱਚ ਅੰਤਿਮ ਸਾਹ ਲਏ।
ਪ੍ਰਿੰਸੀਪਲ ਸੇਵਾ ਸਿੰਘ ਕੌੜਾ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਅਨਮੋਲ ਰਚਨਾਵਾਂ ਦਾ ਖਜ਼ਾਨਾ ਪਾਇਆ ਹੈ । ਉਹਨਾਂ ਨੇ ਆਪਣੀਆਂ ਬਹੁਤ ਹੀ ਖੋਜ ਭਰਪੂਰ ਪੁਸਤਕਾਂ ਨਾਲ ਮਾਂ ਬੋਲੀ ਨੂੰ ਮਾਲਾ ਮਾਲ ਕੀਤਾ ਹੈ , ਜਿਹਨਾਂ ਵਿੱਚ "ਵਿਰਸਾ ਵਿਸਰ ਰਿਹਾ", "ਨਾਵਾਂ ਦਾ ਨਿਕਾਸ", "ਸ੍ਰੀ ਗੁਰੂ ਗੋਬਿੰਦ ਸਿੰਘ (ਸਖਸ਼ੀਅਤ, ਸਫਰ ਤੇ ਸੰਦੇਸ਼), ਸਾਂਝੀ ਵਿਰਾਸਤ, ਗੁਰੂ ਤੇਗ ਬਹਾਦਰ ਸਾਹਿਬ (ਸਖਸ਼ੀਅਤ, ਸਫਰ, ਸੰਦੇਸ਼ ਤੇ ਸ਼ਹਾਦਤ) ਆਦਿ ਜ਼ਿਕਰਯੋਗ ਹਨ । ਇਸਤੋਂ ਇਲਾਵਾ ਉਹਨਾਂ ਦੀ ਪੰਜਾਬੀ ਅਖਾਣਾਂ ਤੇ ਬਹੁਤ ਹੀ ਖੋਜ ਭਰਪੂਰ ਪੁਸਤਕ ਜਿਸ ਵਿੱਚ ਸਭਿਆਚਾਰ ਨਾਲ ਵਿਸਰ ਰਹੇ 1001 ਦੇ ਕਰੀਬ ਅਖਾਣ 600 ਦੇ ਕਰੀਭ ਪੰਨਿਆਂ ਤੇ ਅੰਕਿਤ ਹਨ "ਵਿਸਰ ਰਹੇ ਪੰਜਾਬੀ ਅਖਾਣ" ਪੰਜਾਬੀ ਸਾਹਿਤ ਦੀ ਝੋਲੀ ਪਾਕੇ ਇਸ ਨੂੰ ਮਾਲਾ ਮਾਲ ਕੀਤਾ ਹੈ । ਉਹਨਾਂ ਦੀ ਪੰਜਾਬੀ ਮਾਂ ਬੋਲੀ ਨੂੰ ਅਦੁੱਤੀ ਦੇਣ ਹਮੇਸ਼ਾਂ ਯਾਦ ਕੀਤੀ ਜਾਂਦੀ ਰਹੇਗੀ । ਅੱਜ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦਾ ਲੱਕ ਟੁੱਟ ਗਿਆ ਹੈ । ਅਰਦਸਾ ਹੈ ਕਿ ਗੁਰੂ ਮਹਾਰਾਜ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਸਾਡੀ ਸਾਹਿਤ ਸਭਾ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।
ਸ਼ੇਲਿੰਦਰਜੀਤ ਸਿੰਘ ਰਾਜਨ (98157-69164)