ਜਗਦੀਸ਼ ਥਿੰਦ
ਫਾਜ਼ਿਲਕਾ, 10 ਅਗਸਤ
ਫਾਜ਼ਿਲਕਾ ਜ਼ਿਲੇ ਵਿਚ ਕੋਵਿਡ ਤੇ ਫਤਿਹ ਹਾਸਲ ਕਰਨ ਵਾਲਿਆਂ ਦੀ ਦਰ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਜ਼ਿਲੇ ਵਿਚ ਇਸ ਸਮੇਂ ਕੋਵਿਡ ਨੂੰ ਮਾਤ ਦੇ ਕੇ ਠੀਕ ਹੋਣ ਵਾਲਿਆਂ ਦੀ ਦਰ 75.26 ਫੀਸਦੀ ਹੋ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ ਸਬੰਧੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੌਕੇ ਉਨਾਂ ਨਾਲ ਐਸ.ਐਸ.ਪੀ. ਸ: ਹਰਜੀਤ ਸਿੰਘ ਵੀ ਹਾਜਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿਚ ਅੱਜ ਤੱਕ ਕੁੱਲ 409 ਮਰੀਜ ਦੀ ਕੋਵਿਡ ਰਿਪੋਰਟ ਪਾਜਿਟਿਵ ਆਈ ਹੈ ਅਤੇ ਇੰਨਾਂ ਵਿਚੋਂ 25 ਹੋਰਨਾਂ ਜ਼ਿਲਿਆਂ ਦੇ ਸਨ ਅਤੇ ਬਾਕੀ ਜ਼ਿਲਾ ਫਾਜਿਲਕਾ ਨਾਲ ਸਬੰਧਤ 384 ਵਿਚੋਂ 289 ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਅੱਜ ਵੀ 14 ਜਣੇ ਕਰੋਨਾ ਨੂੰ ਹਰਾ ਕੇ ਘਰਾਂ ਨੂੰ ਪਰਤੇ ਹਨ। ਉਨਾਂ ਹੋਰ ਦੱਸਿਆ ਕਿ ਅੱਜ 326 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ। ਜਦ ਕਿ ਅੱਜ ਕੁੱਲ 9 ਪਾਜਿਟਿਵ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਜਿੰਨਾਂ ਵਿਚੋਂ 2 ਐਂਟੀਜਨ ਟੈਸਟ ਅਤੇ 1 ਟ੍ਰੂਨੈਟ ਮਸ਼ੀਨ ਟੈਸਟ ਰਾਹੀਂ ਪਤਾ ਲੱਗੀ ਹੈ ਜਦਕਿ 6 ਟੈਸਟ ਰਿਪੋਰਟਾਂ ਫਰੀਦਕੋਟ ਤੋਂ ਪ੍ਰਾਪਤ ਹੋਈਆਂ ਹਨ। ਇਸ ਤਰਾਂ ਹੁਣ ਕੁੱਲ ਐਕਟਿਵ ਕੇਸ 93 ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲੇ ਵਿਚ ਇਸ ਸਮੇਂ ਚਾਰ ਮਾਇਕ੍ਰੋ ਕੋਨਟੇਨਮੈਂਟ ਜੋਨ ਹਨ। ਉਨਾਂ ਨੇ ਇਸ ਮੌਕੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਸੈਂਪਿਗ ਵਧਾਈ ਜਾਵੇ। ਉਨਾਂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਇਲਾਕੇ ਵਿਚ ਕੋਈ ਵਿਅਕਤੀ ਪਾਜਿਟਿਵ ਆਉਂਦਾ ਹੈ ਤਾਂ ਉਸਦੇ ਸੰਪਰਕ ਵਿਚ ਆਏ ਲੋਕ ਆਪਣੇ ਟੈਸਟ ਜਰੂਰ ਕਰਵਾਉਣ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਟੈਸਟ ਦਰਦ ਰਹਿਤ ਅਤੇ ਟੈਸਟ ਹੋਣ ਨਾਲ ਅਸੀਂ ਬਿਮਾਰੀ ਦੇ ਅੱਗੇ ਪਸਾਰ ਨੂੰ ਰੋਕ ਸਕਦੇ ਹਾਂ।
ਐਸ.ਐਸ.ਪੀ. ਸ: ਹਰਜੀਤ ਸਿੰਘ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਜਰੂਰ ਪਾਇਆ ਜਾਵੇ ਅਤੇ ਕੰਮ ਦੀਆਂ ਥਾਂਵਾਂ, ਬਜਾਰਾਂ, ਸਮਾਜਿਕ ਥਾਂਵਾਂ ਤੇ ਆਪਸੀ ਵਿੱਥ ਦੇ ਨਿਯਮ ਦਾ ਪਾਲਣ ਕੀਤਾ ਜਾਵੇ। ਉਨਾਂ ਨੇ ਦੱਸਿਆ ਕਿ ਮਾਸਕ ਨਾ ਪਾਉਣ ਵਾਲਿਆਂ ਦੇ 11000 ਚਲਾਨ ਪੁਲਿਸ ਵਿਭਾਗ ਨੇ ਕੀਤੇ ਹਨ ਅਤੇ ਹੁਣ ਮਾਸਕ ਨਾ ਪਾਉਣ ਵਾਲਿਆਂ ਦੇ ਨਾਲ ਨਾਲ ਸਮਾਜਿਕ ਵਿੱਥ ਦੇ ਨਿਯਮ ਦਾ ਉਲੰਘਣ ਕਰਨ ਵਾਲਿਆਂ ਨਾਲ ਵੀ ਸਖ਼ਤੀ ਵਰਤਦਿਆਂ ਚਲਾਨ ਕੀਤੇ ਜਾਣਗੇ।
ਬੈਠਕ ਵਿਚ ਏ.ਡੀ.ਸੀ. ਵਿਕਾਸ ਸ੍ਰੀ ਨਵਲ ਕੁਮਾਰ, ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ ਵੀ ਹਾਜਰ ਸਨ।