ਹਰਦਮ ਮਾਨ
ਸਰੀ,11 ਅਗਸਤ 2020 - ਬੀਤੀ ਰਾਤ ਡੈਲਟਾ ਵਿਚ ਸਕਾਟ ਰੋਡ 'ਤੇ ਵਾਪਰੇ ਇਕ ਹਾਦਸੇ ਵਿਚ 9 ਜਣੇ ਜ਼ਖ਼ਮੀ ਹੋ ਗਏ। ਇਹ ਘਟਨਾ 7400 ਬਲਾਕ ਉਪਰ ਦੋ ਵਹੀਕਲਾਂ ਦੇ ਆਪਸ ਵਿਚ ਟਕਰਾਉਣ ਕਾਰਨ ਵਾਪਰੀ।
ਡੈਲਟਾ ਪੁਲਿਸ ਦੀ ਐਮਰਜੈਂਸੀ ਟੀਮ ਨੂੰ ਰਾਤ 9: 15 ਵਜੇ ਘਟਨਾ ਸਥਾਨ 'ਤੇ ਬੁਲਾਇਆ ਗਿਆ। ਪੁਲਿਸ ਅਨੁਸਾਰ ਸਕਾਟ ਰੋਡ 'ਤੇ ਦੱਖਣ ਵੱਲ ਜਾ ਰਹੀ ਇਕ ਕਾਰ ਸਕਾਟ ਰੋਡ ਤੋਂ ਪੱਛਮ ਵੱਲ ਨੂੰ ਸਕਾਟ 72 ਸ਼ਾਪਿੰਗ ਸੈਂਟਰ ਮਾਲ ਵਾਲੀ ਸੜਕ' ਤੇ ਜਾ ਰਹੇ ਇੱਕ ਹੋਰ ਵਹੀਕਲ ਨਾਲ ਟਕਰਾ ਗਈ। ਇਸ ਟੱਕਰ ਕਾਰਨ ਇੱਕ ਵਹੀਕਲ ਫੁੱਟਪਾਥ ਤੇ ਜਾ ਚੜ੍ਹਿਆ ਅਤੇ ਇੱਕ ਪੈਦਲ ਯਾਤਰੀ ਨੂੰ ਆਪਣੀ ਲਪੇਟ ਵਿਚ ਲੈਂਦਾ ਹੋਇਆ ਬੀ.ਸੀ. ਹਾਈਡਰੋ ਦੇ ਬਕਸੇ ਵਿਚ ਜਾ ਵੱਜਿਆ। ਇਕ ਵਾਹਨ ਨੂੰ ਅੱਗ ਵੀ ਲੱਗ ਗਈ ਸੀ।
ਦੋਹਾਂ ਵਹੀਕਲਾਂ ਵਿਚ ਚਾਰ ਚਾਰ ਜਣੇ ਸਵਾਰ ਸਨ। ਇਕ ਵਿਚ ਦੋ ਛੋਟੇ ਬੱਚੇ ਸਨ। ਇਨ੍ਹਾਂ ਸਭ ਨੂੰ ਹਸਪਤਾਲ ਲਿਜਾਇਆ ਗਿਆ। ਡੈਲਟਾ ਪੁਲਿਸ ਵਿਭਾਗ ਦੇ ਪਬਲਿਕ ਅਫੇਅਰ ਮੈਨੇਜਰ, ਕ੍ਰਿਸ ਲੈਕੌਫ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਜ਼ਖਮੀਆਂ ਵਿਚ ਕੁਝ ਨੂੰ ਮਾਮੂਲੀ ਸੱਟਾਂ ਹਨ ਅਤੇ ਕੁਝ ਗੰਭੀਰ ਜ਼ਖ਼ਮੀ ਹਨ। ਦੋਹਾਂ ਬੱਚਿਆਂ ਦੇ ਸਿਰਫ ਮਾਮੂਲੀ ਸੱਟਾਂ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਚੋਂ ਫਾਰਗ ਕਰ ਦਿੱਤਾ ਗਿਆ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com