ਜੀ ਐਸ ਪੰਨੂ
- ਮੋਬਾਈਲ ਫੋਨ ਨੰਬਰ 98159-19720 ਉਤੇ ਦਿੱਤੀ ਜਾ ਸਕਦੀ ਹੈ ਨਾਜਾਇਜ਼ ਸ਼ਰਾਬ ਬਾਰੇ ਜਾਣਕਾਰੀ
ਫ਼ਤਹਿਗੜ੍ਹ ਸਾਹਿਬ, 11 ਅਗਸਤ 2020 - ਅੰਮ੍ਰਿਤਸਰ, ਤਰਨਤਾਰਨ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਜ਼ਹਿਰਲੀ ਸ਼ਰਾਬ ਪੀਣ ਕਾਰਨ ਵਾਪਰੇ ਦੁਖਾਂਤ ਤੋਂ ਬਾਅਦ ਪੰਜਾਬ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਦਫਤਰ ਸਹਾਇਕ ਕਮਿਸ਼ਨਰ, ਆਬਕਾਰੀ ਫਤਹਿਗੜ੍ਹ ਸਾਹਿਬ ਵੱਲੋਂ ਰੂੜੀ ਮਾਰਕਾ, ਲਾਹਣ ਤੋਂ ਕਸੀਦੀ ਸ਼ਰਾਬ ਜਾਂ ਘਰ ਦੀ ਕੱਢੀ ਸ਼ਰਾਬ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕਰਨ ਲਈ ਇੱਕ ਜਨ ਚੇਤਨਾ ਰੈਲੀ ਕਰਵਾਈ ਗਈ। ਇਹ ਜਾਣਕਾਰੀ ਦਿੰਦਿਆਂ ਆਬਕਾਰੀ ਤੇ ਕਰ ਅਫ਼ਸਰ, ਫ਼ਤਹਿਗੜ੍ਹ ਸਾਹਿਬ ਅਮਨਪੁਰੀ ਨੇ ਦੱਸਿਆ ਕਿ ''ਮੌਤ ਨਹੀਂ ਜ਼ਿੰਦਗੀ ਚੁਣੋਂ'' ਦੇ ਮਾਟੋ ਅਧੀਨ ਕੱਢੀ ਇਸ ਜਨ ਚੇਤਨਾ ਰੈਲੀ ਦੀ ਅਗਵਾਈ ਆਬਕਾਰੀ ਨਿਰੀਖਕ ਸਤਿੰਦਰ ਮੱਲੀ ਵੱਲੋਂ ਕੀਤੀ ਗਈ।
ਉਨ੍ਹਾਂ ਵੱਲੋਂ ਥਾਂ ਥਾਂ 'ਤੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਲੋਕਾਂ ਨੂੰ ਦੱਸਿਆ ਕਿ ਕੇਵਲ ਸਰਕਾਰ ਵੱਲੋਂ ਲਾਇਸੰਸ ਸ਼ੁਦਾ ਠੇਕਿਆਂ ਤੋਂ ਹੀ ਸ਼ਰਾਬ ਦੀ ਖਰੀਦ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਖਿਲਾਫ਼ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੱਚੀ, ਰੂੜੀ ਮਾਰਕਾ ਅਤੇ ਲਾਹਣ ਦੀ ਕੋਈ ਵੀ ਵਾਜਬ ਡਿਗਰੀ ਨਹੀਂ ਹੁੰਦੀ ਅਤੇ ਇਹ ਜ਼ਹਿਰੀਲੀ ਹੋਣ ਕਰ ਕੇ ਸਿਹਤ ਉਤੇ ਬਹੁਤ ਮਾੜਾ ਪ੍ਰਭਾਵ ਪਾਉਂਦੀ ਹੈ, ਜਿਸ ਨਾਲ ਵਿਅਕਤੀ ਅੰਨ੍ਹਾ ਹੋ ਸਕਦਾ ਹੈ, ਲਿਵਰ ਖ਼ਰਾਬ ਹੁੰਦਾ ਹੈ ਅਤੇ ਮੌਤ ਵੀ ਹੋ ਸਕਦੀ ਹੈ।
ਆਬਕਾਰੀ ਵਿਭਾਗ ਵੱਲੋਂ ਛਾਪੇਮਾਰੀ ਕਰ ਕੇ ਅਜਿਹੀ ਸ਼ਰਾਬ ਵੇਚਣ ਵਾਲਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੀ ਸਫ਼ਲਤਾ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਜੇਕਰ ਜ਼ਹਿਰੀਲੀ ਸ਼ਰਾਬ ਵੇਚਣ ਜਾਂ ਸਪਲਾਈ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਜਾਣਕਾਰੀ ਕਿਸੇ ਨੂੰ ਵੀ ਮਿਲਦੀ ਹੈ ਤਾਂ ਇਸ ਸਬੰਧੀ ਸੂਚਨਾ ਮੋਬਾਈਲ ਫੋਨ ਨੰਬਰ: 98159-19720 ਉਤੇ ਦਿੱਤੀ ਜਾ ਸਕਦੀ ਹੈ।