ਅੰਮ੍ਰਿਤਧਾਰੀ ਨੌਜਵਾਨ ਸੁਹੇਲਜੀਤ ਸਿੰਘ
ਏਅਰਫੋਰਸ: ਉਚੀ ਨੌਕਰੀ ਤੇ ਕਦਰ ਕੇਸਾਂ ਦੀ
ਨਿਊਜ਼ੀਲੈਂਡ ਏਅਰ ਫੋਰਸ ਦੇ ਵਿਚ ਟੈਕਨੀਸ਼ੀਅਨ ਵਜੋਂ ਭਰਤੀ ਹੋਇਆ 20 ਸਾਲਾ ਅੰਮ੍ਰਿਤਧਾਰੀ ਨੌਜਵਾਨ ਸੁਹੇਲਜੀਤ ਸਿੰਘ
-ਪੰਜਾਬੀ ਭਾਸ਼ਾ, ਕੀਰਤਨ, ਤਬਲਾ ਅਤੇ ਗਤਕੇ ਨਾਲ ਹੈ ਅਥਾਹ ਪਿਆਰ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 11 ਅਗਸਤ, 2020:-ਬਾਹਰਲੇ ਦੇਸ਼ ਜਿੱਥੇ ਵਿਸ਼ਵ ਪੱਧਰ ਦੀ ਪੜ੍ਹਾਈ ਵਾਸਤੇ ਆਪਣੇ ਬਾਰਡਰ ਖੁੱਲ੍ਹੇ ਰੱਖਦੇ ਹਨ ਉਥੇ ਹੋਣਹਾਰ ਬੱਚਿਆਂ ਦੇ ਲਈ ਇਨ੍ਹਾਂ ਬਾਰਡਰਾਂ ਦੀ ਸੁਰੱਖਿਆ ਲਈ ਆਪਣੇ ਬੂਹੇ ਵੀ ਖੁੱਲ੍ਹੇ ਰੱਖਦੇ ਹਨ। ਇਥੋਂ ਤੱਕ ਕਿ ਬਾਰਡਰ ਸੁਰੱਖਿਆ ਦੀ ਚਾਬੀ ਵੀ ਇਨ੍ਹਾਂ ਹੱਥ ਫੜਾ ਛੱਡਦੇ ਹਨ। ਖੁਸ਼ੀ ਹੁੰਦੀ ਹੈ ਜਦੋਂ ਅਜਿਹੀਆਂ ਉਚ ਪੱਧਰ ਦੀਆਂ ਅਤੇ ਵਿਸ਼ਵਾਸ਼ ਗੜੁੱਚ ਨੌਕਰੀਆਂ ਬਿਨਾਂ ਕਿਸੇ ਭੇਦਭਾਵ ਦੇ ਮਿਲਣ ਲਗਦੀਆਂ ਹਨ। ਨਿਊਜ਼ੀਲੈਂਡ ਇਕ ਬਹੁ-ਕੌਮੀ ਦੇਸ਼ ਹੈ ਅਤੇ ਇਥੇ ਲਿਆਕਤ ਦੇ ਅਧਾਰ ਉਤੇ ਪ੍ਰਵਾਸੀ ਬੱਚੇ ਉਚ ਨੌਕਰੀਆਂ ਆਪਣੀਆਂ ਧਾਰਮਿਕ ਕਦਰਾਂ ਕੀਮਤਾਂ ਬਰਕਰਾਰ ਰੱਖਦਿਆਂ ਹਾਸਿਲ ਕਰ ਰਹੇ ਹਨ। ਆਪ ਨੂੰ ਜਾਣ ਕਿ ਖੁਸ਼ੀ ਹੋਏਗੀ ਕਿ ਇਕ ਹੁਣ ਇਕ 20 ਸਾਲਾ ਅੰਮ੍ਰਿਤਧਾਰੀ ਸਿੱਖ ਨੌਜਵਾਨ ਸੁਹੇਲਜੀਤ ਸਿੰਘ ਨਿਊਜ਼ੀਲੈਂਡ ਏਅਰਫੋਰਸ ਦੇ ਵਿਚ 'ਏਅਰ ਕਰਾਫਟ ਟੈਕਨੀਸ਼ੀਅਨ' ਵਜੋਂ ਭਰਤੀ ਹੋਇਆ ਹੈ। ਇਕ ਸੰਪੂਰਨ ਮਕੈਨਿਕ ਬਨਣ ਦੇ ਲਈ ਇਸਨੂੰ ਦੋ ਹੋਰ ਕੋਰਸ ਕਰਵਾਏ ਜਾ ਰਹੇ ਹਨ। ਇਕ ਪੇਸ਼ੇਵਰ ਮਕੈਨਿਕ ਬਨਣ ਤੋਂ ਬਾਅਦ ਇਹ ਨੌਜਵਾਨ ਏਅਰ ਕਰਾਫਟ ਦੀ ਉਡਾਣ ਤੋਂ ਪਹਿਲਾਂ ਅਤੇ ਲੈਂਡਿੰਗ ਤੋਂ ਬਾਅਦ ਦੀ ਮੈਕਨੀਕਲ ਸਰਵਿਸ ਕਰਨ ਦੇ ਯੋਗ ਹੋਵੇਗਾ। ਇਸ ਤੋਂ ਅਗਲੇਰਾ ਕੋਰਸ ਕਰਨ ਬਾਅਦ ਇਹ ਨੌਜਵਾਨ ਸੀਨੀਅਰ ਟੀਮ ਦਾ ਮੈਂਬਰ ਬਣ ਜਾਵੇਗਾ ਜੋ ਜਹਾਜ਼ ਦੇ ਵੱਡੇ ਨੁਕਸ ਲੱਭ ਠੀਕ ਕਰਦੇ ਹਨ ਅਤੇ ਇੰਜਣ ਆਦਿ ਦੀ ਅਦਲਾ-ਬਦਲੀ ਕਰਦੇ ਹਨ। ਨਿਊਜ਼ੀਲੈਂਡ ਏਅਰ ਫੋਰਸ ਦੇ ਵਿਚ ਧਰਮ ਦੇ ਅਨੁਸਾਰ ਆਪਣਾ ਹੁਲੀਆ ਰੱਖਣ ਦੀ ਛੋਟ ਹੈ ਜਿਸ ਕਰਕੇ ਇਹ ਨੌਜਵਾਨ ਪੰਜ ਕਕਾਰਾਂ ਦਾ ਧਾਰਣੀ ਰਹਿੰਦਾ ਹੈ ਅਤੇ ਸਿਰ ਉਤੇ ਛੋਟੀ ਦਸਤਾਰ ਜਾਂ ਪਟਕਾ ਬੰਨ੍ਹ ਕੇ ਆਪਣੀ ਨੌਕਰੀ ਕਰਦਾ ਹੈ। ਵਰਦੀ ਦੇ ਰੂਪ ਵਿਚ ਛੋਟੀ ਦਸਤਾਰ ਦੇ ਉਤੇ ਏਅਰ ਫੋਰਸ ਦਾ ਬੈਜ ਲਗਾਉਣਾ ਹੁੰਦਾ ਹੈ ਜੋ ਬਾਕੀ ਦੇ ਨੌਜਵਾਨ ਆਪਣੀ ਟੋਪੀ ਦੇ ਉਤੇ ਲਗਾਉਂਦੇ ਹਨ। ਇਥੇ ਕਕਾਰਾਂ ਦੀ ਕੋਈ ਮਨਾਹੀ ਨਹੀਂ ਹੈ। ਏਅਰ ਫੋਰਸ ਦੇ ਇਸ ਨੌਜਵਾਨ ਦੀ ਅਜੋਕੇ ਭਾਰਤੀ ਮੁੰਡਿਆ ਅਤੇ ਕੁੜੀਆਂ ਨੂੰ ਅਪੀਲ ਹੈ ਕਿ ਉਹ ਨਿਊਜ਼ੀਲੈਂਡ ਡਿਫੈਂਸ ਫੋਰਸ ਦੇ ਵਿਚ ਭਰਤੀ ਹੋਣ। ਇਥੇ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਹੈ ਅਤੇ ਸਾਰੇ ਇਕ ਦੂਜੇ ਦੀ ਸਹਾਇਤਾ ਕਰਦੇ ਹਨ। ਇਸ ਵੇਲੇ ਏਅਰ ਫੋਰਸ ਦੇ ਵਿਚ ਦੋ ਹੋਰ ਸਿੱਖ ਕਮਿਸ਼ਨਡ ਇੰਜੀਨੀਅਰ ਆਫੀਸਰ ਵੀ ਹਨ ਪਰ ਜਦੋਂ ਉਸਨੇ ਅਪਲਾਈ ਕੀਤਾ ਸੀ ਤਾਂ ਉਹ ਨਿੱਜੀ ਤੌਰ 'ਤੇ ਕਿਸੇ ਨੂੰ ਨਹੀਂ ਜਾਣਦਾ ਸੀ।
ਇਕ ਅਫਸਰ ਨੂੰ ਉਹ ਹੁਣ ਤੱਕ ਮਿਲਿਆ ਹੈ ਅਤੇ ਦੂਜੇ ਦੇ ਸੰਪਰਕ ਵਿਚ ਹੈ। ਇਨ੍ਹਾਂ ਦੋਹਾਂ ਅਫਸਰਾਂ ਨੂੰ ਬਹੁਤ ਖੁਸ਼ੀ ਹੈ ਕਿ ਇਕ ਹੋਰ ਸਿੱਖ ਨੌਜਵਾਨ ਏਅਰ ਫੋਰਸ ਦੇ ਵਿਚ ਪਹੁੰਚਿਆ ਹੈ। ਸੁਹੇਲਜੀਤ ਸਿੰਘ ਦੇ ਮਾਮੇ ਦਾ ਬੇਟਾ ਮਨਮੋਹਨ ਸਿੰਘ ਜੋ ਕਿ ਆਪ ਵੀ ਇਕ ਕੰਪਨੀ ਦੇ ਵਿਚ ਮਕੈਨੀਕਲ ਇੰਜੀਨੀਅਰ ਹੈ, ਨੇ ਇਸ ਮੁੰਡੇ ਨੂੰ ਏਅਰ ਫੋਰਸ ਦੇ ਵਿਚ ਜਾਣ ਲਈ ਬਹੁਤ ਪ੍ਰੇਰਿਤ ਕੀਤਾ ਤੇ ਭਰਤੀ ਹੋਣ ਤੱਕ ਪੂਰਾ ਸਾਥ ਦਿੱਤਾ। ਸੁਹੇਲਜੀਤ ਸਿੰਘ ਅਨੁਸਾਰ ਭਰਤੀ ਹੋਣਾ ਔਖਾ ਨਹੀਂ ਹੈ ਪਰ ਇਸਦੇ ਲਈ ਕਾਫੀ ਤਿਆਰੀ, ਪੜ੍ਹਾਈ ਤੇ ਲਗਨ ਦੀ ਲੋੜ ਪੂਰੀ ਕਰਨੀ ਪੈਂਦੀ ਹੈ। ਇਸ ਵੇਲੇ ਇਹ ਨੌਜਵਾਨ ਆਪਣੇ ਏਅਰ ਫੋਰਸ ਗਰੁੱਪ ਦੇ ਵਿਚ ਇਕੋ ਇਕ ਸਿੱਖ ਨੌਜਵਾਨ ਹੈ ਅਤੇ ਇਸਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੈ। ਇਸ ਖਬਰ ਦੇ ਲਈ ਵਿਭਾਗ ਵੱਲੋਂ ਵਿਸ਼ੇਸ਼ ਰੂਪ ਦੇ ਵਿਚ ਫੋਟੋ ਖਿਚਵਾਈਆਂ ਗਈਆਂ ਅਤੇ ਇਹ ਸਾਰੀ ਜਾਣਕਾਰੀ ਵਿਭਾਗ ਤੋਂ ਪਾਸ ਹੋਣ ਤੱਕ 15 ਦਿਨ ਦਾ ਸਮਾਂ ਲੱਗ ਗਿਆ।
ਤਿੰਨ ਸਾਲ ਦੀ ਉਮਰ ਵਿਚ ਇਹ ਨੌਜਵਾਨ ਨਵੀਂ ਦਿੱਲੀ ਤੋਂ ਇਥੇ ਆਪਣੇ ਪਰਿਵਾਰ ਨਾਲ ਆਇਆ ਸੀ। 2008 ਦੇ ਵਿਚ ਦੇਸ਼ ਦਾ ਨਾਗਰਿਕ ਬਣਿਆ। ਇਸ ਨੌਜਵਾਨ ਨੇ ਮਾਉਂਟ ਈਡਨ ਸਕੂਲ, ਕੋਨੀਫਰ ਸਕੂਲ ਟਾਕਾਨੀਨੀ, ਰੋਜ਼ਹਿਲ ਕਾਲਜ ਪਾਪਾਕੁਰਾ ਦੀ ਪੜ੍ਹਾਈ ਤੋਂ ਬਾਅਦ ਯੂਨੀਟੈਕ ਤੋਂ ਆਰਕੀਟੈਕਚਰਲ ਡਿਪਲੋਮਾ ਹਾਸਿਲ ਕੀਤਾ। ਸਿੱਖੀ ਦੇ ਵਿਚ ਪੂਰਨ ਵਿਸ਼ਵਾਸ਼, ਖਾਲਸਾ ਹੈਰੀਟੇਜ ਸਕੂਲ ਗੁਰਦੁਆਰਾ ਸਾਹਿਬ ਟਾਕਾਨੀਨੀ 'ਚ ਪੰਜਾਬੀ ਦੀ ਪੜ੍ਹਾਈ, ਨਾਲ ਦੀ ਨਾਲ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿੱਖਿਆ ਅਤੇ ਸਿੱਖ ਮਾਰਸ਼ਲ ਆਰਟ (ਗਤਕੇ) ਦੇ ਵਿਚ ਵੀ ਮੁਹਾਰਿਤ ਹਾਸਿਲ ਕੀਤੀ। ਇਸ ਨੌਜਵਾਨ ਦੇ ਪਰਿਵਾਰ ਵਿਚੋਂ ਮਾਤਾ ਅੰਮ੍ਰਿਤ ਨੈਨਾ ਕੌਰ, ਸਤਿਕਾਰਯੋਗ ਪਿਤਾ ਤੇਜਾ ਸਿੰਘ (ਕ੍ਰਿਸਟੋਫਰ ਮਿਕਗਗਰ) ਅਤੇ ਛੋਟੇ ਭਰਾ ਅਜੀਤ ਸਿੰਘ ਨੇ ਬਹੁਤ ਹੌਂਸਲਾ ਅਫਜਾਈ ਕੀਤੀ ਹੈ। ਮਾਮੇ ਦੀ ਕੁੜੀ ਆਰਕੀਟੈਕਟ ਜਸਪ੍ਰੀਤ ਕੌਰ ਅਤੇ ਮਾਮੇ ਦਾ ਬੇਟਾ ਇੰਜੀਨੀਅਰ ਮਨਮੋਹਨ ਸਿੰਘ ਇਸਦੇ ਆਦਰਸ਼ ਹਨ। ਸ਼ਾਲਾ! ਇਹ ਨੌਜਵਾਨ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿ ਕੇ ਪੂਰੇ ਭਾਰਤੀ ਭਾਈਚਾਰੇ ਅਤੇ ਸਿੱਖ ਧਰਮ ਦਾ ਨਾਂਅ ਰੌਸ਼ਨ ਕਰੇ।