ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 11 ਅਗਸਤ 2020 - ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਤੇ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਨੇ ਆਜ਼ਾਦੀ ਦਿਹਾੜੇ ਮੌਕੇ ਗੁਰੂ ਨਾਨਕ ਸਟੇਡੀਅਮ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸਮਾਗਮ ਮੌਕੇ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਰਾਸ਼ਟਰੀ ਤਿਉਹਾਰ ਨੂੰ ਸੁਚੱਜੇ ਢੰਗ ਨਾਲ ਮਨਾਉਣ ਲਈ ਉਨ੍ਹਾਂ ਨੂੰ ਸਾਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਨਿੱਜੀ ਦਿਲਚਸਪੀ ਲੈਂਦੇ ਹੋਏ ਮਿਹਨਤ ਤੇ ਲਗਨ ਨਾਲ ਪੂਰਾ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਵਿਡ ਦੇ ਮੱਦੇਨਜ਼ਰ ਆਜ਼ਾਦੀ ਦਿਹਾੜੇ ਮੌਕੇ ਕੀਤੇ ਜਾਣ ਵਾਲੇ ਸਮਾਗਮਾਂ ਸਬੰਧੀ ਜਾਰੀ ਹਦਾਇਤਾਂ ਤਹਿਤ ਜ਼ਿਲ੍ਹਾ ਪੱਧਰੀ ਸਮਾਗਮ ਸੰਖੇਪ ਰੂਪ 'ਚ ਕਰਵਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਟੇਜ ਦੀ ਸਜਾਵਟ, ਗਰਾਊਾਡ ਦੀ ਸਾਫ਼-ਸਫ਼ਾਈ, ਸੈਨੇਟਾਈਜੇਸ਼ਨ, ਨਿਰਵਿਘਨ ਬਿਜਲੀ ਸਪਲਾਈ, ਪੀਣ ਵਾਲੇ ਪਾਣੀ ਦੇ ਪ੍ਰਬੰਧ, ਸਵਾਗਤੀ ਗੇਟ, ਪਬਲਿਕ ਐਡਰੈਸ ਸਿਸਟਮ, ਰਿਕਵਰੀ ਵੈਨ, ਫਾਇਰ ਟੈਂਡਰ, ਚੌਕਾਂ ਦੀ ਸਜਾਵਟ, ਰਿਫਰੈਸ਼ਮੈਂਟ, ਬੈਰੀਕੇਡਿੰਗ, ਬੈਠਣ ਦੇ ਪ੍ਰਬੰਧਾਂ ਆਦਿ ਦਾ ਜਾਇਜ਼ਾ ਲਿਆ। ਇਸ ਮੌਕੇ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਸਮਾਗਮ ਦੌਰਾਨ ਸੁਰੱਖਿਆ, ਪਾਰਕਿੰਗ ਤੇ ਸੁਚਾਰੂ ਆਵਾਜਾਈ ਦੇ ਪੁਖਤਾ ਇੰਤਜਾਮ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਮੁੱਚੇ ਸਮਾਗਮ ਦੌਰਾਨ ਕੋਵਿਡ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ, ਸਹਾਇਕ ਕਮਿਸ਼ਨਰ ਅਨਮਜੋਤ ਕੌਰ, ਐੱਸ. ਡੀ. ਐਮ.-1 ਵਿਕਾਸ ਹੀਰਾ, ਐਸ. ਡੀ. ਐਮ.-2 ਡਾ: ਸ਼ਿਵਰਾਜ ਸਿੰਘ ਬੱਲ ਤੇ ਹੋਰ ਅਧਿਕਾਰੀ ਹਾਜ਼ਰ ਸਨ।