ਮਨਿੰਦਰਜੀਤ ਸਿੱਧੂ
- ਜੇਕਰ ਮੰਗਾਂ ਨਾ ਮੰਨੀਆਂ ਤਾਂ ਮੁਲਾਜ਼ਮ ਅਤੇ ਪੈਨਸ਼ਨਰ ਸੰਘਰਸ਼ਾਂ ਦਾ ਪਿੜ ਮਘਾਉਣਗੇ- ਪ੍ਰਧਾਨ ਗੁਰਦੀਪ ਸਿੰਘ
ਜੈਤੋ, 12 ਅਗਸਤ 2020 - ਸਥਾਨਕ ਪੁਰਾਣੇ ਤਹਿਸੀਲ ਕੰਪਲੈਕਸ ਵਿਖੇ ਸਥਿਤ ਪੰਜਾਬ ਸਰਕਾਰ ਪੈਨਸ਼ਨਰਜ਼ ਭਵਨ ਵਿਖੇ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਉੱਪਰ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਉੱਪ ਮੰਡਲ ਬਰਾਂਚ ਜੈਤੋ ਦੇ ਪ੍ਰਧਾਨ ਗੁਰਦੀਪ ਸਿੰਘ ਬਰਾੜ ਦੀ ਅਗਵਾਈ ਵਿੱਚ ਹਲਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਸੰਬੰਧੀ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ। ਪ੍ਰਧਾਨ ਗੁਰਦੀਪ ਸਿੰਘ ਨੇ ਵਿਧਾਇਕ ਨਾਲ ਆਪਣੀਆਂ ਮੰਗਾਂ ਸੰਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਜੁਲਾਈ 2018 ਤੋਂ ਜੁਲਾਈ 2020 ਤੱਕ ਡੀ.ਏ ਦੀਆਂ 5 ਕਿਸ਼ਤਾਂ ਅਤੇ 133 ਮਹੀਨਿਆਂ ਦਾ ਬਕਾਇਆ ਖੜਾ ਹੈ। ਉਹਨਾਂ ਕਿਹਾ ਕਿ ਹਰੇਕ ਲਈ 2000 ਰੁਪਏ ਪ੍ਰਤੀ ਮਹੀਨਾ ਬੱਝਵਾਂ ਮੈਡੀਕਲ ਭੱਤਾ ਜਾਰੀ ਕੀਤਾ ਜਾਵੇ ਅਤੇ 1 ਜਨਵਰੀ 2004 ਤੋਂ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਇਸ ਤੋਂ ਇਲਾਵਾ ਉਹਨਾਂ ਪੇ ਕਮਿਸ਼ਨ ਦੀ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਜਲਦ ਤੋਂ ਜਲਦ ਲਾਗੂ ਕਰਨ ਦੀ ਮੰਗ ਵੀ ਕੀਤੀ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ ਮੰਗਾਂ ਨਾ ਮੰਨੀਆਂ ਤਾਂ ਉਹਨਾਂ ਨੂੰ ਮਜਬੂਰਨ ਸੰਘਰਸ਼ਾਂ ਦੇ ਲਈ ਪਿੜ ਮਘਾਉਣੇ ਪੈਣਗੇ।
ਵਿਧਾਇਕ ਬਲਦੇਵ ਸਿੰਘ ਨੇ ਕਿਹਾ ਕਿ ਉਹ ਖੁਦ ਪੰਜਾਬ ਸਰਕਾਰ ਦੇ ਮੁਲਾਜ਼ਮ ਰਹੇ ਹਨ ਅਤੇ ਉਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਨੂੰ ਗਹਿਰਾਈ ਤੱਕ ਸਮਝਦੇ ਹਨ। ਪੰਜਾਬ ਸਰਕਾਰ ਹਰ ਫਰੰਟ ਉੱਪਰ ਫੇਲ ਹੋ ਚੁੱਕੀ ਹੈ ਅਤੇ ਲੋਕਾਂ ਦਾ ਉਸ ਉੱਪਰੋਂ ਵਿਸ਼ਵਾਸ ਉੱਠ ਚੁੱਕਾ ਹੈ। ਉਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣਗੇ ਅਤੇ ਵਿਧਾਨ ਸਭਾ ਵਿੱਚ ਵੀ ਜੋਰ ਸ਼ੋਰ ਨਾਲ ਉਠਾਉਣਗੇ। ਇਸ ਮੌਕੇ ਜ਼ਿਲਾ ਜਰਨਲ ਸਕੱਤਰ ਜਗਦੀਸ਼ ਰਾਏ ਅਰੋੜਾ, ਜਰਨਲ ਸਕੱਤਰ ਰਾਜੀਵ ਗੋਇਲ, ਵਿੱਤ ਸਕੱਤਰ ਗੁਰਮੀਤ ਸਿੰਘ, ਮਾਸਟਰ ਜੁਗਿੰਦਰ ਸਿੰਘ, ਪਟਵਾਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਭਗਵਾਨ ਸਿੰਘ, ਤਹਿਸੀਲ ਪ੍ਰਧਾਨ ਹਰਵਿੰਦਰ ਸਿੰਘ ਮੱਤਾ ਅਤੇ ਪ੍ਰਕਾਸ਼ ਸਿੰਘ ਆਦਿ ਸ਼ਾਮਲ ਸਨ।