ਜਗਦੀਸ਼ ਥਿੰਦ
ਫਾਜ਼ਿਲਕਾ, 12 ਅਗਸਤ
ਪੰਜਾਬ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਅੱਜ ਨੌਜਵਾਨਾਂ ਨੂੰ ਮੋਬਾਇਲ ਫੋਨ ਦੇਣ ਦੀ ਮੁਹਿੰਮ ਦਾ ਅਗਾਜ ਕਰ ਦਿੱਤਾ।
ਫ਼ਾਜ਼ਿਲਕਾ ਅੰਦਰ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੀ ਸ਼ੁਰੂਆਤ ਕਰਨ ਮੌਕੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਰਵਿੰਦਰਪਾਲ ਸਿੰਘ ਸੰਧੂ , ਵਿਧਾਇਕ ਰਮਿੰਦਰ ਸਿੰਘ ਆਵਲਾ , ਸਾਬਕਾ MP ਸ਼ੇਰ ਸਿੰਘ ਘੁਬਾਇਆ ਅਤੇ ਹੋਰ ਅਧਿਕਾਰੀ । ਤਸਵੀਰ : ਜਗਦੀਸ਼ ਥਿੰਦ
-------------------------------------------
ਇਸ ਸਬੰਧੀ ਫਾਜ਼ਿਲਕਾ ਵਿਖੇ ਕੋਵਿਡ ਦੇ ਮੱਦੇਨਜਰ ਹੋਏ ਇਕ ਸਾਦੇ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਵਿਧਾਇਕ ਸ: ਰਮਿੰਦਰ ਸਿੰਘ ਆਵਲਾਂ ਅਤੇ ਸਾਬਕਾ ਸਾਂਸਦ ਸ: ਸ਼ੇਰ ਸਿੰਘ ਘੁਬਾਇਆ ਨਾਲ ਮਿਲ ਕੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਇਹ ਮੋਬਾਇਲ ਵੰਡਣ ਦੀ ਪ੍ਰਿਆ ਦੀ ਸ਼ੁਰੂਆਤ ਕਰਵਾਈ।
ਇਸ ਤੋਂ ਪਹਿਲਾਂ ਵਿਡੀਓ ਕਾਨਫਰੰਸ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ ਤੋਂ ਇਸ ਮੁਹਿੰਮ ਦਾ ਅਗਾਜ ਕੀਤਾ। ਉਨਾਂ ਨੇ ਇਸ ਮੌਕੇ ਰਾਜ ਭਰ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਸਾਡੇ ਬੱਚਿਆਂ ਨੂੰ ਦੁਨੀਆਂ ਨਾਲ ਜੋੜੇ ਜਾਣ ਦਾ ਜਰੀਆ ਬਣੇਗਾ। ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਨਾਲ ਰਾਜ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਪੜਾਈ ਵਿਚ ਸੁਧਾਰ ਹੋਇਆ ਹੈ।
ਇਸ ਮੌਕੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਜਿੰਨਾਂ ਬੱਚਿਆਂ ਨੂੰ ਇਹ ਫੋਨ ਦਿੱਤੇ ਜਾ ਰਹੇ ਹਨ ਉਨਾਂ ਵਿਚੋਂ 1.12 ਲੱਖ ਪੇਂਡੂ ਖੇਤਰਾਂ ਨਾਲ ਸਬੰਧਤ ਹਨ। ਉਨਾਂ ਨੇ ਕਿਹਾ ਰਾਜ ਸਰਕਾਰ ਦੇ ਯਤਨਾਂ ਨਾਲ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਾਖਲਿਆਂ ਵਿਚ ਵਾਧਾ ਹੋਇਆ ਹੈ। ਉਦਯੋਗ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਇਸ ਪ੍ਰੌਜੈਕਟ ਤੇ ਸਰਕਾਰ 92 ਕਰੋੜ ਰੁਪਏ ਖਰਚ ਕਰ ਰਹੀ ਹੈ। ਖੇਡ ਮੰਤਰੀ ਸ: ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਨੌਜਵਾਨਾਂ ਵਿਚ ਉਤਸਾਹ ਵਧਿਆ ਹੈ। ਸੂਬਾ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਇਸ ਸਕੀਮ ਨੂੰ ਅਮਲੀ ਜਾਮਾ ਪਹਿਨਾਏ ਜਾਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਓਧਰ ਇੱਥੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਫਾਜ਼ਿਲਕਾ ਜ਼ਿਲੇ ਵਿਚ 12ਵੀਂ ਜਮਾਤ ਦੀਆਂ 8670 ਵਿਦਿਆਰਥੀਆਂ ਨੂੰ ਇਹ ਫੋਨ ਦਿੱਤੇ ਜਾਣਗੇ। ਉਨਾਂ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਆਪਣੀ ਪੜਾਈ ਵਿਚ ਸਹੁਲਤ ਮਿਲੇਗੀ ਉਥੇ ਹੀ ਉਨਾਂ ਲਈ ਗਿਆਨ ਦੇ ਦਰਵਾਜੇ ਖੁੱਲਣਗੇ ਅਤੇ ਉਹ ਆਪਣੇ ਕੈਰੀਅਰ ਸਬੰਧੀ ਨਵੀਂ ਨਵੀਂ ਜਾਣਕਾਰੀ ਲੈ ਸਕਣਗੇ।
ਸਾਬਕਾ ਸਾਂਸਦ ਸ: ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਕੌਮਾਂਤਰੀ ਨੌਜਵਾਨ ਦਿਹਾੜੇ ਤੇ ਇਸ ਸਕੀਮ ਦੀ ਸ਼ੁਰੂਆਤ ਕਰਕੇ ਪੰਜਾਬ ਸਰਕਾਰ ਨੇ ਦੱਸ ਦਿੱਤਾ ਹੈ ਕਿ ਉਸ ਲਈ ਨੌਜਵਾਨ ਪ੍ਰਮੁੱਖ ਤਰਜੀਹ ਹਨ।
ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਸ੍ਰੀ ਰਮਿੰਦਰ ਸਿੰਘ ਆਵਲਾ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਇਸ ਸਕੀਮ ਤਹਿਤ 173823 ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਹ ਮੋਬਾਇਲ ਫੋਨ ਮਿਲਣੇ ਹਨ। ਉਨਾਂ ਨੇ ਇਸ ਮੌਕੇ ਐਲਾਣ ਕੀਤਾ ਕਿ ਜਲਾਲਾਬਾਦ ਹਲਕੇ ਦੇ 25 ਸਕੂਲਾਂ ਵਿਚ ਵਿਦਿਆਰਥੀਆਂ ਨੂੰ ਮੁਫ਼ਤ ਡਿਜਟਿਲ ਸਾਖਰਤਾ ਦੇਣ ਦਾ ਪ੍ਰਜੈਕਟ ਉਨਾਂ ਨੇ ਸ਼ੁਰੂ ਕੀਤਾ ਹੈ ਅਤੇ ਸਕੂਲ ਖੁੱਲਣ ਤੇ ਇਸ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਵਿਦਿਆਰਥੀਆਂ ਨੇ ਫੋਨ ਮਿਲਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਐਸ.ਡੀ.ਐਮ. ਸ੍ਰੀ ਸੂਬਾ ਸਿੰਘ, ਸ੍ਰੀ ਕੇਸਵ ਗੋਇਲ, ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਤਿ੍ਰਲੋਚਣ ਸਿੰਘ ਸਿੱਧੂ, ਉਪ ਜ਼ਿਲਾ ਸਿੱਖਿਆ ਅਫ਼ਸਰ ਬਿ੍ਰਜਮੋਹਨ ਸਿੰਘ ਬੇਦੀ, ਜਿਲਾ ਪ੍ਰਧਾਨ ਸ੍ਰੀ ਰੰਜਮ ਕਾਮਰਾ ਆਦਿ ਵੀ ਹਾਜਰ ਸਨ।