ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 13 ਅਗਸਤ 2020 - ਨਿਊਜ਼ੀਲੈਂਡ ਦੇ ਵਿਚ ਕੋਰੋਨਾ ਭਾਵੇਂ 100 ਦਿਨ ਤੱਕ ਆਮ ਜਨਤਾ ਦੇ ਵਿਚ ਵੜ ਨਹੀਂ ਸਕਿਆ ਪਰ ਇਹ 102 ਦਿਨ ਪੂਰੇ ਹੁੰਦੇ ਹੀ ਇਕ ਪਰਿਵਾਰ ਦੇ 4 ਜੀਆਂ ਨੂੰ ਚਿੰਬੜਿਆ ਪਾਇਆ ਗਿਆ। ਜਿਸ ਨੂੰ ਸਰਕਾਰ ਨੇ ਐਨੀ ਗੰਭੀਰਤਾ ਨਾਲ ਲਿਆ ਕਿ ਔਕਲੈਂਡ ਖੇਤਰ ਦੇ ਵਿਚ ਲੌਕਡਾਊਨ 3 ਲਗਾ ਦਿੱਤਾ ਗਿਆ ਅਤੇ ਪੂਰੇ ਦੇਸ਼ ਵਿਚ ਲੌਕਡਾਊਨ 2 ਲਾਗੂ ਕਰ ਦਿੱਤਾ ਗਿਆ। ਅੱਜ ਉਸੇ ਪਰਿਵਾਰ ਦੇ ਸੰਪਰਕ ਵਿਚ ਆਏ 13 ਹੋਰ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਜਿਸ ਕਰਕੇ ਕੋਰੋਨਾ ਦਾ ਖਿਲਾਰਾ ਇੱਥੇ ਪੈ ਗਿਆ ਹੈ ਅਤੇ ਪੂਰਾ ਮੁਲਕ ਫਿਕਰਾਂ ਵਿਚ ਪੈ ਗਿਆ ਹੈ।
ਅੱਜ ਕੁੱਲ 14 ਕੇਸ ਆਏ ਜਿਨ੍ਹਾਂ ਵਿਚੋਂ 13 ਕਮਿਊਨਿਟੀ ਵਿਚੋਂ ਸਨ ਅਤੇ 1 ਪ੍ਰਬੰਧ ਅਧੀਨ ਚਲਦੇ ਏਕਾਂਤਵਾਸ ਵਿਚੋਂ ਸੀ। ਕਮਿਊਨਿਟੀ ਟਰਾਂਸਮਿਸ਼ਨ ਨਾਲ ਸੰਬੰਧਿਤ ਸਾਰੇ 13 ਕੇਸ ਮੈਡੀਕਲ ਸਹੂਲਤਾਂ ਵਾਲੇ ਕੁਆਰਨਟੀਨ ਵਾਲੇ ਹੋਟਲ ਵਿੱਚ ਜਾਣਗੇ। ਵਰਨਣਯੋਗ ਹੈ ਕਿ ਇਨ੍ਹਾਂ ਨਵੇਂ ਆਏ ਮਾਮਲਿਆਂ ਵਿੱਚ ਬੱਚੇ ਵੀ ਸ਼ਾਮਿਲ ਹਨ, ਜਿਨਾਂ ਵਿੱਚ ਇੱਕ ਲੜਕੀ 4 ਕੁ ਸਾਲ ਦੀ ਹੈ ਜਦੋਂ ਕਿ ਦੂਜਾ ਲੜਕਾ 9 ਕੁ ਸਾਲ ਦਾ ਹੈ। ਇੱਕ ਹੋਰ 14 ਕੁ ਸਾਲ ਦੀ ਲੜਕੀ ਹੈ ਜਿਸ ਦਾ ਟੈਸਟ ਪਾਜ਼ੀਟਿਵ ਆਇਆ ਹੈ, ਜਦੋਂ ਕਿ ਇੱਕ ਨੌਜਵਾਨ ਲੜਕਾ ਜੋ 19 ਸਾਲ ਦੀ ਉਮਰ ਦਾ ਹੈ ਜੋ ਨਵੇਂ ਆਏ ਮਾਮਲਿਆਂ ਵਿੱਚ ਸ਼ਾਮਿਲ ਹੈ। ਇਕ ਪਾਜ਼ੀਟਿਵ ਵਿਦਿਆਰਥੀ ਐਮ. ਆਈ. ਟੀ. ਓਟਾਰਾ ਨਾਲ ਵੀ ਸਬੰਧਿਤ ਹੈ। ਲਾਕਡਾਊਨ ਕਰਕੇ ਇਹ ਸਿੱਖਿਆ ਸੰਸਥਾਨ ਬੰਦ ਚੱਲ ਰਿਹਾ ਹੈ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1589 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹੀ ਹਨ। ਜਿਨ੍ਹਾਂ ਵਿੱਚੋਂ 1,239 ਕੰਨਫ਼ਰਮ ਤੇ 350 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾ ਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 1531 ਹੀ ਹੈ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਹੁਣ 36 ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਇਕ ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖ਼ਲ ਹੈ। ਮੌਤਾਂ ਦੀ ਗਿਣਤੀ 22 ਹੀ ਹੈ।