← ਪਿਛੇ ਪਰਤੋ
ਜਗਦੀਸ਼ ਥਿੰਦ
ਫਾਜ਼ਿਲਕਾ, 13 ਅਗਸਤ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲੇ੍ਹ ਅੰਦਰ 314 ਜਣੇ ਕਰੋਨਾ ਨੂੰ ਮਾਤ ਦੇ ਕੇ ਆਪੋ-ਆਪਣੀ ਜਿੰਦਗੀ ਵਿਚ ਕੰਮਾਂ-ਕਾਰਾਂ ਵਿਚ ਮੁੜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਅੰਦਰ ਹੁਣ ਤੱਕ 404 ਕਰੋਨਾ ਪਾਜੀਟਿਵ ਕੇਸ ਆਏ ਸਨ ਜਿਨ੍ਹਾਂ ਵਿਚੋਂ 314 ਆਪਣੇ ਘਰਾਂ ਨੂੰ ਪਰਤ ਗਏ ਹਨ ਜੋ ਕਿ ਠੀਕ ਹੋਣ ਵਾਲਿਆਂ ਦੀ 77 ਫੀਸਦੀ ਰਿਕਵਰੀ ਦਰ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ੍ਹ ਅੰਦਰ ਹੁਣ ਤੱਕ ਕੁੱਲ 17772 ਸੈਂਪਲ ਲਏ ਗਏ ਸਨ ਜਿਨ੍ਹਾਂ ਵਿਚੋਂ 17191 ਲੋਕਾਂ ਦੇ ਸੈਂਪਲ ਨੈਗੇਟਿਵ ਆਏ ਹਨ।ਉਨ੍ਹਾਂ ਦੱਸਿਆ ਕਿ ਅੱਜ 5 ਹੋਰ ਜਣਿਆਂ ਨੇ ਕਰੋਨਾ ਨੂੰ ਹਰਾਇਆ ਹੈ ਜ਼ੋ ਕਿ ਸਾਡੇ ਸਭ ਦੇ ਲਈ ਖੁਸ਼ ਖਬਰ ਹੈ।ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਅੰਦਰ ਅੱਜ ਕੁੱਲ 8 ਨਵੇਂ ਕੇਸ ਆਏ ਹਨ ਜਿਨਾਂ ਨੂੰ ਮਿਲਾ ਕੇ ਕੁੱਲ ਐਕਟਿਵ ਕੇਸ 88 ਹੋ ਗਏ ਹਨ। ਇਸ ਤੋਂ ਇਲਾਵਾ ਜ਼ਿਲੇ੍ਹ ਅੰਦਰ ਹੁਣ ਤੱਕ 2 ਜਣਿਆਂ ਦੀ ਮੌਤ ਹੋਈ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਅਸੀਂ ਸਾਵਧਾਨੀਆਂ ਦੀ ਵਰਤੋਂ ਨਹੀਂ ਕਰਾਂਗੇ ਤਾਂ ਕਰੋਨਾ ਦਾ ਪ੍ਰਕੋਪ ਇਸੇ ਤਰ੍ਹਾਂ ਫੈਲਦਾ ਰਹੇਗਾ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਬਾਹਰ ਜਾਣ ਸਮੇਂ ਮੂੰਹ `ਤੇ ਮਾਸਕ ਜਰੂਰ ਪਾਉ, ਆਪਸ ਵਿਚ ਸਮਾਜਿਕ ਦੂਰੀ ਬਰਕਰਾਰ ਰੱਖੋ, ਹੱਥਾਂ ਨੂੰ ਵਾਰ-ਵਾਰ ਧੋਂਦੇ ਰਹੋ ਅਤੇ ਲੋੜ ਅਨੁਸਾਰ ਹੀ ਘਰ ਤੋਂ ਬਾਹਰ ਜਾਓ। ਕਰੋਨਾ ਵਾਇਰਸ ਦਾ ਅਜੇ ਤੱਕ ਇਲਾਜ ਨਾ ਹੋਣ ਕਰਕੇ ਇਸ ਨੂੰ ਸਿਰਫ ਤੇ ਸਿਰਫ ਬਚਾਅ ਤੇ ਸਾਵਧਾਨੀਆਂ ਨਾਲ ਹੀ ਹਰਾਇਆ ਜਾ ਸਕਦਾ ਹੈ।
Total Responses : 267