ਰਾਮ ਕੁਮਾਰ ਮਿੱਤਲ
- ਜਥੇਦਾਰ ਬਲਜੀਤ ਸਿੰਘ ਦਾਦੂਵਾਲ ਬਣੇ ਐਚਐਸਜੀਪੀਸੀ ਦੇ ਪ੍ਰਧਾਨ
- 2 ਵੋਟਾਂ ਦੇ ਫਰਕ ਨਾਲ ਕੀਤੀ ਜਿੱਤ ਹਾਸਲ
- ਦਾਦੂਵਾਲ ਨੂੰ 19 ਅਤੇ ਖਾਲਸਾ ਨੂੰ ਮਿਲੀਆਂ 17 ਵੋਟਾਂ
- ਵੋਟਾਂ ਦੇ ਕਾਰਨ ਪੁਲਿਸ ਦਾ ਪਹਿਰਾ ਰਿਹਾ ਸਖਤ, ਛਾਉਣੀ 'ਚ ਤਬਦੀਲ ਹੋਇਆ ਗੁਰਦੁਆਰਾ ਸਾਹਿਬ
ਗੂਹਲਾ ਚੀਕਾ, 13 ਅਗਸਤ 2020 - ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਹੁਦੇ ਨੂੰ ਲੈ ਕੇ ਵੀਰਵਾਰ ਨੂੰ ਹੋਈ ਚੋਣ ਵਿੱਚ ਜਿੱਤ ਦਾ ਸਿਹਰਾ ਅਖੀਰ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਸਿਰ ਸਜ ਹੀ ਗਿਆ। ਵੋਟਾਂ ਪਾਉਣ ਦਾ ਕੰਮ ਠੀਕ ਸਵੇਰੇ 10 ਵਜੇ ਸ਼ੁਰੂ ਹੋਇਆ। ਜਿਸ ਦੌਰਾਨ ਐਸਡੀਐਮ ਗੂਹਲਾ ਸ਼ਸ਼ੀ ਵਸੁੰਧਰਾ, ਐਸਡੀਐਮ ਕੈਥਲ ਸੰਜੈ ਕੁਮਾਰ, ਡਿਊਟੀ ਮੈਜਿਸਟਰੇਟ ਤਹਿਸੀਲਦਾਰ ਗੂਹਲਾ ਪ੍ਰਦੀਪ ਕੁਮਾਰ ਅਤੇ ਨਾਇਬ ਤਹਿਸੀਲਦਾਰ ਗੂਹਲਾ ਵੀਰੇਂਦਰ ਸ਼ਰਮਾ ਨੇ ਪੋਲਿੰਗ ਬੂਥ ਦਾ ਜਾਇਜਾ ਲਿਆ, ਜਿਸ ਤੋਂ ਬਾਅਦ ਚੋਣ ਪ੍ਰਕਿਰਿਆ ਸ਼ੁਰੂ ਕਰਵਾ ਦਿੱਤੀ ਗਈ। ਹਾਲਾਂਕਿ ਵਿੱਚ-ਵਿੱਚ ਚੋਣ ਪ੍ਰਕਿਰਿਆ ਨੂੰ ਕੁੱਝ ਸਮੇਂ ਲਈ ਰੋਕਿਆ ਗਿਆ, ਜਿਸ ਵਿੱਚ ਸਭ ਤੋਂ ਪਹਿਲਾਂ ਇੱਕ ਲੇਡੀ ਵੋਟਰ ਰਾਣਾ ਭੱਟੀ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ। ਇਸ ਤੋਂ ਬਾਅਦ ਸਵਰਣ ਸਿੰਘ ਰਤੀਆ ਨੂੰ ਵੀ ਵੋਟ ਪਾਉਣ 'ਤੇ ਰੋਕ ਲਾ ਦਿੱਤੀ ਗਈ।
ਹਾਲਾਂਕਿ ਮੀਡੀਆ ਦੇ ਦਖਲ ਤੋਂ ਬਾਅਦ ਲੇਡੀ ਵੋਟਰ ਰਾਣਾ ਭੱਟੀ ਦੀ ਵੋਟ ਪਵਾ ਦਿੱਤੀ ਗਈ ਪਰ ਬਾਕੀ ਹੋਰ 7 ਵੋਟਰਾਂ ਨੂੰ ਵੋਟ ਪਾਉਣ ਨਹੀਂ ਦਿੱਤੀ ਗਈ। ਇਸ ਦੌਰਾਨ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਚੋਣ ਅਧਿਕਾਰੀ ਦਰਸ਼ਨ ਸਿੰਘ ਬਰਾੜੀ 'ਤੇ ਇੱਕ ਪਾਸੜ ਮਦਦ ਕਰਨ ਦੇ ਇਲਜ਼ਾਮ ਲਾਏ ਅਤੇ ਉਨ੍ਹਾਂ ਦੇ ਦੁਆਰਾ ਲਿਖਤੀ ਮੈਮੋਰੰਡਮ ਐਸਡੀਐਮ ਗੂਹਲਾ ਅਤੇ ਕੈਥਲ ਨੂੰ ਦਿੱਤਾ ਗਿਆ। ਮੈਮੋਰੰਡਮ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੁੱਲ 5 ਮੈਂਬਰ ਅਜਿਹੇ ਹਨ ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੀ ਨਹੀ ਹੈ, ਪਰ ਉਨ੍ਹਾਂ ਦੀ ਵੋਟ ਚੋਣ ਅਧਿਕਾਰੀ ਵੱਲੋਂ ਪਵਾ ਦਿੱਤੀ ਗਈ ਹੈ ਜਦੋਂ ਕਿ ਉਨ੍ਹਾਂ ਦੇ ਪੱਖ ਵਿੱਚ ਆਏ 19 ਮੈਬਰਾਂ ਵਿੱਚੋਂ 7 ਮੈਬਰਾਂ ਦੀਆਂ ਵੋਟਾਂ ਪੈਣ ਤੋਂ ਰੋਕੀ ਜਾ ਰਹੀਆਂ ਹਨ। ਐਸਡੀਐਮ ਸ਼ਸ਼ੀ ਵਸੂਧਰਾ ਅਤੇ ਐਸਡੀਐਮ ਸੰਜੈ ਕੁਮਾਰ ਨੇ ਇਸ ਦੌਰਾਨ ਕਾਫੀ ਲੰਮੇਂ ਸਮੇਂ ਤੱਕ ਵਿਚਾਰ ਵਿਟਾਂਦਰਾ ਕਰਨ ਤੋਂ ਬਾਅਦ ਵੋਟਾਂ ਪਾਉਣ ਦਾ ਕੰਮ ਸਮਾਂ ਖਤਮ ਹੋਣ ਤੋਂ ਪਹਿਲਾਂ ਹੀ ਕੁੱਝ ਸਮੇਂ ਲਈ ਰੋਕ ਦਿੱਤਾ ਗਿਆ ਅਤੇ ਕਮੇਟੀ ਦੇ ਸੰਵਿਧਾਨ ਨੂੰ ਠੀਕ ਤਰ੍ਹਾਂ ਪੜ੍ਹ ਕੇ ਫੈਸਲਾ ਲੈਣ ਦੀ ਗੱਲ ਕਹੀ ਗਈ। ਜਿਸ ਤੋਂ ਬਾਅਦ ਲਗਭਗ 2 ਵਜ ਕੇ 45 ਮਿੰਟ ਤੇ ਫਿਰ ਤੋਂ ਵੋਟਿੰਗ ਸ਼ੁਰੂ ਕਰਵਾ ਦਿੱਤੀ ਗਈ ਅਤੇ ਸਾਰੀਆਂ ਵੋਟਾਂ ਪਵਾ ਦਿੱਤੀਆਂ ਗਈਆਂ।
ਵੋਟਾਂ ਦਾ ਕਿਵੇਂ ਅਤੇ ਕਿਸਨੇ ਸੁਣਾਇਆ ਫੈਸਲਾ ?
ਵੋਟਾਂ ਪੈਣ ਦੇ ਕੁੱਝ ਸਮੇਂ ਬਾਅਦ ਹੀ ਫੈਸਲਾ ਨਹੀਂ ਸੁਣਾਇਆ ਗਿਆ। ਜਿਸ ਤੋਂ ਬਾਅਦ ਪ੍ਰਸ਼ਾਸਿਨਕ ਅਧਿਕਾਰੀਆਂ ਦੇ ਸਾਹਮਣੇ ਪੋਲਿੰਗ ਬੂਥ ਵਿੱਚ ਦੋਵੇਂ ਹੀ ਉਮੀਦਵਾਰ ਤੇ ਬੁਲਾਏ ਗਏ ਥੋੜ੍ਹੀ ਹੀ ਦੇਰ ਬਾਅਦ ਉਮੀਦਵਾਰ ਜਸਬੀਰ ਸਿੰਘ ਖਾਲਸਾ ਹੇਠਾਂ ਆ ਗਏ ਤੇ ਉਨ੍ਹਾਂ ਨੇ ਦਾਦੂਵਾਲ ਗਰੁੱਪ ਨੂੰ ਵਧਾਈ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਵੋਟਾਂ ਹਨ, ਇੱਕ ਦੀ ਜਿੱਤ ਤਾਂ ਹੋਣੀ ਹੀ ਸੀ ਅਤੇ ਉਹ ਦਾਦੂਵਾਲ ਨੂੰ ਉਨ੍ਹਾਂ ਦੀ ਜਿੱਤ ਤੇ ਵਧਾਈ ਦਿੰਦੇ ਹਨ। ਇਸ ਤੋਂ ਬਾਅਦ ਚੋਣ ਅਧਿਕਾਰੀ ਦਰਸ਼ਨ ਸਿੰਘ ਪੋਲਿੰਗ ਬੂਥ ਤੋਂ ਹੇਠਾਂ ਆਏ ਉਨ੍ਹਾਂ ਨੇ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਜਿੱਤ ਦਾ ਐਲਾਨ ਕੀਤਾ ਅਤੇ ਦੱਸਿਆ ਕਿ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ 36 ਵੋਟਾਂ ਵਿੱਚੋਂ 19 ਵੋਟ ਲੈ ਕੇ 2 ਵੋਟਾਂ ਤੋਂ ਜਿੱਤ ਗਏ ਹਨ, ਜਦੋਂ ਕਿ ਜਸਬੀਰ ਸਿੰਘ ਖਾਲਸਾ ਨੂੰ 17 ਵੋਟ ਪ੍ਰਾਪਤ ਹੋਈਆਂ ਸਨ।
ਸਖਤ ਰਿਹਾ ਪੁਲਿਸ ਪਹਿਰਾ...
ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਦੇ ਚਾਰੇਂ ਪਾਸਿਆਂ ਤੋਂ ਰਸਤੇ ਬੇਰਿਕੇਟਿੰਗ ਕਰਦੇ ਹੋਏ ਰੋਕ ਦਿੱਤੇ ਗਏ ਸਨ ਜਿਸ ਕਾਰਨ ਕੁੱਝ ਲੋਕਾਂ ਨੂੰ ਪਰੇਸ਼ਾਨੀ ਜਰੂਰ ਹੋਈ। ਅਜਿਹਾ ਵੀ ਅੰਦਾਜ਼ਾ ਲਾਇਆ ਗਿਆ ਕਿ ਪ੍ਰਸ਼ਾਸਨ ਦਾ ਇਸ ਦੌਰਾਨ ਮੁੱਖ ਮੰਤਰੀ ਦਫ਼ਤਰ ਨਾਲ ਸੰਪਰਕ ਰਿਹਾ।
ਪੁਲਿਸ ਕਪਤਾਨ ਕੈਥਲ ਨੇ ਹਾਲਾਤਾਂ ਦਾ ਦੋ ਵਾਰ ਲਿਆ ਜਾਇਜਾ
ਚੋਣ ਨੂੰ ਲੈ ਕੇ ਐਸਪੀ ਕੈਥਲ ਸ਼ਸ਼ਾਂਕ ਕੁਮਾਰ ਸਾਵਣ ਨੇ ਦੋ ਵਾਰ ਗੁਰਦੁਆਰਾ ਸਾਹਿਬ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਸਮੇਂ-ਸਮੇਂ 'ਤੇ ਵੋਟਾਂ ਦੀ ਅਪਡੇਟ ਵੀ ਉਨ੍ਹਾਂ ਵੱਲੋਂ ਲਈ ਜਾ ਰਹੀ ਸੀ। ਹਾਲਾਂਕਿ ਮੀਡੀਆ ਤੋਂ ਉਨ੍ਹਾਂ ਨੇ ਇਸ ਦੌਰਾਨ ਦੂਰੀ ਬਣਾਈ ਰੱਖੀ ਅਤੇ ਵੋਟਾਂ ਤੋਂ ਬਾਅਦ ਗੱਲ ਕਰਨ ਦਾ ਹਵਾਲਾ ਦੇ ਕੇ ਚਲੇ ਗਏ।
ਚੋਣ ਕਾਰਵਾਈ ਦੀ ਕਰਵਾਈ ਗਈ ਪੂਰੀ ਵੀਡੀਓਗਰਾਫੀ
ਚੋਣ ਪਰਿਕ੍ਰੀਆ ਖਤਮ ਹੋਣ ਤੱਕ ਪ੍ਰਸ਼ਾਸਨ ਵੱਲੋਂ ਪੂਰੇ ਮਾਮਲੇ ਦੀ ਵੀਡੀਓਗਰਾਫੀ ਕਰਵਾਈ ਗਈ। ਇਸ ਦੌਰਾਨ ਖੁਫੀਆ ਤੰਤਰ ਵੱਲੋਂ ਵੀ ਕਈ ਵਾਰ ਵੀਡੀਓਗਰਾਫੀ ਕਰਦੇ ਹੋਏ ਅਪਡੇਟ ਉੱਚ ਅਧਿਕਾਰੀਆਂ ਤੱਕ ਭੇਜੇ ਗਏ।
ਐਚਐਸਜੀਪੀਸੀ ਚੋਣ ਜਿੱਤਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਾਦੂਵਾਲ ਨੇ ਕਿਹਾ ਕਿ ਉਹ ਸਰਬਤ ਖਾਲਸਾ ਵਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਸਨ। ਉਨ੍ਹਾਂ ਕਿਹਾ ਕਿ ਜਥੇਦਾਰ ਦਾ ਅਹੁਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਮੂਹਰੇ ਬਹੁਤ ਵੱਡਾ ਹੈ। ਉਨ੍ਹਾਂ ਕਿਹਾ ਕਿ ਉਹ ਸਰਬੱਤ ਖਾਲਸਾ ਨੂੰ ਅਪੀਲ ਕਰਨਗੇ ਕਿ ਉਹ ਉਨ੍ਹਾਂ ਨੂੰ ਇਸ ਜ਼ਿੰਮੇਦਾਰੀ ਤੋਂ ਮੁਕਤ ਕਰਨ ਕਿਉਂਕਿ ਉਹ ਸੂਬਾ ਪੱਧਰ ਦੀ ਇਸ ਛੋਟੀ ਜ਼ਿੰਮੇਦਾਰੀ ਨੂੰ ਸੰਭਾਲ ਕੇ ਸੇਵਾ ਕਰਨਾ ਚਾਹੁੰਦੇ ਹਨ। ਦਾਦੂਵਾਲ ਨੇ ਕਿਹਾ ਕਿ ਕਿਸੇ ਹੋਰ ਸਾਥੀ ਨੂੰ ਜਥੇਦਾਰ ਬਣਾਏ ਜਾਣ ਦਾ ਉਹ ਸੁਆਗਤ ਕਰਣਗੇ। ਉਨ੍ਹਾਂ ਕਿਹਾ ਕਿ ਪੰਥ ਜੋ ਹੁਕਮ ਦੇਵੇਗਾ ਉਹ ਉਸ ਨੂੰ ਹੀ ਸਵੀਕਾਰ ਕਰਨਗੇ। ਉਨ੍ਹਾਂ ਨੇ ਕਿਹਾ ਕਿ ਚੋਣ ਅਧਿਕਾਰੀ ਵੱਲੋਂ 36 ਵੋਟਾਂ ਪੋਲ ਕਰਵਾਈਆਂ ਗਈਆਂ ਹਨ, ਜਿਨ੍ਹਾਂ 'ਚੋਂ ਅਸੀ 32 ਵੋਟਾਂ ਹੀ ਮੰਨਦੇ ਹਾਂ, ਕਿਉਂਕਿ ਇਨ੍ਹਾਂ 'ਚੋਂ ਪੰਜ ਵੋਟਾਂ 'ਤੇ ਉਨ੍ਹਾਂ ਨੂੰ ਇਤਰਾਜ ਹੈ। ਦਾਦੂਵਾਲ ਨੇ 13 ਤਾਰੀਖ ਨੂੰ ਚੰਗਾ ਮੰਨਦੇ ਹੋਏ ਕਿਹਾ ਕਿ ਉਹ 13 ਜੁਲਾਈ ਨੂੰ ਕਾਰਜਕਾਰੀ ਪ੍ਰਧਾਨ ਬਣੇ ਸਨ ਅਤੇ 13 ਅਗਸਤ ਨੂੰ ਹੀ ਉਨ੍ਹਾਂ ਨੂੰ ਪ੍ਰਧਾਨ ਦੇ ਅਹੁਦੇ 'ਤੇ ਜਿੱਤ ਹਾਸਲ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਗੁੱਟਬਾਜੀ ਨਹੀਂ ਹੈ। ਅਸੀ ਸਾਰੇ ਕਮੇਟੀ ਮੈਂਬਰ ਰਲ ਮਿਲ ਕੇ ਸੁਪ੍ਰੀਮ ਕੋਰਟ ਵਿੱਚ ਚੱਲ ਰਹੇ ਕੇਸ ਦੀ ਲੜਾਈ ਲੜਾਂਗੇ। ਦਾਦੂਵਾਲ ਨੇ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ।
ਦਾਦੂਵਾਲ ਨੇ ਜਿੱਤ ਤੋਂ ਬਾਅਦ ਟੇਕਿਆ ਗੁਰਦੁਆਰਾ ਸਾਹਿਬ ਵਿੱਚ ਮੱਥਾ
ਜਿਵੇਂ ਹੀ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਐਲਾਨਿਆ ਗਿਆ ਤਾਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਆਪਣੇ ਸਾਥੀਆਂ ਸਮੇਤ ਮੱਥਾ ਟੇਕ ਕੇ ਅਰਦਾਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਸਰੋਪਾ ਭੇਂਟ ਕਰ ਉਨ੍ਹਾਂ ਦਾ ਸਨਮਾਨ ਕੀਤਾ।