ਜੀ ਐਸ ਪੰਨੂ
- ਵਿੱਤੀ ਸੰਕਟ ਦਾ ਸ਼ਿਕਾਰ ਪੰਜਾਬੀ ਯੂਨੀਵਰਸਿਟੀ ਦੇ ਧਰਨਿਆਂ 'ਚ ਪੁੱਜੇ ਵਿਰੋਧੀ ਧਿਰ ਦੇ ਨੇਤਾ
ਪਟਿਆਲਾ, 13 ਅਗਸਤ 2020 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਹੈ ਕਿ ਪ੍ਰਾਈਵੇਟ ਸਿੱਖਿਆ ਮਾਫ਼ੀਆ ਨਾਲ ਮਿਲ ਕੇ ਸਮੇਂ-ਸਮੇਂ ਸੂਬਾ ਸਰਕਾਰਾਂ (ਕੈਪਟਨ-ਬਾਦਲ) ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਮੇਤ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਗਿਣ-ਮਿੱਥ ਕੇ ਬਰਬਾਦ ਕੀਤਾ ਜਾ ਰਿਹਾ ਹੈ।
ਹਰਪਾਲ ਸਿੰਘ ਚੀਮਾ ਵੀਰਵਾਰ ਨੂੰ 'ਆਪ' ਆਗੂਆਂ ਨਾਲ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ-ਲੈਕਚਰਾਰਾਂ ਅਤੇ ਕਰਮਚਾਰੀ ਸਟਾਫ਼ ਵੱਲੋਂ ਲਗਾਏ ਧਰਨਿਆਂ 'ਚ ਸ਼ਿਰਕਤ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਪ੍ਰੋ. ਭੀਮ ਇੰਦਰ ਸਿੰਘ, ਨੀਨਾ ਮਿੱਤਲ, ਡਾ. ਬਲਬੀਰ, ਆਰਪੀਐਸ ਮਲਹੋਤਰਾ, ਤੇਜਿੰਦਰ ਮਹਿਤਾ ਅਤੇ ਵਲੰਟੀਅਰ ਮੌਜੂਦ ਸਨ।
ਹਰਪਾਲ ਸਿੰਘ ਚੀਮਾ ਨੇ ਪੰਜਾਬ ਅਤੇ ਪੰਜਾਬੀਅਤ ਲਈ ਪੰਜਾਬੀ ਯੂਨੀਵਰਸਿਟੀ ਦੀ ਬੇਹੱਦ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੋ ਸਰਕਾਰ ਮਾਂ-ਬੋਲੀ ਨੂੰ ਸਮਰਪਿਤ ਅਜਿਹੇ ਅਣਮੁੱਲੇ ਅਦਾਰਿਆਂ ਨੂੰ ਚਲਾ ਨਹੀਂ ਸਕਦੀ ਅਜਿਹੀ ਨਿਕੰਮੀ ਸਰਕਾਰ ਦੀ ਪੰਜਾਬ ਅਤੇ ਪੰਜਾਬੀਆਂ ਨੂੰ ਕੋਈ ਜ਼ਰੂਰਤ ਨਹੀਂ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਹੋਰ ਕੀ ਗੱਲ ਹੋ ਸਕਦੀ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਪਣੇ ਜੱਦੀ ਸ਼ਹਿਰ ਪਟਿਆਲਾ 'ਚ ਸਥਿਤ ਪੰਜਾਬੀ ਯੂਨੀਵਰਸਿਟੀ ਸਰਕਾਰੀ ਬੇਰੁਖ਼ੀ, ਬੇਲੋੜੀ ਸਿਆਸੀ ਦਖ਼ਲ ਅੰਦਾਜ਼ੀ ਅਤੇ ਲੋੜੀਂਦੇ ਫ਼ੰਡਾਂ ਬਗੈਰ ਦਮ ਤੋੜਦੀ ਜਾ ਰਹੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਹਲਾਤ ਇਹ ਹਨ ਕਿ ਪੰਜਾਬੀ ਯੂਨੀਵਰਸਿਟੀ 150 ਕਰੋੜ ਰੁਪਏ ਦੀ ਕਰਜ਼ਾਈ ਹੋ ਚੁੱਕੀ ਹੈ। ਸਰਕਾਰ ਇਸ ਮਿਆਰੀ ਸੰਸਥਾ ਨੂੰ ਵਿੱਤੀ ਸੰਕਟ 'ਚੋਂ ਕੱਢਣ ਲਈ ਕੋਈ ਰੁਚੀ ਨਹੀਂ ਦਿਖਾ ਰਹੀ, ਜਦਕਿ ਮੁੱਖ ਮੰਤਰੀ ਪ੍ਰਨੀਤ ਕੌਰ ਪਟਿਆਲਾ ਤੋਂ ਸੰਸਦ ਮੈਂਬਰ ਵੀ ਹਨ।
ਹਰਪਾਲ ਸਿੰਘ ਚੀਮਾ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰਜ਼ 'ਤੇ ਪੰਜਾਬ 'ਚ ਸਿੱਖਿਆ ਦਾ ਬਜਟ ਵਧਾਇਆ ਜਾਵੇ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਵਿਸ਼ੇਸ਼ ਵਿੱਤੀ ਪੈਕੇਜ ਰਾਹੀਂ ਵਿੱਤੀ ਸੰਕਟ 'ਚੋਂ ਕੱਢਿਆ ਜਾਵੇ। ਚੀਮਾ ਨੇ ਕਿਹਾ ਕਿ ਜੇਕਰ ਅਧਿਆਪਕਾਂ ਅਤੇ ਪ੍ਰੋਫੈਸਰਾਂ ਨੂੰ ਆਪਣੀਆਂ ਤਨਖ਼ਾਹਾਂ ਲਈ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਹੋਣ, ਤਾਂ ਕਿਸੇ ਵੀ ਸਰਕਾਰ ਲਈ ਬੇਹੱਦ ਸ਼ਰਮਨਾਕ ਵਰਤਾਰਾ ਹੁੰਦਾ ਹੈ।ਇਸ ਤੋਂ ਇਲਾਵਾ ਚੀਮਾ ਨੇ ਕਿਹਾ ਕਿ ਮਸਲਾ ਪਾਰਲੀਮੈਂਟ ਅਤੇ ਵਿਧਾਨ ਸਭਾ ਵਿੱਚ ਵੀ ਉਠਾਇਆ ਜਾਵੇਗਾ।
ਪਿਛਲੇ ਕਾਫੀ ਦਿਨਾਂ ਤੋਂ ਯੂਨੀਵਰਸਿਟੀ ਦੇ ਪ੍ਰੋਫੈਸਰ ਸਮੇ ਨਾਲ ਤਨਖਾਹ ਨਾ ਮਿਲਣ ਕਰਕੇ , ਡੀ ਏ ,ਜੀ ਪੀ ਐਫ ਨਾ ਮਿਲਣ ਕਰਕੇ ਐਜੀਟੈਸ਼ਨ ਕਰ ਰਹੇ ਹਨ ਪ੍ਰਧਾਨ ਪ੍ਰੋ ਬਰਾੜ ਦਾ ਕਹਿਣਾ ਹੈ ਕਿ 35 ਕਰੋੜ ਰੁਪਏ ਦਾ ਕਰਜ਼ਾ ਯਾਨੀ ਬੈਂਕ ਦਾ ਓਵਰ ਡ੍ਰਾਫਟ ਪਿਛਲੇ ਵੀ ਸੀ ਵੇਲੇ ਸੀ ਜਦੋਂ ਕਿ 120 ਕਰੋੜ ਰੁਪਏ ਦਾ ਕਰਜ਼ਾ ਇਸ ਵੀ ਸੀ ਦੇ ਸਮੇਂ ਵਿਚ ਪੈਦਾ ਹੋਇਆ ਹੈ ਕਿਉਂਕਿ ਇਸ ਵੀ ਸੀ ਦੀਆਂ ਗ਼ਲਤ ਨੀਤੀਆਂ ਹਨ ਨਾਲੇ ਇਸ ਵੀ ਸੀ ਨੇ ਜਿੰਨੀਆਂ ਇਨਕੁਆਇਰੀਆ ਹਨ ਸੱਭ ਪੈਡਿਂਗ ਰੱਖ ਰੱਖੀਆਂ ਹਨ। ਕੋਈ ਵੀ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ ਜਾਂਦਾ ਹੈ। ਯੂਨੀਵਰਸਿਟੀ ਵਿੱਚ ਬੇਲੋੜੀ ਭਰਤੀ ਕੀਤੀ ਜੋ ਕਿ ਘਰਾਂ ਵਿਚ ਕੰਮ ਕਰਨ ਲਈ ਕੀਤੀ ਹੋਈ ਹੈ। ਬਦੇਸ਼ਾਂ ਵਿੱਚ ਜਾਣ ਦੀ ਇਨਕੁਆਰੀ ਹੋਣੀਂ ਵੀ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਟੂਰਾ ਤੋਂ ਯੂਨੀਵਰਸਿਟੀ ਨੂੰ ਕੋਈ ਫਾਇਦਾ ਨਹੀਂ ਹੋਇਆ ਹੈ।ਇਹ ਵੀ ਦੇਖਿਆ ਗਿਆ ਹੈ ਕਿ ਯੂਨੀਵਰਸਿਟੀ ਵਿੱਚ ਹਾਲਾਤ ਇਨੇ ਵਿਗੜ ਗਏ ਹਨ ਕਿ ਚੰਗੇ ਤੇ ਸਖਤ ਪ੍ਰਬੰਧਕ ਤੋਂ ਬਿਨਾਂ ਸੁਧਰਨੇ ਮੁਸ਼ਕਿਲ ਹਨ ਹਰ ਕੋਈ ਲੀਡਰ ਬਣਿਆ ਫਿਰਦਾ ਹੈ ਤੇ ਜਿਸ ਕੀ ਲਾਠੀ ਉਸ ਕੀ ਭੈਸ ਵਰਗਾ ਮਾਹੌਲ ਬਣਿਆ ਹੋਇਆ ਹੈ।