ਹਰਿੰਦਰ ਨਿੱਕਾ
- ਬਰਸਾਤੀ ਪਾਣੀ ਇਕੱਠਾ ਕਰਨ ਲਈ 676 ਛੱਪੜ ਮੌਨਸੂਨ ਤੋਂ ਪਹਿਲਾਂ ਕਰਵਾਏ ਗਏ ਖਾਲੀ
ਸੰਗਰੂਰ, 13 ਅਗਸਤ 2020 - ਪਿੰਡਾਂ ’ਚ ਸਾਫ਼-ਸੁਥਰਾ ਮਾਹੌਲ ਸਿਰਜਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸਰਕਾਰ ਵੱਲੋਂ ਸੰਗਰੂਰ ਜ਼ਿਲ੍ਹੇ ’ਚ ਮੌਨਸੂਨ ਤੋਂ ਪਹਿਲਾਂ 676 ਛੱਪੜਾਂ ਦਾ ਗੰਦਾ ਪਾਣੀ ਕੱਢਵਾ ਕੇ ਸਫ਼ਾਈ ਕਰਵਾਈ ਜਾ ਚੁੱਕੀ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਥਾਪਰ ਮਾਡਲ ਅਨੁਸਾਰ 84 ਛੱਪੜਾਂ ਦਾ ਨਵੀਨੀਕਰਨ ਕਰਨ ਲਈ 2 ਕਰੋੜ 90 ਲੱਖ 33 ਹਜ਼ਾਰ ਰੁਪਏ ਖਰਚੇ ਗਏ ਹਨ ਤਾਂ ਜੋ ਮੀਂਹ ਦੇ ਪਾਣੀ ਨੂੰ ਸੰਭਾਲ ਕੇ ਇਸ ਦੀ ਜ਼ਰੂਰਤ ਅਨੁਸਾਰ ਵਰਤੋਂ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ 264 ਛੱਪੜਾਂ ’ਚੋਂ ਗਾਰ ਕੱਢਕੇ ਡੂੰਘਾਈ ’ਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਛੱਪੜਾਂ ਦੀ ਸਫ਼ਾਈ ਦੇ ਕੰਮ ਲਈ ਮਗਨਰੇਗਾ ਮਜ਼ਦੂਰਾਂ ਦੇ ਨਾਲ-ਨਾਲ ਮਸ਼ੀਨਰੀ ਦੀ ਵੀ ਮਦਦ ਲਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ ਵਿਚ ਛੱਪੜਾਂ ਦੀ ਸਫ਼ਾਈ ਕਰਕੇ ਉਨ੍ਹਾਂ ਵਿਚਲੀ ਗਾਰ ਕੱਢ ਕੇ ਪੁਨਰ ਨਿਰਮਾਣ ਕਰਨਾ ਇੱਕ ਯੋਗ ਉਪਰਾਲਾ ਹੈ ਅਤੇ ਇਸ ਨਾਲ ਪਿੰਡਾਂ ’ਚੋਂ ਗੰਦਗੀ ਦੂਰ ਕਰਨ ਦੇ ਨਾਲ-ਨਾਲ ਬਿਮਾਰੀਆਂ ਫੈਲਣ ਦੇ ਖ਼ਤਰੇ ਨੂੰ ਵੀ ਘਟਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਛੱਪੜਾਂ ਦਾ ਗੰਦਾ ਪਾਣੀ ਤੇ ਗਾਰ ਕੱਢ ਕੇ ਡੂੰਘਾਈ ਵਧਾਉਣ ਨਾਲ ਜਿੱਥੇ ਪਿੰਡਾਂ ਦੇ ਲੋਕਾਂ ਨੂੰ ਗੰਦਗੀ ਤੇ ਬਦਬੋ ਤੋਂ ਛੁਟਕਾਰਾ ਮਿਲੇਗਾ ਉੱਥੇ ਹੀ ਬਰਸਾਤਾਂ ਦੇ ਮੌਸਮ ’ਚ ਗਲੀਆਂ-ਨਾਲੀਆਂ ਤੇ ਘਰਾਂ ’ਚ ਗੰਦਾ ਪਾਣੀ ਦਾਖਲ ਹੋਣ ਦੀ ਸਮੱਸਿਆ ਤੋਂ ਵੀ ਨਿਜਾਤ ਮਿਲੇਗੀ।
ਰਾਮਵੀਰ ਨੇ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਬਾਕੀ ਰਹਿੰਦੇ ਛੱਪੜਾਂ ਦੀ ਗਾਰ ਕੱਢ ਕੇ ਇਨ੍ਹਾਂ ਨੂੰ ਡੂੰਘੇ ਤੇ ਸਾਫ਼-ਸੁਥਰੇ ਬਣਾਉਣ ਦੀ ਪ੍ਰਕਿਰਿਆ ਬਰਸਾਤਾਂ ਤੋਂ ਤੁਰੰਤ ਬਾਅਦ ਸ਼ੁਰੂ ਕਰਵਾਈ ਜਾਵੇ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵਾਸੀਆਂ ਨੂੰ ਚੰਗਾ ਰਹਿਣਯੋਗ ਵਾਤਾਵਰਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਮੰਤਵ ਤਹਿਤ ਲੋੜੀਂਦੇ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਛੱਪੜ ਪਾਣੀ ਸੰਭਾਲਣ ਦਾ ਰਵਾਇਤੀ ਜ਼ਰੀਆ ਹਨ ਅਤੇ ਜੇਕਰ ਇਨ੍ਹਾਂ ਨੂੰ ਮੁੜ ਉਸੇ ਹਾਲਤ ’ਚ ਲਿਆਂਦਾ ਜਾਵੇ ਤਾਂ ਇਹ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦਾ ਕੰਮ ਵੀ ਚੰਗੇ ਤਰੀਕੇ ਨਾਲ ਕਰ ਸਕਦੇ ਹਨ।