ਜਗਦੀਸ਼ ਥਿੰਦ
ਫਾਜ਼ਿਲਕਾ, 14 ਅਗਸਤ
ਪ੍ਰਦੂਸ਼ਣ ਮੁਕਤ ਵਾਤਾਵਰਣ ਸਿਰਜਣ ਅਤੇ ਲੰਬੀ ਜਿੰਦਗੀ ਜਿਉਣ ਲਈ ਸਾਡਾ ਆਲਾ-ਦੁਆਲਾ ਸਾਫ-ਸੁਥਰਾ ਤੇ ਸ਼ੁੱਧ ਹੋਣਾ ਚਾਹੀਦਾ ਹੈ। ਇਹ ਤਾਂ ਹੀ ਸੁਨਿਸ਼ਚਿਤ ਹੋ ਸਕਦਾ ਹੈ ਜਦੋਂ ਜ਼ਿਲੇ ਅੰਦਰ ਵੱਧ ਤੋਂ ਵੱਧ ਬੂਟੇ ਲੱਗੇ ਹੋਣ ਤੇ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਹੋਵੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕੀਤਾ।
ਉਨਾਂ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਮਗਨਰੇਗਾ ਰਾਹੀਂ ਜ਼ਿਲੇ ਅੰਦਰ ਲਗਭਗ 2 ਲੱਖ ਬੂਟਾ ਲਗਾਇਆ ਜਾ ਚੁੱਕਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਨਵਲ ਰਾਮ ਨੇ ਦੱਸਿਆ ਕਿ ਜ਼ਿਲੇ ਨੂੰ ਹਰਿਆ-ਭਰਿਆ ਬਣਾਉਣ ਲਈ 434 ਪੰਚਾਇਤਾਂ ਵਿਖੇ 5 ਲੱਖ ਬੂਟਾ ਲਗਾਇਆ ਜਾਣਾ ਹੈ। ਉਨਾਂ ਕਿਹਾ ਕਿ ਜ਼ਿਲੇ ਦੇ 5 ਬਲਾਕਾਂ ਵਿਖੇ ਪ੍ਰਤੀ ਬਲਾਕ ’ਚ ਇਕ-ਇਕ ਲੱਖ ਦੀ ਦਰ ਨਾਲ ਬੂਟੇ ਲਗਾਏ ਜਾਣ ਦੀ ਮੁਹਿੰਮ ਜਾਰੀ ਹੈ ਜਿਸ ਵਿੱਚੋਂ 282 ਗ੍ਰਾਮ ਪੰਚਾਇਤਾਂ ਵਿਖੇ ਲਗਭਗ 2 ਲੱਖ ਬੂਟੇ ਲਗਾਏ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਇਹ ਪੌਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ ਜਾ ਰਹੇ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਬੋਹਰ ਬਲਾਕ ਦੀਆਂ 36 ਗ੍ਰਾਮ ਪੰਚਾਇਤਾਂ ਵਿਖੇ 32494, ਅਰਨੀਵਾਲਾ ਬਲਾਕ ਦੀਆਂ 30 ਗ੍ਰਾਮ ਪੰਚਾਇਤਾਂ ਵਿਖੇ 26220, ਫ਼ਾਜ਼ਿਲਕਾ ਬਲਾਕ ਦੀਆਂ 59 ਗ੍ਰਾਮ ਪੰਚਾਇਤਾਂ ਵਿਖੇ 36380, ਜਲਾਲਾਬਾਦ ਬਲਾਕ ਦੀਆਂ 113 ਵਿਖੇ 68680 ਅਤੇ ਖੂਈਆਂ ਸਰਵਰ ਬਲਾਕ ਦੀਆਂ 44 ਗ੍ਰਾਮ ਪੰਚਾਇਤਾਂ ਵਿਖੇ 32160 ਬੂਟੇ ਲਗਾਏ ਜਾ ਚੁੱਕੇ ਹਨ ਅਤੇ ਬਾਕੀ ਗ੍ਰਾਮ ਪੰਚਾਇਤਾਂ ਵਿਖੇ ਵੀ ਬੂਟੇ ਲਗਾਉਣ ਦੀ ਮੁਹਿੰਮ ਜਾਰੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਦੁਸ਼ਣ ਮੁਕਤ ਵਾਤਾਵਰਣ ਲਈ ਬੂਟਿਆਂ ਦੀ ਬਹੁਤ ਮਹੱਤਤਾ ਹੁੰਦੀ ਹੈ। ਉਨਾਂ ਦੱਸਿਆ ਕਿ ਹਰੇਕ ਵਿਅਕਤੀ ਨੂੰ ਘੱਟੋ-ਘੱਟ ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ। ਉਨਾਂ ਇਹ ਵੀ ਕਿਹਾ ਕਿ ਬੂਟੇ ਲਗਾਉਣ ਨਾਲ ਹੀ ਕੰਮ ਨਹੀਂ ਖਤਮ ਹੁੰਦਾ ਬਲਕਿ ਇਨਾਂ ਬੂਟਿਆਂ ਦੀ ਸਾਂਭ-ਸੰਭਾਲ ਤੇ ਪਾਲਣ ਪੋਸ਼ਣ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨਾਂ ਕਿਹਾ ਕਿ ਬੂਟੇ ਲਗਾਉਣ ਨਾਲ ਸ਼ੁੱਧ ਹਵਾ ਮਿਲਦੀ ਹੈ ਤੇ ਬਿਮਾਰੀਆਂ ਤੋਂ ਵੀ ਮੁਕਤੀ ਮਿਲਦੀ ਹੈ ਉਥੇ ਬੂਟੇ ਰੁੱਖ ਦਾ ਰੂਪ ਧਾਰ ਕੇ ਛਾਂ ਦਿੰਦੇ ਹਨ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰੇਕ ਨਾਗਰਿਕ ਇਕ-ਇਕ ਬੂਟਾ ਗੋਦ ਲਵੇ ਤੇ ਉਸਦਾ ਵੱਡੇ ਹੋਣ ਤੱਕ ਪਾਲਣ ਪੋਸ਼ਣ ਕਰੇ।