ਅਸ਼ੋਕ ਵਰਮਾ
ਬਠਿੰਡਾ, 14 ਅਗਸਤ 2020 - ਪੰਜਾਬ ਖੇਤ ਮਜਦੂਰ ਯੂਨੀਅਨ ਤੇ ਕਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਪੰਜਾਬ ਵੱਲੋਂ 25 ਅਗਸਤ ਨੂੰ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਸੂਬਾ ਪੱਧਰ ‘ਤੇ ਦਿੱਤੇ ਜਾ ਰਹੇ ਧਰਨਿਆਂ ਦੀ ਲੜੀ ਤਹਿਤ ਬਠਿੰਡਾ ਵਿਖੇ 25 ਅਗਸਤ ਨੂੰ ਮਨਪ੍ਰੀਤ ਬਾਦਲ ਵਿੱਤ ਮੰਤਰੀ ਦੀ ਰਿਹਾਇਸ਼ ਅੱਗੇ ਦਿਤੇ ਜਾਣ ਵਾਲੇ ਧਰਨੇ ਦੀ ਸਫਲਤਾ ਲਈ ਅੱਜ ਪਿੰਡ ਖੇਮੂਆਣਾ ਵਿਖੇ ਪੰਜਾਬ ਖੇਤ ਮਜਦੂਰ ਯੂਨੀਅਨ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਜ਼ਿਲ੍ਹਾ ਕਨਵੀਨਰ ਮਾਸਟਰ ਸੇਵਕ ਸਿੰਘ ਮਹਿਮਾ ਸਰਜਾ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਤੀਰਥ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਮਾਈਕਰੋਫਾਇਨਾਂਸ ਕੰਪਨੀਆਂ ਦੇ ਕਰਜਿਆਂ ਸਮੇਤ ਮਜਦੂਰਾਂ ਸਿਰ ਚੜੇ ਸਾਰੇ ਕਰਜੇ ਅਤੇ ਬਿਜਲੀ ਬਿੱਲ ਮਾਫ ਕਰਵਾਉਣ , ਲੋੜਵੰਦ ਪਰਿਵਾਰਾਂ ਨੂੰ ਦਸ ਮਰਲੇ ਦਾ ਪਲਾਟ ਦਿਵਾਉਣ,ਕੱਟੇ ਹੋਏ ਨੀਲੇ ਕਾਰਡਾਂ ਦੀ ਬਹਾਲੀ ਕਰਵਾਉਣ ਅਤੇ ਜੇਲਾਂ ਵਿੱਚ ਡੱਕੇ ਬੁੱਧੀਜੀਵੀਆਂ ਸਮੇਤ ਸੰਘਰਸ਼ਸ਼ੀਲ ਬੁੱਧੀਜੀਵੀਆਂ ਨੂੰ ਰਿਹਾਅ ਕਰਾਉਣ ਲਈ ਤਿੱਖੇ ਸੰਘਰਸ਼ ਕੀਤੇ ਜਾਣ ਦੀ ਲੋੜ ਹੈ।
ਉਨ੍ਹਾਂ ਪੰੰਜਾਬ ਦੀ ਕਾਂਗਰਸ ਸਰਕਾਰ ‘ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰਾਂ ਦਾ ਪੱਖ ਪੂਰਨ ਦਾ ਦੋਸ਼ ਲਾਇਆ ਕਿ ਲੋਕਾਂ ਦੇ ਟੈਕਸ ਨਾਲ ਭਰੇ ਖਜਾਨੇ ਨੂੰ ਦੋਵੇਂ ਹੱਥੀ ਲੁਟਾਇਆ ਜਾ ਰਿਹਾ ਹੈ ਪਰ ਮਾਈਕਰੋਫਾਇਨਾਂਸ ਕੰਪਨੀਆਂ ਦੇ ਅਧਿਕਾਰੀ ਗਰੀਬ ਖੇਤ ਮਜਦੂਰ ਔਰਤਾਂ ਨੂੰ ਡਰਾਉਣ-ਧਮਕਾਉਣ ਰਾਹੀਂ ਅਤੇ ਘਰੇਲੂ ਸਮਾਨ ਜਬਤ ਕਰਨ ਦੇ ਡਰਾਵੇ ਦੇ ਕੇ ਕਿਸਤਾਂ ਭਰਵਾਉਣ ਲਈ ਖੱਜਲ ਖੁਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਦਸ ਮਰਲੇ ਦੇ ਪਲਾਟ ਨਾਂ ਦਿੱਤੇ ਅਤੇ ਕੱਟੇ ਹੋਏ ਨੀਲੇ ਕਾਰਡ ਬਹਾਲ ਨਾਂ ਕੀਤੇ ਤਾਂ ਖੇਤ ਮਜਦੂਰ ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਲੜਨਗੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਛਿੰਦਾ ਸਿੰਘ ਖੇਮੂਆਣਾ, ਜਸਪ੍ਰੀਤ ਕੌਰ, ਜਸਵੀਰ ਕੌਰ, ਮਨਦੀਪ ਸਿੰਘ ਸਿਵੀਆਂ, ਬੋਗੜ ਸਿੰਘ ਬਲਾਹੜ ਮਹਿਮਾ, ਗੁਰਤੇਜ ਸਿੰਘ ਮਾੜੀ, ਕੁਲਵੰਤ ਸਿੰਘ ਮਾੜੀ, ਦਰਸ਼ਨ ਜੀਦਾ ਅਤੇ ਹੰਸਾ ਸਿੰਘ ਆਦਿ ਆਗੂਆਂ ਨੇ ਖੇਤ ਮਜਦੂਰ ਪ੍ਰੀਵਾਰਾਂ ਨੂੰ ਇਸ ਧਰਨੇ ’ਚ ਸ਼ਾਮਲ ਹੋਕੇ ਸਰਕਾਰੀ ਨੀਤੀਆਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ।