ਭਾਰਤ ਭੂਸ਼ਣ ਆਸ਼ੂ ਨੇ ਲੁਧਿਆਣਾ ਦੇ ਮੇਹਰਬਾਨ ਵਿਖੇ 66 ਕੇਵੀ ਪਾਵਰ ਸਬ ਸਟੇਸ਼ਨ ਦਾ ਕੀਤਾ ਉਦਘਾਟਨ
ਲੁਧਿਆਣਾ, 14 ਅਗਸਤ, 2020 : ਲੁਧਿਆਣਾ ਵਾਸੀਆਂ ਲਈ ਸ਼ੁੱਕਰਵਾਰ ਨੂੰ ਇੱਕ ਚੰਗੀ ਖਬਰ ਆਈ।ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰਾਂ ਦੇ ਮਾਮਲਿਆਂ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਮੇਹਰਬਾਨ ਵਿਖੇ 66 ਕੇਵੀ ਪਾਵਰ ਸਬ ਸਟੇਸ਼ਨ ਦਾ ਉਦਘਾਟਨ ਕੀਤਾ।ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਸ਼੍ਰੀ ਏ.ਵੇਣੂ ਪ੍ਰਸਾਦ ਆਈ.ਏ.ਐਸ., ਸੀਐਮਡੀ, ਪੀਐਸਪੀਸੀਐਲ ਦੀ ਯੋਗ ਅਗੁਵਾਈ ਹੇਠ ਬਿਜ਼ਲੀ ਘਰ ਸਟੇਸ਼ਨ ਸਥਾਪਿਤ ਕੀਤਾ ਗਿਆ ਹੈ।
ਪੀਐਸਪੀਸੀਐਲ ਦੇ ਸੀਐਮਡੀ ਏ.ਵੇਣੂ ਪ੍ਰਸਾਦ ਨੇ ਕਿਹਾ ਕਿ ਲੁਧਿਆਣਾ ਵਾਸੀਆਂ ਨੂੰ ਵੱਡੀ ਰਾਹਤ ਦੇਣ ਲਈ ਪੀਐਸਪੀਸੀਐਲ ਨੇ ਇਸ 66 ਕੇਵੀ ਪਾਵਰ ਸਬ ਸਟੇਸ਼ਨ ਤੇ 9.51 ਕਰੋੜ ਰੁਪਏ ਖਰਚ ਕੀਤੇ ਹਨ।ਇਸ ਬਿਜ਼ਲੀ ਘਰ ਵਿੱਚ ਨਵਾਂ 31.5 ਐਮਵੀਏ ਟਰਾਂਸਫਾਰਮਰ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਬਿਜ਼ਲੀ ਘਰ ਤੋਂ ਅੱਠ ਫੀਡਰਾਂ ਦੀ ਸਹਾਇਤਾ ਨਾਲ ਜਗੀਰਪੁਰ ਰੋਡ ਤੇ ਜਾਗੀਰਪੁਰ ਪਿੰਡ, ਕਲੋਨੀਆਂ ਜਿਹੇ ਬਿਜ਼ਲੀ ਘਰ ਨਾਲ ਲੱਗਦੇ ਹਨ।ਉਨ੍ਹਾਂ ਦੱਸਿਆ ਕਿ ਵਰਧਮਾਨ ਮੁਹੱਲਾ, ਬਾਜ਼ਰਾ ਰੋਡ, ਬਾਜ਼ਰਾ ਪਿੰਡ, ਗੁਰੁ ਵਿਹਾਰ, ਕ੍ਰਿਸ਼ਨਾ ਕਲੋਨੀ ਅਤੇ ਹੋਰ ਇਲਾਕਿਆਂ ਨੂੰ ਨਿਰਵਿਘਨ ਬਿਜ਼ਲੀ ਸਪਲਾਈ ਦਿੱਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਨੂਰਵਾਲਾ ਅਤੇ ਗੋਸਗੜ ਪਾਵਰ ਪਲਾਂਟ ਵਿਖੇ ਫੀਡਰਾਂ ਦਾ ਬੋਝ ਘਟਾਉਣ ਨਾਲ ਖਪਤਕਾਰਾਂ ਨੂੰ ਬਿਹਤਰ ਬਿਜ਼ਲੀ ਸਪਲਾਈ ਮਿਲੇਗੀ।ਇਹ ਪੀਐਸਪੀਸੀਐਲ ਦੇ ਆਨ ਲਾਈਨ ਖਰਚੇ ਅਤੇ ਬਿਜ਼ਲੀ ਖਰਚੇ ਨੂੰ ਹੋਰ ਘਟਾਏਗਾ।ਉਨ੍ਹਾਂ ਅੱਗੇ ਕਿਹਾ ਕਿ ਇਹ ਪੰਜਾਬ ਸਰਕਾਰ ਅਤੇ ਪੀ.ਐਸ.ਪੀ.ਸੀ.ਐਲ ਦੇ ਸਾਂਝੇ ਯਤਨਾ ਸਦਕਾ ਸੰਭਵ ਹੋਇਆ ਹੈ।
ਉਦਘਾਟਨ ਸਮਾਰੋਹ ਦੋਰਾਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਲੁਧਿਆਣਾ ਵਾਸੀਆਂ ਅਤੇ ਪੀਐਸਪੀਸੀਐਲ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਸਾਰੇ ਖਪਤਕਾਰਾਂ ਨੂੰ ਨਿਰਵਿਘਨ ਬਿਜ਼ਲੀ ਸਪਲਾਈ ਦੇਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਮਕਸਦ ਹੈ।ਇਸ ਲਈ ਅੱਜ ਇਸ 66 ਕੇਵੀ ਸਟੇਸ਼ਨ ਨੂੰ ਮੇਹਰਬਾਨ ਵਿਖੇ ਸਥਾਪਿਤ ਕਰਕੇ ਲੋਕਾਂ ਦੇ ਹਵਾਲੇ ਕੀਤਾ ਗਿਆ ਹੈ, ਤਾਂ ਕਿ ਖਪਤਕਾਰਾਂ ਨੂੰ ਨਿਰਵਿਘਨ ਬਿਜ਼ਲੀ ਮਿਲ ਸਕੇ। ਉਨ੍ਹਾਂ ਅੱਗੇ ਕਿਹਾ ਕਿ ਟਿੱਬਾ ਰੋਡ ਵਿਖੇ ਇੱਕ ਹੋਰ 66 ਕੇਵੀ ਪਾਵਰ ਪਲਾਂਟ ਸਥਾਪਿਤ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।ਇਸ ਪਲਾਂਟ ਨੂੰ ਸਥਾਪਿਤ ਕਰਨ ਵਿੱਚ ਲਗਭਗ ਤਿੰਨ ਮਹੀਨੇ ਲੱਗਣਗੇ ਅਤੇ ਇਸ ਤੇ ਲਗਭਗ 9 ਕਰੋੜ ਰੁਪਏ ਦੀ ਲਾਗਤ ਆਏਗੀ।ਇਸ ਤੋਂ ਇਲਾਵਾ ਜਲਾਲਦੀਵਾਲ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ 66 ਕੇਵੀ ਪਾਵਰ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ।
ਇਹ ਪਾਵਰ ਪਲਾਂਟ ਇਸ ਸਾਲ ਦੇ ਅੰਤ ਤੱਕ ਕਾਰਜ਼ਸ਼ੀਲ ਹੋ ਜਾਣਗੇ ਅਤੇ ਇਨ੍ਹਾਂ ਦੀ ਸਥਾਪਨਾ ਨਾਲ ਇਲਾਕਿਆਂ ਵਿੱਚ ਬਿਜ਼ਲੀ ਸਪਲਾਈ ਦਾ ਸੁਧਾਰ ਹੋਵੇਗਾ, ਜਿਸ ਨਾਲ ਇਨ੍ਹਾਂ ਅਧੀਨ ਆਉਂਦੇ ਇਲਾਕਿਆਂ ਦੇ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਮੁੱਖ ਇੰਜੀਨੀਅਰ ਪੀਐਸਪੀਸੀਐਲ ਵਰਿੰਦਰਪਾਲ ਸਿੰਘ ਸੈਣੀ ਵੀ ਉਦਘਾਟਨ ਸਮਾਰੋਹ ਮੌਕੇ ਕੈਬਨਿਟ ਮੰਤਰੀ ਨਾਲ ਮੋਜੂਦ ਸਨ।ਇਸ ਮੌਕੇ ਸੰਜੀਵ ਪ੍ਰਭਾਕਰ, ਡਿਪਟੀ ਚੀਫ ਇੰਜ਼ੀਨੀਅਰ ਆਪ੍ਰੇਸ਼ਨ, ਵੈਸਟ ਲੁਧਿਆਣਾ, ਇੰਜੀਨੀਅਰ ਹਰਜੀਤ ਸਿੰਘ ਗਿੱਲ, ਡਿਪਟੀ ਚੀਫ ਇੰਜ਼ੀਨੀਅਰ ਪੂਰਬੀ ਲੁਧਿਆਣਾ, ਇੰਜ:ਸਰਬਜੀਤ ਸਿੰਘ ਐਸਈ ਸਬ ਅਰਬਨ ਲੁਧਿਆਣਾ, ਇੰਜ:ਹਿੰਮਤ ਸਿੰਘ ਢਿੱਲੋਂ, ਐਸ.ਈ.ਖੰਨਾ ਅਤੇ ਇੰਜ: ਐਸ.ਐਸ.ਸਿੱਧੂ, ਐਸਈ ਹੈਡਕੁਆਟਰ ਮੋਜੂਦ ਸਨ।