ਹਰਿੰਦਰ ਨਿੱਕਾ
ਸੰਗਰੂਰ, 14 ਅਗਸਤ 2020 - ਸਥਾਨਕ ਬਾਰ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇੱਕ ਸਮਾਗਮ ਦੌਰਾਨ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨਾਂ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ, ਐਸ.ਐਸ.ਪੀ. ਡਾ. ਸੰਦੀਪ ਗਰਗ ਅਤੇ ਐਸ.ਡੀ.ਐਮ. ਸੰਗਰੂਰ ਬਬਨਦੀਪ ਸਿੰਘ ਵਾਲੀਆ ਵੀ ਹਾਜ਼ਰ ਸਨ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਕੈਬਨਿਟ ਮੰਤਰੀ ਵੱਲੋਂ ਵਕੀਲਾਂ ਨੂੰ ਦਿੱਤੇ ਜਾਂਦੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਵਕੀਲਾਂ ਦੀਆਂ ਕੁਝ ਮੰਗਾਂ ਜਿਵੇਂ ਕਿ ਵਕੀਲਾਂ ਦੇ ਚੈਂਬਰਾਂ ਨੂੰ ਆਪਸ ’ਚ ਅਤੇ ਚੈਂਬਰਾਂ ਨੂੰ ਕੋਰਟ ਕੰਪਲੈਕਸ ਨਾਲ ਜੋੜਨ ਵਾਲਾ ਵਰਾਂਡਾ, ਬਾਰ ਰੂਮ ਦੇ ਨਵੀਨੀਕਰਨ ਅਤੇ ਨਵੇਂ ਚੈਂਬਰਾਂ ’ਚ ਲਿਫ਼ਟ ਲਗਵਾਉਣ ਦੀ ਅਪੀਲ ਕੀਤੀ।
ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਬਾਰ ਐਸੋਸੀਏਸ਼ਨ ਨੂੰ ਭਰੋਸਾ ਦਵਾਇਆ ਕਿ ਉਨਾਂ ਵੱਲੋਂ ਰੱਖੀਆਂ ਗਈਆਂ ਮੰਗਾਂ ਦੀ ਸੰਜੀਦਗੀ ਨੂੰ ਮੁੱਖ ਰੱਖਦਿਆਂ ਜਲਦ ਸਾਰੇ ਕੰਮ ਕਰਵਾਏ ਜਾਣਗੇ। ਉਨਾਂ ਕਿਹਾ ਕਿ ਸਭ ਤੋਂ ਪਹਿਲਾਂ ਕਾਨੂੰਨ ਦੀਆਂ ਕਿਤਾਬਾਂ ਸੰਭਾਲਣ ਲਈ ਬਾਰ ਰੂਮ ’ਚ ਅਲਮਾਰੀਆਂ ਦਾ ਪ੍ਰਬੰਧ ਕੀਤਾ ਜਾਵੇਗਾ। ਉਨਾਂ ਸਾਰੇ ਕੰਮ ਕਰਵਾਉਣ ਲਈ ਮੌਕੇ ’ਤੇ ਹੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਐਸਟੀਮੇਟ ਬਣਾ ਕੇ ਜਲਦ ਤੋਂ ਜਲਦ ਪ੍ਰਵਾਨ ਕਰਵਾਉਣ ਦੀ ਤਾਕੀਦ ਕੀਤੀ।
ਸਮਾਗਮ ਦੌਰਾਨ ਪੀ.ਪੀ.ਸੀ.ਸੀ. ਦੇ ਲੀਗਲ ਸੈੱਲ ਦੇ ਚੇਅਰਮੈਨ ਗੁਰਤੇਜ ਸਿੰਘ ਗਰੇਵਾਲ ਨੇ ਕੈਬਨਿਟ ਮੰਤਰੀ ਦਾ ਵਕੀਲਾਂ ਦੀਆਂ ਮੰਗਾਂ ’ਤੇ ਤੁਰੰਤ ਕਾਰਵਾਈ ਸ਼ੁਰੂ ਕਰਵਾਉਣ ਲਈ ਧੰਨਵਾਦ ਕੀਤਾ।
ਇਸ ਮੌਕੇ ਬਾਰ ਐਸੋ. ਦੇ ਪ੍ਰਧਾਨ ਗਗਨਦੀਪ ਸਿੰਘ ਸਿਬੀਆ, ਸੈਕਟਰੀ ਬਲਜੀਤ ਸਿੰਘ ਕਰਬਲ, ਮੀਤ ਪ੍ਰਧਾਨ ਵਿਨੀਤ ਦੁੱਗਲ, ਜੁਆਇੰਟ ਸਕੱਤਰ ਪੂਜਾ ਸ਼ਰਮਾ, ਖਜਾਨਚੀ ਓਪੇਂਦਰ ਕੁਮਾਰ, ਸੀਨੀਅਰ ਐਡਵੋਕੇਟ ਅਸ਼ਵਨੀ ਚੌਧਰੀ, ਐਡਵੋਕੇਟ ਜਸਕਰਨ ਸਿੰਘ ਔਲਖ, ਯੋਗੇਸ਼ ਗੁਪਤਾ, ਸੁਰਜੀਤ ਸਿੰਘ ਗਰੇਵਾਲ, ਬੀ.ਕੇ. ਗੋਇਲ ਅਤੇ ਹੋਰ ਮੈਂਬਰ ਹਾਜ਼ਰ ਸਨ।