ਅਸ਼ੋਕ ਵਰਮਾ
- ਫ਼ੇਸਬੁੱਕ 'ਤੇ ਲਾਇਵ ਪ੍ਰੋਗਰਾਮ ਦੌਰਾਨ ਬਠਿੰਡਾ ਦੇ ਵਿਅਕਤੀ ਦੇ ਸਵਾਲ ਦਾ ਦਿੱਤਾ ਜਵਾਬ
ਬਠਿੰਡਾ, 14 ਅਗਸਤ 2020 - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਫ਼ਤਾਵਾਰੀ ਕੈਪਟਨ ਨੂੰ ਪੁੱਛੋ ਸਵਾਲ ਫ਼ੇਸਬੁੱਕ ਲਾਇਵ ਪ੍ਰੋਗਰਾਮ ਦੌਰਾਨ ਇੱਥੋ ਦੇ ਇੱਕ ਵਿਅਕਤੀ ਰਜ਼ਤ ਵਲੋਂ ਪੁੱਛੇ ਗਏ ਸਵਾਲ ਦੇ ਜੁਆਬ ਵਿਚ ਕਿਹਾ ਕਿ ਨਜ਼ਾਇਜ਼ ਸ਼ਰਾਬ ਦੀ ਤਸਕਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਬਖ਼ਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਤਸਕਰੀ ਕਰਨ ਵਾਲਾ ਭਾਵੇਂ ਛੋਟਾ ਹੋਵੇ, ਭਾਵੇਂ ਵੱਡਾ ਹੋਵੇ, ਭਾਵੇਂ ਵਿਚਕਾਰਲਾ ਹੋਵੇ ਤੇ ਭਾਵੇਂ ਕੋਈ ਅਫ਼ਸਰ ਹੋਵੇ ਸਭ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ ਤੇ ਉਸ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਵਲੋਂ ਨਜ਼ਾਇਜ਼ ਸ਼ਰਾਬ ਸਬੰਧੀ ਦਿੱਤੇ ਜਾ ਰਹੇ ਧਰਨਿਆਂ ਨੂੰ ਗੈਰ ਵਾਜਬ ਦੱਸਿਆ ਇਸ ਨੂੰ ਕੌਝੀ ਸਿਆਸਤ ਗਰਦਾਨਿਆ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਦੇ ਪੱਖ਼ ਵਿਚ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਸੇ ਵੀ ਕਿਸਾਨ ਦੀ ਟਿਊਬਵੈਲ ਪਾਵਰ ਬੰਦ ਨਹੀਂ ਹੋਣ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਉਨਾਂ ਇਸ ਲਾਇਵ ਪ੍ਰੋਗਰਾਮ ਦੌਰਾਨ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਵਾਸੀਆਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਆਪ, ਆਪਣੇ ਪਰਿਵਾਰ ਆਂਢ-ਗੁਆਂਢ ਤੇ ਪੰਜਾਬੀਆਂ ਦੀ ਭਲਾਈ ਲਈ ਇਸ ਔਖੀ ਘੜੀ ਵਿਚ ਮਾਸਕ ਪਹਿਨਣਾ ਅਤੇ ਵਾਰ-ਵਾਰ ਹੱਥ ਧੋਣੇ ਯਕੀਨੀ ਬਣਾਉਣ। ਉਨ੍ਹਾਂ ਇਹ ਵੀ ਦੱਸਿਆ ਕਿ 75 ਤੋਂ 80 ਫੀਸਦੀ ਮਾਸਕ ਪਹਿਨਣ ਨਾਲ ਹੀ ਇਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਬਿਮਾਰੀ ਦੇ ਇਲਾਜ ਲਈ ਭਾਵੇਂ ਅਜੇ ਤੱਕ ਕੋਈ ਵੀ ਦਵਾਈ ਨਹੀਂ ਤਿਆਰ ਹੋਈ ਸਿਰਫ਼ ਪ੍ਰਹੇਜ਼ ਨਾਲ ਹੀ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਹਿਲੇ ਪੜਾਅ ਤਹਿਤ ਹੀ ਕਰੋਨਾ ਦੇ ਲੱਛਣ ਮਹਿਸੂਸ ਕਰਨ 'ਤੇ ਹਸਪਤਾਲ ਵਿਖੇ ਜਾ ਕੇ ਆਪਣਾ ਜਲਦ ਚੈਕਅਪ ਕਰਵਾਉਣਾ ਲਾਜ਼ਮੀ ਬਣਾਉਣ ਕਿਉਂਕਿ ਦੂਜੇ ਅਤੇ ਤੀਜੇ ਪੜਾਅ ਤੋਂ ਬਾਅਦ ਇਹ ਬਿਮਾਰੀ ਬਹੁਤ ਹੀ ਘਾਤਕ ਰੂਪ ਧਾਰਨ ਕਰਨ ਲੈਂਦੀ ਹੈ ਅਤੇ ਇਸ ਤੋਂ ਛੁਟਕਾਰਾ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ।