ਸ਼ਹੀਦੀ ਸਮਾਰਕ ਤੇ ਪਾਰਕ ਦਾ ਮਨਮੋਹਕ ਦ੍ਰਿਸ਼
ਜਗਦੀਸ਼ ਥਿੰਦ
ਅਬੋਹਰ, 15 ਅਗਸਤ
ਬਿਸ਼ਨੋਈ ਸਮਾਜ ਨਾਲ ਸਬੰਧ ਰੱਖਦੀ ਸ੍ਰੀਮਤੀ ਅਮ੍ਰਿਤਾ ਦੇਵੀ ਬਿਸ਼ਨੋਈ ਅਤੇ 363 ਹੋਰ ਬਿਸ਼ਨੋਈ ਸਮਾਜ ਦੇ ਲੋਕਾਂ ਵੱਲੋਂ ਵਾਤਾਵਰਣ ਨੂੰ ਕਾਇਮ ਰੱਖਣ ਲਈ ਆਪਣੀ ਸ਼ਹੀਦੀ ਦਿੱਤੀ ਗਈ ਸੀ।
ਇਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਅਜਾਇਆ ਨਾ ਜਾਣ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਪਿੰਡ ਸੀਤੋ ਗੁਨੋ ਤਹਿਸੀਲ ਅਬੋਹਰ ਵਿਖੇ ਸ਼੍ਰੀਮਤੀ ਅਮ੍ਰਿਤਾ ਦੇਵੀ ਬਿਸ਼ਨੋਈ ਅਤੇ ਹੋਰ ਬਿਸ਼ਨੋਈ ਸਮਾਜ ਦੇ ਸ਼ਹੀਦਾਂ ਲਈ ਇਕ ਸ਼ਹੀਦੀ ਸਮਾਰਕ ਤੇ ਪਾਰਕ ਬਣਾਉਣ ਲਈ ਮੰਜੂਰੀ ਦਿੱਤੀ ਗਈ ਸੀ ਜੋ ਕਿ ਹੁਣ ਬਣ ਕੇ ਲਗਭਗ ਤਿਆਰ ਹੋ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਆਜਾਦੀ ਦਿਹਾੜੀ ਮੋਕੇ ਕਰਵਾਏ ਸਮਾਗਮ ਦੌਰਾਨ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੀਤੋਗੁਨੋ ਸੜਕ ਤੇ ਪੈਂਦੇ ਪਿੰਡ ਮਹਿਜਪੁਰਾ ਧੋਰਾ ਤਹਿਸੀਲ ਅਬੋਹਰ ਵਿਖੇ ਬਿਸ਼ਨੋਈ ਲੋਕਾਂ ਦੀ ਯਾਦ ਵਿਚ 315 ਲੱਖ ਰੁਪਏ ਦੀ ਲਾਗਤ ਨਾਲ ਇਹ ਮੈਮੋਰੀਅਲ ਤੇ ਪਾਰਕ ਬਣਾਇਆ ਜਾਣਾ ਸੀ ਜਿਸ ਦਾ ਲਗਭਗ 95 ਫੀਸਦੀ ਤੋਂ ਜ਼ਿਆਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਨਾਂ ਦੱਸਿਆ ਕਿ ਇਹ ਕੰਮ ਪੰਜਾਬ ਮੰਡੀ ਬੋਰਡ ਵੱਲੋਂ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ 294 ਲੱਖ ਰੁਪਏ ਨਾਲ ਪਾਰਕ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ 21 ਲੱਖ ਰੁਪਏ ਦੇ ਫੰਡਾਂ ਨਾਲ ਘਾਹ ਤੇ ਬੂਟੇ ਲਗਾਉਣ ਦੇ ਕੰਮ ਵਣ ਵਿਭਾਗ ਵੱਲੋਂ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਰਕ ਦਾ ਕੁੱਲ ਰਕਬਾ 2.447 ਹੈਕਟੇਅਰ ਹੈ। ਉਨਾਂ ਦੱਸਿਆ ਕਿ ਬਿਸ਼ਨੋਈ ਸਮਾਜ ਦਰਖਤਾਂ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਦੀ ਕੁਰਬਾਨੀਆਂ ਦੇਣ ਨੂੰ ਹਮੇਸ਼ਾ ਤਿਆਰ ਰਹਿੰਦੇ ਹਨ। ਉਨਾਂ ਦੱਸਿਆ ਕਿ ਮਹਾਨ ਸ਼ਹੀਦ ਸ੍ਰੀਮਤੀ ਅਮਿ੍ਰਤਾ ਦੇਵੀ ਨੇ ਆਪਣੇ ਪਤੀ ਅਤੇ ਪੁਤਰਾਂ ਨਾਲ ਦਰਖਤਾਂ ਅਤੇ ਜੀਵਾਂ ਦੀ ਸੁਰੱਖਿਆ ਲਈ ਸਭ ਤੋਂ ਪਹਿਲਾਂ ਸ਼ਹੀਦੀ ਦਿੱਤੀ। ਉਨਾਂ ਦੱਸਿਆ ਕਿ ਬਿਸ਼ਨੋਈ ਸਮਾਜ ਵੱਲੋਂ ਦਰਖਤਾਂ ਨੂੰ ਵੱਡਣਾ ਤੇ ਸ਼ਿਕਾਰ ਕਰਨ ’ਤੇ ਸਖਤ ਪਾਬੰਦੀ ਲਗਾਈ ਹੈ। ਉਨਾਂ ਕਿਹਾ ਕਿ ਰੁੱਖਾਂ ਨੂੰ ਵੱਢਣ ਤੋਂ ਰੋਕਣ ਅਤੇ ਜੰਗਲੀ ਜੀਵਨਾਂ ਦੀ ਸੁਰੱਖਿਆ ਕਰਨ ਵਿਚ ਸਾਨੂੰ ਵੀ ਇਸ ਸਮਾਜ ਦਾ ਸਹਿਯੋਗ ਦੇਣਾ ਚਾਹੀਦਾ ਹੈ। ਇਸ ਸਮਾਰਕ ਸਾਡੀਆ ਆਉਣ ਵਾਲੀਆਂ ਪੀੜੀਆਂ ਨੂੰ ਚੌਗਿਰਦੇ ਦੀ ਸੰਭਾਲ ਪ੍ਰਤੀ ਜਾਗਰੂਕ ਕਰਦਾ ਰਹੇਗਾ।