ਮਨਿੰਦਰਜੀਤ ਸਿੱਧੂ
- ਸਾਰੇ ਕਾਂਗਰਸੀ ਵਰਕਰਾਂ ਨੂੰ ਲਾਲਾ ਭਗਵਾਨ ਦਾਸ ਦੇ ਪਦ ਚਿੰਨ੍ਹਾਂ ‘ਤੇ ਚੱਲਣ ਦੀ ਲੋੜ - ਅਜੈਬ ਸਿੰਘ ਭੱਟੀ
ਜੈਤੋ, 15 ਅਗਸਤ 2020 - ਫਰੀਦਕੋਟ ਵਿਖੇ ਸੁਤੰਤਰਤਾ ਦਿਵਸ ਦੇ ਸਬੰਧ ਵਿੱਚ ਰੱਖੇ ਪ੍ਰੋਗਰਾਮ ਵਿੱਚ ਹਾਜਰੀ ਲਵਾਉਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਮਰਹੂਮ ਕੈਬਨਿਟ ਮੰਤਰੀ ਲਾਲਾ ਭਗਵਾਨਦਾਸ ਦੇ ਸਪੁੱਤਰ ਅਤੇ ਜ਼ਿਲ੍ਹਾ ਯੋਜਨਾ ਬੋਰਡ ਫਰੀਦਕੋਟ ਦੇ ਚੇਅਰਮੈਨ ਪਵਨ ਗੋਇਲ ਦੇ ਗ੍ਰਹਿ ਵਿਖੇ ਵਿਸ਼ੇਸ ਤੌਰ 'ਤੇ ਪਹੁੰਚੇ। ਗੋਇਲ ਪਰਿਵਾਰ ਅਤੇ ਜੈਤੋ ਹਲਕੇ ਦੇ ਸਾਰੇ ਕਾਂਗਰਸੀ ਲੀਡਰਾਂ ਅਤੇ ਵਰਕਰਾਂ ਨੇ ਉਹਨਾਂ ਦਾ ਉੱਥੇ ਪਹੁੰਚ ਕੇ ਸਵਾਗਤ ਕੀਤਾ। ਇਸ ਮੌਕੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਕਿਹਾ ਕਿ ਕਾਂਗਰਸ ਪਾਰਟੀ ਇੱਕ ਧਰਮ ਨਿਰਪੱਖ ਅਤੇ ਕੁਰਬਾਨੀਆਂ ਨਾਲ ਭਰੀ ਪਾਰਟੀ ਹੈ। ਦੇਸ਼ ਦੀ ਅਜਾਦੀ ਵਿੱਚ ਕਾਂਗਰਸ ਪਾਰਟੀ ਦੀ ਵੱਡੀ ਦੇਣ ਹੈ।
ਅਜਾਦੀ ਉਪਰੰਤ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ਉੱਪਰ ਪਾਉਣ ਵਾਲੀ ਵੀ ਕਾਂਗਰਸ ਪਾਰਟੀ ਹੀ ਹੈ। ਉਹਨਾਂ ਲਾਲਾ ਭਗਵਾਨ ਦਾਸ ਦਾ ਵਿਸ਼ੇਸ ਤੌਰ ਤੇ ਜਿਕਰ ਕਰਦਿਆਂ ਕਿਹਾ ਕਿ ਲਾਲਾ ਜੀ ਨੇ ਜੋ ਪਾਰਟੀ ਅਤੇ ਆਪਣੇ ਲੋਕਾਂ ਲਈ ਕੰਮ ਕੀਤੇ ਹਨ ਅਜਿਹੇ ਕੰਮ ਕਿਸੇ ਵਿਰਲੇ ਲੀਡਰ ਦੇ ਹਿੱਸੇ ਆਉਂਦੇ ਹਨ। ਲਾਲਾ ਜੀ ਦੀ ਪਾਰਟੀ ਪ੍ਰਤੀ ਵਚਨਬੱਧਤਾ ਤੋਂ ਸਾਰੇ ਹੀ ਕਾਂਗਰਸ ਦੇ ਲੀਡਰਾਂ ਅਤੇ ਵਰਕਰਾਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਵਨ ਗੋਇਲ ਨੇ ਅਜੈਬ ਸਿੰਘ ਭੱਟੀ ਅਤੇ ਉਹਨਾਂ ਦੀ ਪਤਨੀ ਦਾ ਆਪਣੇ ਗ੍ਰਹਿ ਵਿਖੇ ਆਉਣ ਤੇ ਧੰਨਵਾਦ ਕੀਤਾ।
ਉਹਨਾਂ ਕਿਹਾ ਕਿ ਅਜੈਬ ਸਿੰਘ ਭੱਟੀ ਜ਼ਮੀਨ ਨਾਲ ਜੁੜੇ ਕਾਂਗਰਸੀ ਲੀਡਰ ਹਨ ਅਤੇ ਲੋਕਾਂ ਦੇ ਵਿੱਚ ਹਰਮਨ ਪਿਆਰੇ ਹਨ। ਉਹ ਟਕਸਾਲੀ ਕਾਂਗਰਸੀ ਪਰਿਵਾਰਾਂ ਦਾ ਬਹੁਤ ਸਤਿਕਾਰ ਕਰਦੇ ਹਨ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਫਰੀਦਕੋਟ ਤੌਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੇ ਜ਼ਵਾਈ ਸੂਰਜ ਭਾਰਦਵਾਜ਼, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸੁਰਜੀਤ ਸਿੰਘ ‘ਬਾਬਾ’, ਡੀ.ਐਸ.ਪੀ. ਪਰਮਿੰਦਰ ਸਿੰਘ ਗਰੇਵਾਲ, ਸੀਨੀਅਰ ਕਾਂਗਰਸੀ ਆਗੂ ਜਤਿੰਦਰ ਕੁਮਾਰ ‘ਜੀਤੂ ਬਾਂਸਲ’, ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਲਖਵਿੰਦਰ ਅਰੋੜਾ ‘ਲੱਕੀ’, ਯੂਥ ਕਾਂਗਰਸ ਦੇ ਜਿਲ੍ਹਾ ਵਾਈਸ ਪ੍ਰਧਾਨ ਪੰਕਜ ਗੋਇਲ, ਹਰਸੰਗੀਤ ਸਿੰਘ ਹੈਪੀ, ਆਸ਼ੂ ਮਿੱਤਲ, ਸ਼੍ਰੀ ਰਾਮਾ ਕ੍ਰਿਸ਼ਨ ਡ੍ਰਾਮਾਟਿਕ ਕਲੱਬ ਦੇ ਪ੍ਰਧਾਨ ਭੂਸ਼ਨ ਗੋਇਲ ਭੁੱਚੀ, ਛੱਜੂ ਚੇਅਰਮੈਨ ਆਦਿ ਹਾਜਰ ਸਨ।