ਅਸ਼ੋਕ ਵਰਮਾ
ਮਾਨਸਾ, 15 ਅਗਸਤ 2020 - ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋ ਆਜ਼ਾਦੀ ਸਮਾਰੋਹ ਵਿੱਚ ਸ਼ਾਮਿਲ ਹੋਣ ਤੋ ਬਾਅਦ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਕੋਟੜਾ ਕਲਾਂ ਦਾ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਅਹਿਮ ਉਪਰਾਲੇ ਹੋ ਰਹੇ ਹਨ ਜਿਸ ਦੇ ਚਲਦਿਆਂ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਕਰਕੇ ਸਮਾਰਟ ਸਕੂਲ ਬਣਾਏ ਜਾ ਰਹੇ ਹਨ। ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾਉਣ ਅਤੇ ਵਿਦਿਆਰਥੀਆਂ ਨੂੰ ਕੰਪਿਊਟਰ ਸਬੰਧੀ ਤਕਨੀਕੀ ਸਿਖਲਾਈ ਦੇ ਕੇ ਭਵਿੱਖ ਵਿੱਚ ਵੱਡੀਆਂ ਮੱਲਾਂ ਮਾਰਨ ਦੇ ਸਮਰੱਥ ਬਣਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਕੋਵਿਡ ਦੇ ਬਾਵਜੂਦ ਵਿਦਿਆਰਥੀਆਂ ਦੀ ਆਨਲਾਈਨ ਪੜਾਈ ਨੂੰ ਨਿਰਵਿਘਨ ਜਾਰੀ ਰੱਖਣ ਦਾ ਠੋਸ ਉਪਰਾਲਾ ਕੀਤਾ ਗਿਆ ਹੈ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਮੁਫ਼ਤ ਸਮਾਰਟ ਫੋਨ ਦਿੱਤੇ ਜਾ ਰਹੇ ਹਨ।
ਕਾਂਗੜ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਕੂਲਾਂ ਦਾ ਆਧੁਨਿਕ ਤਰਜ਼ ‘ਤੇ ਵਿਕਾਸ ਕਰਨਾ ਸਮੇਂ ਦੀ ਅਹਿਮ ਲੋੜ ਹੈ। ਸ਼੍ਰੀ ਕਾਂਗੜ ਨੇ ਇਸ ਮੌਕੇ ਸਕੂਲ ਵਿੱਚ ਸਥਾਪਤ ਸਮਾਰਟ ਕਲਾਸ ਰੂਮਜ਼ ਦਾ ਜਾਇਜ਼ਾ ਵੀ ਲਿਆ। ਜ਼ਿਲਾ ਮਾਨਸਾ ਦੇ ਉਚ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਸਮੇਤ ਸਕੂਲ ਦਾ ਉਦਘਾਟਨ ਕਰਨ ਪੁੱਜੇ ਸ. ਕਾਂਗੜ ਦਾ ਸ਼ਾਨਦਾਰ ਅੰਦਾਜ਼ ਵਿੱਚ ਸਵਾਗਤ ਕੀਤਾ ਗਿਆ। ਉਨਾਂ ਨੇ ਸਕੂਲ ਦੇ ਵਿਹੜੇ ਵਿੱਚ ਸਥਾਪਤ ਆਧੁਨਿਕ ਪੜਾਈ ਤਕਨੀਕਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਵਿਦਿਆਰਥੀਆਂ ਦੁਆਰਾ ਤਿਆਰ ਵਸਤਾਂ ਵੀ ਦੇਖੀਆਂ।
ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਪੰਜ ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਉਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਕੂਲੀ ਵਿਦਿਆਰਥੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਜਲ ਸਪਲਾਈ ਪ੍ਰੋਜੈਕਟ ਤਿਆਰ ਕੀਤਾ ਜਾਵੇ। ਇਸ ਮੌਕੇ ਉਨਾਂ ਨੇ ਬਾਰਵੀਂ ਜਮਾਤ ਵਿੱਚੋਂ 98% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਕਮਲਜੀਤ ਕੌਰ, ਰਮਨਦੀਪ ਕੌਰ, ਤਰਨਪ੍ਰੀਤ ਕੌਰ ਅਤੇ ਹੀਨਾ ਨੂੰ 5100-5100 ਰੁਪਏ ਦੇ ਚੈੱਕ ਵੀ ਪ੍ਰਦਾਨ ਕੀਤੇ।ਇਸ ਤੋਂ ਇਲਾਵਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਗੀਤ ਗਾਇਨ ਮੁਕਾਬਲਿਆਂ ਦੀ ਜ਼ਿਲਾ ਪੱਧਰ ’ਤੇ ਜੇਤੂ ਵਿਦਿਆਰਥਣ ਨਿਧਾ ਨੂੰ 1100 ਰੁਪਏ ਅਤੇ ਮੈਡਲ ਦੇ ਕੇ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਕੂਲ ਵਿੱਚ ਸਮਾਰਟ ਰੂਮ, ਲਾਇਬ੍ਰੇਰੀ, ਕੰਪਿਊਟਰ ਲੈਬ, ਸਾਇੰਸ ਲੈਬ, ਲਿਸਨਿੰਗ ਲੈਬ, ਸਾਇੰਸ ਪਾਰਕ, ਮੈਥ ਪਾਰਕ, ਬਾਸਕਟਬਾਲ ਗਰਾਊਂਡ ਆਦਿ ਵੀ ਹਨ।
ਇਸ ਮੌਕੇ ਹਲਕਾ ਵਿਧਾਇਕ ਮਾਨਸਾ ਨਾਜਰ ਸਿੰਘ ਮਾਨਸਾਹੀਆ, ਡਿਪਟੀ ਕਮਿਸ਼ਨਰ ਮਹਿੰਦਰ ਪਾਲ, ਐਸ.ਐਸ.ਪੀ. ਸ਼੍ਰੀ ਸੁਰੇਂਦਰ ਲਾਂਬਾ, ਚੇਅਰਮੈਨ ਜ਼ਿਲਾ ਪ੍ਰੀਸ਼ਦ ਸ਼੍ਰੀ ਬਿਕਰਮ ਸਿੰਘ ਮੋਫਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਸੁਰਜੀਤ ਸਿੰਘ ਸਿੱਧੂ, ਸੂਬਾ ਕੋਆਰਡੀਨੇਟਰ ਸਮਾਰਟ ਸਕੂਲਜ਼ ਅਮਰਜੀਤ ਸਿੰਘ, ਡਾ. ਮਨੋਜ ਬਾਲਾ ਮੰਜੂ ਬਾਂਸਲ, ਸ਼੍ਰੀਮਤੀ ਗੁਰਪ੍ਰੀਤ ਕੌਰ ਗਾਗੋਵਾਲ, ਸ਼੍ਰੀ ਚੁਸਪਿੰਦਰਬੀਰ ਸਿੰਘ ਚਹਿਲ, ਸਰਪੰਚ ਸ਼੍ਰੀ ਗੁਰਜੰਟ ਸਿੰਘ, ਉਪ ਜ਼ਿਲਾ ਸਿੱਖਿਆ ਅਫ਼ਸਰ (ਸ) ਸ਼੍ਰੀ ਜਗਰੂਪ ਭਾਰਤੀ, ਪਿ੍ਰੰਸੀਪਲ ਸ਼੍ਰੀ ਅਸ਼ੋਕ ਕੁਮਾਰ ਤੋਂ ਇਲਾਵਾ ਹੋਰ ਵੀ ਸਖ਼ਸ਼ੀਅਤਾਂ ਮੌਜੂਦ ਸਨ।