ਜ਼ਿਲ੍ਹੇ 'ਚ ਹੁਣ ਤੱਕ 519 ਸਵੈ-ਸਹਾਇਤਾ ਸਮੂਹਾਂ ਦਾ ਗਠਨ: ਅਮਰਪ੍ਰੀਤ ਕੌਰ ਸੰਧੂ
{ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ)
ਮਾਨਸਾ, 15 ਅਗਸਤ : ਪੰਜਾਬ ਸਰਕਾਰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਦੇਖ-ਰੇਖ ਅਧੀਨ ਜ਼ਿਲ੍ਹਾ ਮਾਨਸਾ ਵਿੱਚ ਪੀ.ਐਸ.ਆਰ.ਐਲ.ਐਮ. (ਪੰਜਾਬ ਸਟੇਟ ਰੂਰਲ ਲੀਵਲੀਹੂਡ ਮਿਸ਼ਨ) ਸਕੀਮ ਅਧੀਨ ਗਰੀਬ ਔਰਤਾਂ ਦੇ ਗਰੁੱਪ ਬਣਾਏ ਗਏ ਹਨ। ਇਸ ਸਬੰਧੀ ਏ ਡੀ ਸੀ (ਵਿਕਾਸ) ਅਮਰਪ੍ਰੀਤ ਕੌਰ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 519 ਸਵੈ-ਸਹਾਇਤਾ ਸਮੂਹ ਬਣਾਏ ਜਾ ਚੁੱਕੇ ਹਨ ਅਤੇ ਇਹਨਾਂ ਗਰੁੱਪਾਂ ਵਿੱਚ 5753 ਔਰਤਾਂ ਨੂੰ ਬਤੌਰ ਮੈਂਬਰ ਲਿਆ ਗਿਆ ਹੈ।
ਏ ਡੀ ਸੀ ਨੇ ਦੱਸਿਆ ਕਿ ਇਸ ਸਕੀਮ ਅਧੀਨ ਗਰੁੱਪਾਂ ਨੂੰ 15000 ਰੁਪਏ ਪ੍ਰਤੀ ਗਰੁੱਪ ਦੇ ਹਿਸਾਬ ਨਾਲ ਰਿਵਾਲਵਿੰਗ ਫੰਡ ਦਿੱਤਾ ਜਾਂਦਾ ਹੈ ਅਤੇ 50,000 ਰੁਪਏ ਦੇ ਹਿਸਾਬ ਨਾਲ ਕਮਿਊਨਿਟੀ ਇੰਨਵੈਸਟਮੈਂਟ ਫੰਡ ਦਿੱਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਇਸ ਰਕਮ ਵਿੱਚੋਂ ਗਰੁੱਪ ਮੈਂਬਰ ਗਰੁੱਪ ਤੋਂ ਕਰਜ਼ਾ ਲੈ ਕੇ ਸਮੇਤ ਵਿਆਜ਼ ਵਾਪਸ ਕਰਦੇ ਹਨ ਅਤੇ ਇਸ ਤਰ੍ਹਾਂ ਇਹ ਸਾਈਕਲ ਚੱਲਦਾ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ ਹਰ ਇੱਕ ਗਰੁੱਪ ਮੈਂਬਰ ਪ੍ਰਤੀ ਮਹੀਨਾ 100 ਜਾਂ 50 ਰੁਪਏ ਘਰੇਲੂ ਬੱਚਤ ਕਰਕੇ ਆਪਣੇ ਗਰੁੱਪ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਂਦਾ ਹੈ, ਜਿਸ ਨਾਲ ਲੋੜਵੰਦ ਮੈਂਬਰਾਂ ਨੂੰ ਕਰਜ਼ਾ ਦਿੱਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨ੍ਹਾਂ ਇਨ੍ਹਾਂ ਗਰੁੱਪਾਂ ਦਾ ਬੈਂਕ ਨਾਲ ਤਾਲਮੇਲ ਕਰਵਾ ਕੇ ਸੀ.ਸੀ.ਐਲ. (ਕੈਸ਼/ਕਰੈਡਿਟ ਲਿਮਟ) ਕਰਵਾਈ ਜਾਂਦੀ ਹੈ ਜਿਹੜੀ ਕਿ ਬਹੁਤ ਘੱਟ ਵਿਆਜ਼ 'ਤੇ ਘੱਟੋ-ਘੱਟ 1 ਲੱਖ ਰੁਪਏ ਦੀ ਪਾਸ ਹੁੰਦੀ ਹੈ ਅਤੇ ਹੁਣ ਤੱਕ 45 ਗਰੁੱਪਾਂ ਨੂੰ ਇਹ ਲਾਭ ਦਿੱਤਾ ਜਾ ਸਕਦਾ ਹੈ।
ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਇਸ ਰਕਮ ਨਾਲ ਗਰੁੱਪ ਆਪਣਾ ਕੋਈ ਵੀ ਕੰਮ ਸ਼ੁਰੂ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ ਔਰਤਾਂ ਨੂੰ ਜੂਟ ਬੈਗ ਬਣਾਉਣ, ਆਚਾਰ ਅਤੇ ਟ੍ਰੀ ਗਾਰਡ ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਲਾਕਡਾਊਨ ਦੌਰਾਨ ਇਨ੍ਹਾਂ ਗਰੁੱਪਾਂ ਵੱਲੋਂ ਕੋਵਿਡ-19 ਦੇ ਵਿੱਚ ਹਿੱਸਾ ਪਾਉਂਦੇ ਹੋਏ 68000 ਮਾਸਕ ਤਿਆਰ ਕੀਤੇ ਗਏ ਅਤੇ ਇਸ ਦੇ ਬਦਲੇ ਗਰੁੱਪਾਂ ਨੂੰ 5 ਰੁਪਏ ਪ੍ਰਤੀ ਮਾਸਕ ਸਿਲਾਈ ਵਜੋਂ ਦੇ ਕੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨ੍ਹਾਂ ਬਲਾਕ ਝੁਨੀਰ ਵਿੱਚ ਬਾਂਸ ਦੇ ਟ੍ਰੀ ਗਾਰਡਾਂ ਦੀ ਪ੍ਰੋਡਕਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਗਨਰੇਗਾ ਸਕੀਮ ਅਧੀਨ ਇਹ ਟ੍ਰੀ ਗਾਰਡ ਖਰੀਦ ਕੇ ਗਰੁੱਪ ਮੈਂਬਰਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਪਿੰਡ ਪੱਧਰ 'ਤੇ 35 ਪੇਂਡੂ ਸੰਗਠਨਾਂ ਤਿਆਰ ਕੀਤੀਆਂ ਗਈਆਂ ਹਨ, ਜਿੰਨਾਂ ਦਾ ਕੰਮ ਪਿੰਡਾਂ ਵਿੱਚ ਇਹਨਾਂ ਗਰੁੱਪਾਂ ਨੂੰ ਓਰਗੇਨਾਈਜ਼ ਕਰਕੇ ਸਫਲਤਾ ਪੂਰਵਕ ਚਲਾਉਣਾ ਹੈ।ਉਨ੍ਹਾਂ ਦੱਸਿਆ ਕਿ ਇਹਨਾਂ ਵੀ.ਓਜ਼ ਨੂੰ ਵੀ 4,55,000 ਸਟਾਰਟਅੱਪ ਫੰਡ ਦਿੱਤਾ ਗਿਆ ਹੈ, ਤਾਂ ਜੋ ਇਹ ਵਿਲੇਜ਼ ਆਰਗੇਨਾਈਜੇਸ਼ਨ (ਵੀ.ਓ.) ਆਪਣੇ ਦਫ਼ਤਰ ਕਾਇਮ ਕਰਕੇ ਆਪਣਾ ਕੰਮ ਸ਼ੁਰੂ ਕਰ ਸਕਣ।
ਏ ਡੀ ਸੀ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਇਸ ਸਕੀਮ ਅਧੀਨ ਜ਼ਿਲ੍ਹੇ ਵਿੱਚ 24 ਸੀ.ਆਰ.ਪੀ. (ਕਮਿਊਨਿਟੀ ਰਿਸੋਰਸ ਪਰਸਨ), 11 ਬੈਂਕ ਮਿੱਤਰਾ ਅਤੇ 45 ਬੁੱਕ ਕੀਪਰਾਂ ਨੂੰ ਵੀ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਇਹ ਔਰਤਾਂ ਸੈਲਫ ਹੈਲਪ ਗਰੁੱਪ ਦੀਆਂ ਮੈਂਬਰ ਹੁੰਦੀਆਂ ਹਨ ਅਤੇ ਇਨ੍ਹਾਂ ਨੂੰ ਰਿਕਾਰਡ ਲਿਖਣ, ਬੈਂਕਾਂ ਦਾ ਕੰਮ ਕਰਨ ਅਤੇ ਹੋਰ ਸਕੀਮ ਦਾ ਕੰਮ ਕਰਨ ਦਾ ਕੰਮ ਲਿਆ ਜਾਂਦਾ ਹੈ ਜਿੰਨਾਂ ਨੂੰ ਕਿ ਸਰਕਾਰ ਵੱਲੋਂ ਰੋਜ਼ਾਨਾ ਭੱਤੇ ਦੇ ਤੌਰ 'ਤੇ ਰਕਮ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਝੇਰਿਆਂਵਾਲੀ ਅਤੇ ਮੌਫਰ ਦੇ ਗਰੁੱਪਾਂ ਵੱਲੋਂ ਸਾਰਸ ਮੇਲੇ ਵਿੱਚ ਆਪਣੇ ਹੱਥੀ ਬਣਾਏ ਸਮਾਨ ਨੂੰ ਵੇਚ ਕੇ ਰੁਜ਼ਗਾਰ ਕਮਾਇਆ ਗਿਆ ਹੈ।ਇਸ ਤੋਂ ਇਲਾਵਾ ਪਿੰਡ ਕੋਟੜਾ ਕਲਾਂ ਵਿਖੇ ਗਰੁੱਪ ਨੂੰ ਗ੍ਰਾਮ ਪੰਚਾਇਤ ਪਾਸੋਂ 1 ਕਿੱਲਾ ਜ਼ਮੀਨ ਰਿਆਇਤੀ ਦਰ 'ਤੇ ਠੇਕੇ 'ਤੇ ਦਵਾ ਕੇ ਔਰਤਾਂ ਵੱਲੋਂ ਖੇਤੀ ਕੀਤੀ ਜਾ ਰਹੀ ਹੈ ਅਤੇ ਅਗਲੇ ਸਾਲ ਤੋਂ ਫੁੱਲਾਂ ਦੀ ਖੇਤੀ ਕਰਕੇ ਰੁਜ਼ਗਾਰ ਕਮਾਉਣ ਦੇ ਯੋਗ ਹੋ ਜਾਣਗੀਆਂ