ਸਕੀਮ ਅਧੀਨ ਜ਼ਿਲ੍ਹੇ ਵਿੱਚ ਹੁਣ ਤੱਕ 563 ਕੰਮਾਂ ਦੀਆਂ ਪ੍ਰਵਾਨਗੀਆਂ ਜਾਰੀ: ਅਮਰਪ੍ਰੀਤ ਕੌਰ ਸੰਧੂ
{ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ)
ਮਾਨਸਾ, 15 ਅਗਸਤ : ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਕੋਰੋਨਾ ਮਹਾਂਮਾਰੀ ਦੇ ਨਾਲ ਨਜਿੱਠਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਮਗਨਰੇਗਾ ਸਕੀਮ ਤਹਿਤ ਜੋਬ ਕਾਰਡ ਧਾਰਕਾਂ ਨੂੰ ਵਿਅਕਤੀਗਤ ਲਾਭ ਦੇਣ ਸਬੰਧੀ ਸਕੀਮ ਅਧੀਨ ਕੰਮ ਮੁਹੱਈਆ ਕਰਵਾਉਣ ਤੋਂ ਇਲਾਵਾ ਪਸ਼ੂਆਂ ਦੇ ਸ਼ੈੱਡ ਵੀ ਬਣਾ ਕੇ ਦੇਣ ਸਬੰਧੀ ਵੀ ਜੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਗਰੀਬ ਪਰਿਵਾਰਾਂ ਦਾ ਇਸ ਦੁੱਖ ਦੀ ਘੜੀ ਵਿੱਚ ਸਾਥ ਦਿੱਤਾ ਜਾ ਸਕੇ ਅਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਗਰੀਬ ਪਰਿਵਾਰਾਂ ਨੂੰ ਵੱਧ ਤੋਂ ਵੱਧ ਵਿਅਕਤੀਗਤ ਲਾਭ ਮੁਹੱਈਆ ਕਰਵਾਇਆ ਜਾ ਸਕੇਗਾ ਅਤੇ ਇਸ ਦੇ ਨਾਲ-ਨਾਲ ਬਿਨਾਂ ਕਿਸੇ ਖਰਚੇ ਤੋਂ ਸ਼ੈੱਡ ਵੀ ਬਣਾ ਕੇ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਸ਼ੂ ਸ਼ੈੱਡ (ਗਾਂਵਾਂ ਅਤੇ ਮੱਝਾਂ), ਬੱਕਰੀਆਂ ਦਾ ਸ਼ੈੱਡ, ਪਿਗਰੀ ਸ਼ੈੱਡ ਬਣਾਏ ਜਾ ਸਕਦੇ ਹਨ।
ਨੇ ਦੱਸਿਆ ਕਿ ਨਵੇਂ ਸ਼ੈੱਡਾਂ ਦੀ ਉਸਾਰੀ ਲਈ 6 ਪਸ਼ੂਆਂ ਦੇ ਸ਼ੈੱਡ (ਗਾਂਵਾਂ ਅਤੇ ਮੱਝਾਂ) ਉੱਪਰ 97000 ਰੁਪਏ (400 ਵਰਗ ਫੁੱਟ), 4 ਪਸ਼ੂਆਂ ਦੇ ਸ਼ੈੱਡ (ਗਾਂਵਾਂ ਅਤੇ ਮੱਝਾਂ) ਉੱਪਰ 60000 ਰੁਪਏ (300 ਵਰਗ ਫੁੱਟ), 10 ਬੱਕਰੀਆਂ ਦੇ ਸ਼ੈੱਡ ਉੱਪਰ 52000 ਰੁਪਏ (80 ਵਰਗ ਫੁੱਟ), 100 ਮੁਰਗਿਆਂ ਦੇ ਸ਼ੈੱਡ 37765 ਰੁਪਏ (80 ਵਰਗ ਫੁੱਟ) ਅਤੇ 2 ਯੂਨਿਟ ਪਿਗਰੀ ਸ਼ੈੱਡ ਉੱਪਰ 65800 ਰੁਪਏ (300 ਵਰਗ ਫੁੱਟ) ਖਰਚ ਆਵੇਗਾ।ਉਨ੍ਹਾਂ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਸ਼ੈੱਡ ਬਣਾਉਣ ਲਈ ਲਾਭਪਾਤਰੀ ਦੀ ਚੋਣ ਮਗਨਰੇਗਾ ਐਕਟ ਦੇ ਸ਼ਡਿਊਲ 1 ਪੈਰਾ 5 ਅਨੁਸਾਰ ਅਤੇ ਸੰਯੁਕਤ ਵਿਕਾਸ ਕਮਿਸ਼ਨਰ ਮਗਨਰੇਗਾ ਵੱਲੋਂ ਜਾਰੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਹੀ ਕੀਤੀ ਜਾਵੇਗੀ।
ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਹੁਣ ਤੱਕ ਕੁੱਲ 563 ਕੰਮਾਂ ਦੀਆਂ ਪ੍ਰਵਾਨਗੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ 390 ਕੈਟਲ ਸ਼ੈੱਡ ਦੇ ਕੰਮ, 11 ਬੱਕਰੀ ਸ਼ੈੱਡ, 12 ਨੰਡੇਪ ਦੇ ਕੰਮ, 27 ਸੋਕ ਪਿੱਟ ਦੇ ਕੰਮ ਚੱਲ ਰਹੇ ਹਨ ਅਤੇ ਸਾਲ 2020-21 ਲਈ ਉਹਨਾ ਵੱਲੋਂ 1300 ਪਰਿਵਾਰਾਂ ਨੂੰ ਵਿਅਕਤੀਗਤ ਲਾਭ ਦੇਣ ਸਬੰਧੀ ਟਿੱਚਾ ਫਿਕਸ ਕੀਤਾ ਗਿਆ ਹੈ।
ਉਹਨਾਂ ਵੱਲੋਂ ਸਮੂਹ ਜੋਬ ਕਾਰਡ ਧਾਰਕਾਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ ਅਤੇ ਕੰਮ ਸਬੰਧੀ ਫਾਰਮ ਲਈ ਪਿੰਡ ਦੇ ਸਰਪੰਚ/ ਗ੍ਰਾਮ ਸੇਵਕ ਨਾਲ ਤਾਲਮੇਲ ਕੀਤਾ ਜਾਵੇ ਜਾਂ ਫਿਰ ਬੀ.ਡੀ.ਪੀ.ਓ. ਦਫਤਰ ਵਿੱਚ ਫਾਰਮ ਪ੍ਰਾਪਤ ਕਰ ਸਕਦੇ ਹਨ ਅਤੇ ਪਿੰਡ ਦੇ ਗ੍ਰਾਮ ਰੋਜਗਾਰ ਸੇਵਕ ਕੋਲ ਫਾਰਮ ਅਤੇ ਸਵੈ ਘੋਸ਼ਣਾ ਪੱਤਰ ਜਮਾਂ ਕਰਵਾਏ ਜਾ ਸਕਦੇ ਹਨ।