← ਪਿਛੇ ਪਰਤੋ
ਮਨਿੰਦਰਜੀਤ ਸਿੱਧੂ
- ਖਿਡਾਰੀਆਂ ਨੂੰ ਪਈਆਂ ਭਾਜੜਾਂ
ਜੈਤੋ, 19 ਅਗਸਤ 2020 - ਸਮੇਂ ਸਮੇਂ ਤੇ ਵੱਖ-ਵੱਖ ਸਰਕਾਰਾਂ ਅਤੇ ਵੱਖ-ਵੱਖ ਲੀਡਰਾਂ ਵੱਲੋਂ ਜੈਤੋ ਸਟੇਡੀਅਮ ਦੇ ਨਵੀਨੀਕਰਨ ਲਈ ਜੋ ਉਪਰਾਲੇ ਕੀਤੇ ਗਏ ਹਨ ਉਹਨਾਂ ਤੋਂ ਆਮ ਲੋਕ ਤਾਂ ਲੰਮੇ ਸਮੇਂ ਤੋਂ ਪ੍ਰਭਾਵਿਤ ਸਨ ਹੀ ਪਰ ਅੱਜ ਜੈਤੋ ਸ਼ਹਿਰ ਦੇ ਅਵਾਰਾ ਢੱਠੇ ਵੀ ਇਸ ਨਵੀਨੀਕਰਨ ਤੋਂ ਪ੍ਰਭਾਵਿਤ ਹੋ ਕੇ ਸਟੇਡੀਅਮ ਵਿੱਚ ਪ੍ਰੈਕਟਿਸ ਕਰਨ ਆਉਣ ਲੱਗ ਗਏ ਹਨ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਨੌਜ਼ਵਾਨ ਖੇਡ ਸਟੇਡੀਅਮ ਜੈਤੋ ਵਿਖੇ ਪ੍ਰੈਕਟਿਸ ਕਰਨ ਲਈ ਆਏ ਤਾਂ ਉਹਨਾਂ ਦੇਖਿਆ ਕਿ 2 ਢੱਠੇ ਸਟੇਡੀਅਮ ਦੇ ਟਰੈਕ ਤੇ ਦੌੜ ਰਹੇ ਸਨ। ਕਿੰਨੇ ਸ਼ਰਮ ਦੀ ਗੱਲ ਹੈ ਕਿ ਜੈਤੋ ਦਾ ਖੇਡ ਸਟੇਡੀਅਮ ਜੋ ਕਿ ਲਗਭਗ ਦੋ ਦਹਾਕੇ ਪਹਿਲਾਂ ਬਣਿਆ ਸੀ ਪਰ ਕਿਸੇ ‘ਰਾਜਾ ਬਾਬ’ੂ ਦੀ ਅਣਹੋਂਦ ਕਾਰਨ ਸਾਰਾ ਟੁੱਟ-ਭੱਜ ਗਿਆ ਹੈ ਅਤੇ ਸਟੇਡੀਅਮ ਤੋਂ ਕਿਸੇ ਖੰਡਰ ਇਮਾਰਤ ਦੇ ਰੂਪ ਵਿੱਚ ਬਦਲ ਗਿਆ ਹੈ। ਪਹਿਲਾਂ ਤਾਂ ਕਦੇ ਕਦਾਈਂ 26 ਜਨਵਰੀ ਜਾਂ 15 ਅਗਸਤ ਨੂੰ ਪ੍ਰਸ਼ਾਸ਼ਨ ਆਪਣੀ ਲੋੜ ਨੂੰ ਇਸਦੀ ਮਾੜੀ ਮੋਟੀ ਲਿੱਪਾ ਪੋਚੀ ਕਰ ਦਿੰਦਾ ਸੀ ਪਰ ਇਸ ਵਾਰ ਕੋਰੋਨਾ ਵਾਇਰਸ ਦੇ ਚਲਦਿਆਂ 15 ਅਗਸਤ ਦਾ ਦਿਹਾੜਾ ਸਬ-ਡਵੀਜ਼ਨ ਦਫ਼ਤਰ ਵਿਖੇ ਮਨਾਇਆ ਗਿਆ ਤਾਂ ਸਟੇਡੀਅਮ ਦੀ ਜੋ ਮਾੜੀ ਮੋਟੀ ਸਾਫ਼ ਸਫਾਈ ਹੁੰਦੀ ਸੀ ਉਹ ਵੀ ਨਾ ਹੋ ਪਾਈ। ਸਟੇਡੀਅਮ ਦੀਆਂ ਟੁੱਟੀਆਂ ਕੰਧਾਂ ਅਤੇ ਗਰਾਉਂਡ ਅੰਦਰ ਖੜ੍ਹਾ ਗੋਡੇ-ਗੋਡੇ ਘਾਹ ਪਸੂਆਂ ਲਈ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਅਤੇ ਪਸੂਆਂ ਦਾ ਉੱਥੇ ਆਉਣਾ ਪ੍ਰੈਕਟਸ ਕਰ ਰਹੇ ਬੱਚਿਆਂ ਅਤੇ ਖਿਡਾਰੀਆਂ ਲਈ ਜਾਨਲੇਵਾ ਹੋ ਸਕਦਾ ਹੈ। ਅੱਜ ਢੱਠਿਆਂ ਦੇ ਸਟੇਡੀਅਮ ਵਿੱਚ ਆਉਣ ਨਾਲ ਖਿਡਾਰੀਆਂ ਨੂੰ ਭਾਜੜਾਂ ਪੈ ਗਈਆਂ ਅਤੇ ਉਹਨਾਂ ਡਰ ਡਰ ਕੇ ਆਪਣਾ ਅਭਿਆਸ ਕੀਤਾ। ਲੀਡਰ ਆਪਣੀ ਲੀਡਰੀ ਚਮਕਾਉਣ ਅਤੇ ਨੌਜ਼ਵਾਨਾਂ ਨੂੰ ਆਪਣੇ ਵੱਲ ਖਿੱਚਣ ਲਈ ਅਕਸਰ ਹੀ ਇਸ ਸਟੇਡੀਅਮ ਵਿੱਚ ਆ ਕੇ ਨੌਜਵਾਨਾਂ ਨੂੰ ਅਤਿ ਆਧੁਨਿਕ ਸਹੂਲਤਾਂ ਵਾਲਾ ਸਟੇਡੀਅਮ ਬਣਾਉਣ ਦਾ ਵਾਅਦਾ ਕਰਕੇ ਜਾਂਦੇ ਹਨ ਪਰ ਕਿਸੇ ਵੀ ਲੀਡਰ ਨੇ ਅਜੇ ਤੱਕ ਆਪਣੇ ਵਾਅਦਿਆਂ ਦੀ ਪੂਰਤੀ ਨਹੀਂ ਕੀਤੀ।
Total Responses : 189