ਮਨਿੰਦਰਜੀਤ ਸਿੱਧੂ
- ਕੋਰੋਨਾ ਮਹਾਂਮਾਰੀ ਦੌਰਾਨ ਦਿੱਤੀਆਂ ਸੇਵਾਵਾਂ ਬਦਲੇ ਮਿਲਿਆ ਸਨਮਾਨ
ਜੈਤੋ, 20 ਅਗਸਤ 2020 - ਨੇੜਲੇ ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਦੇ ਵਸਨੀਕ ਅਤੇ ਬਰਾੜ ਨੈਚਰੋਪੈਥੀ ਸੈਂਟਰ ਬਠਿੰਡਾ ਦੇ ਸੰਚਾਲਕ ਡਾ. ਗੁਰਤੇਜ ਸਿੰਘ ਬਰਾੜ ਦਾ ਨਾਮ ਬੀਤੇ 15 ਅਗਸਤ ਸੁਤੰਤਰਤਾ ਦਿਵਸ ਮੌਕੇ ‘ਸੈਵਨ ਵੰਡਰ ਟੈਲੇਂਟ ਬੁੱਕ ਰਿਕਾਰਡਜ਼’ ਵਿੱਚ ਦਰਜ ਹੋਣਾ ਇਲਾਕੇ ਲਈ ਬੜੀ ਮਾਨ ਦੀ ਗੱਲ ਹੈ।
ਜਿਕਰਯੋਗ ਹੈ ਕਿ ਡਾ. ਬਰਾੜ ਇੱਕ ਮੱਧਵਰਗੀ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਉਹਨਾਂ ਆਪਣੀ ਲਗਨ ਮਿਹਨਤ ਅਤੇ ਦ੍ਰਿੜ ਨਿਸ਼ਚੇ ਦੇ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। ਆਪਣੀ ਸਫਲਤਾ ਸੰਬੰਧੀ ਗੱਲਬਾਤ ਕਰਦਿਆਂ ਡਾ. ਬਰਾੜ ਨੇ ਦੱਸਿਆ ਕਿ ਉਹਨਾਂ ਨੂੰ ਇਹ ਸਨਮਾਨ ਕੋਰੋਨਾ ਮਹਾਂਮਾਰੀ ਦੌਰਾਨ ਨੈਚਰੋਪੈਥੀ ਪ੍ਰਣਾਲੀ ਰਾਹੀਂ ਬਿਨਾਂ ਦਵਾਈਆਂ ਦੀ ਵਰਤੋਂ ਵੱਡੀ ਗਿਣਤੀ ਵਿੱਚ ਆਂਤੜੀਆਂ ਦੇ ਜਖਮ, ਗਠੀਆਂ, ਸ਼ੂਗਰ ਕਬਜ ਦੇ ਮਰੀਜਾਂ ਨੂੰ ਬਹੁਤ ਘੱਟ ਸਮੇਂ ਵਿੱਚ ਠੀਕ ਕਰਨ ਬਦਲੇ ਮਿਲਿਆ ਹੈ।
ਉਹਨਾਂ ਕਿਹਾ ਕਿ ਲੋਕਾਂ ਦਾ ਹੁਣ ਨੈਚਰੋਪੈਥੀ ਪ੍ਰਣਾਲੀ ਵਿੱਚ ਦਿਨ ਬ ਦਿਨ ਵਿਸ਼ਵਾਸ ਵੱਧ ਰਿਹਾ ਹੈ।ਉਹਨਾਂ ਦੀ ਇਸ ਸਫਲਤਾ ਉੱਪਰ ਉਹਨਾਂ ਨੂੰ ਫਰੀਦਕੋਟ ਤੋਂ ਸਾਂਸਦ ਜਨਾਬ ਮੁਹੰਮਦ ਸਦੀਕ, ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ, ਸ਼ੇਖ ਫਰੀਦ ਪ੍ਰੈਸ਼ ਕਲੱਬ ਜੈਤੋ ਦੇ ਪ੍ਰਧਾਨ ਭੋਲਾ ਸ਼ਰਮਾ, ਸਟੇਟ ਬੈਂਕ ਆਫ ਇੰਡੀਆ ਸਟਾਫ ਐਸੋਸੀਏਸ਼ਨ ਦੇ ਡਿਪਟੀ ਜਰਨਲ ਸੈਕਟਰੀ ਕਾ. ਗੁਲਸ਼ਨ ਉਬਰਾਏ, ਇੰਦਰਜੀਤ ਸਿੰਘ, ਸਾਬਕਾ ਸਹਾਇਕ ਸਬ ਇੰਸਪੈਕਟਰ ਜਸਵਿੰਦਰ ਸਿੰਘ ਭੁੱਲਰ, ਕੁਲਦੀਪ ਸਿੰਘ ਭੁੱਲਰ ਨਿਊਜੀਲੈਂਡ, ਇੰਦਰਜੀਤ ਸਿੰਘ ਸਿੱਧੂ ਆਦਿ ਨੇ ਮੁਬਾਰਕਬਾਦ ਦਿੱਤੀ।
ਮਾਸਟਰ ਬਲਦੇਵ ਸਿੰਘ ਵਿਧਾਇਕ ਹਲਕਾ ਜੈਤੋ ਨੇ ਕਿਹਾ ਕਿ ਡਾ. ਬਰਾੜ ਨੇ ਸਿਰਫ ਆਪਣਾ ਹੀ ਨਹੀਂ ਸਗੋਂ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਡਾ. ਗੁਰਤੇਜ ਸਿੰਘ ਸ਼ੁਰੂ ਤੋਂ ਬਹੁਤ ਮਿਹਨਤੀ ਅਤੇ ਆਪਣੇ ਕਿੱਤੇ ਪ੍ਰਤੀ ਵਫਾਦਾਰ ਰਹੇ ਹਨ। ਸਮੁੱਚੇ ਇਲਾਕੇ ਨੂੰ ਉਹਨਾਂ ਉੱਪਰ ਮਾਨ ਹੈ।