ਮਨਿੰਦਰਜੀਤ ਸਿੱਧੂ
ਜੈਤੋ, 21 ਅਗਸਤ 2020 - ਪਿਛਲੇ ਦਿਨੀਂ ਬਠਿੰਡਾ ਵਾਸੀ ਕਰਨਜੀਤ ਸਿੰਘ ਜੋ ਕਿ ਕਿਸੇ ਪ੍ਰਾਈਵੇਟ ਫਾਇਨਾਂਸ ਕੰਪਨੀ ਵਿੱਚ ਕਿਸ਼ਤਾਂ ਇੱਕਠੀਆ ਕਰਨ ਦਾ ਕੰਮ ਕਰਦਾ ਹੈ, ਪਾਸੋਂ ਪਿੰਡ ਰੋਮਾਣਾ ਅਜੀਤ ਸਿੰਘ ਵਾਲਾ ਕੋਲ ਕੁੱਝ ਵਿਅਕਤੀਆਂ ਵੱਲੋਂ ਕਿਸ਼ਤਾਂ ਦੇ ਇਕੱਠੇ ਕੀਤੇ ਲਗਭਗ 1 ਲੱਖ 70 ਹਜਾਰ ਰੁਪਏ ਅਤੇ ਉਸਦਾ ਮੋਬਾਇਲ ਖੋਹ ਲਿਆ ਸੀ। ਜਿਸ ਸਬੰਧੀ ਥਾਣਾ ਬਾਜਾਖਾਨਾ ਵਿਖੇ ਉਸਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਉੱਪਰ ਪਰਚਾ ਦਰਜ਼ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਫਰੀਦਕੋਟ ਜ਼ਿਲੇ੍ਹ ਦੀ ਸਮੁੱਚੀ ਪੁਲਿਸ ਹਰਕਤ ਵਿੱਚ ਆ ਗਈ ਅਤੇ ਕਰਾਈਮ ਇਨਵੈਸਟੀਗੇਸ਼ਨ ਏਜੰਸੀ (ਸੀ.ਆਈ.ਏ) ਜੈਤੋ ਦੇ ਇੰਚਾਰਜ਼ ਕੁਲਬੀਰ ਚੰਦ ਸ਼ਰਮਾ ਅਤੇ ਥਾਣਾ ਬਾਜਾਖਾਨਾ ਦੇ ਮੁੱਖ ਅਫ਼ਸਰ ਇੰਸਪੈਕਟਰ ਇਕਬਾਲ ਹੁਸੈਨ ਨੇ ਸਾਂਝੀ ਕਾਰਵਾਈ ਦੌਰਾਨ ਉਕਤ ਘਟਨਾ ਦੇ ਕਥਿਤ ਦੋਸ਼ੀ ਭੋਲਾ ਸਿੰਘ ਪੁੱਤਰ ਮਹਿੰਦਰ ਸਿੰਘ, ਨਛੱਤਰ ਸਿੰਘ ਉਰਫ ਸੱਤਾ ਪੁੱਤਰ ਮੱਸਾ ਸਿੰਘ ਅਤੇ ਦਲਜੀਤ ਸਿੰਘ ਪੁੱਤਰ ਬਿੰਦਰ ਸਿੰਘ ਵਾਸੀਆਨ ਮਲੂਕਾ ਜਿਲਾ ਬਠਿੰਡਾ ਨੂੰ ਗਿ੍ਰਫਤਾਰ ਕੀਤਾ ਗਿਆ। ਇਸ ਸਬੰਧੀ ਸਬ-ਡਵੀਜ਼ਨ ਜੈਤੋ ਦੇ ਉਪ-ਕਪਤਾਨ ਪਰਮਿੰਦਰ ਸਿੰਘ ਗਰੇਵਾਲ ਨੇ ਅੱਜ ਬਾਜਾਖਾਨਾ ਥਾਣਾ ਵਿਖੇ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਦੋਸ਼ੀਆਂ ਨੇ ਮੁੱਢਲੀ ਪੁੱਛ-ਗਿੱਛ ਦੌਰਾਨ ਆਪਣੇ ਜ਼ੁਰਮ ਇਕਬਾਲ ਕਰ ਲਏ ਹਨ। ਉਹਨਾਂ ਕਿਹਾ ਕਿ ਭੋਲਾ ਸਿੰਘ ਅਤੇ ਨਛੱਤਰ ਸਿੰਘ ਦੇ ਕਹਿਣ ਅਨੁਸਾਰ ਉਹਨਾਂ ਦੋਹਾਂ ਨੇ ਫਾਇਨਾਂਸ ਕੰਪਨੀ ਦੇ ਕਰਿੰਦੇ ਕਰਨਜੀਤ ਸਿੰਘ ਪਾਸੋਂ ਪੈਸਿਆਂ ਵਾਲਾ ਬੈਗ ਖੋਹਿਆ ਸੀ ਅਤੇ ਦਲਜੀਤ ਸਿੰਘ ਨੇ ਰੈਕੀ ਕਰਕੇ ਸਾਨੂੰ ਦੱਸਿਆ ਸੀ ਕਿ ਕਰਨਜੀਤ ਸਿੰਘ ਕਿਸ਼ਤਾਂ ਵਾਲੇ ਪੈਸੇ ਇੱਕਠੇ ਕਰਕੇ ਮਲੂਕੇ ਤੋਂ ਬਠਿੰਡੇ ਲਈ ਚੱਲ ਪਿਆ ਹੈ। ਡੀ.ਐਸ.ਪੀ. ਪਰਮਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਉਕਤ ਦੋਸ਼ੀਆਂ ਪਾਸੋਂ ਲੁੱਟੇ ਗਏ ਪੈਸਿਆਂ ਵਿੱਚੋਂ 1 ਲੱਖ 52 ਹਜਾਰ ਰੁਪੈ ਸਮੇਤ ਬੈਗ, ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤਿਆ ਗਿਆ ਮੋਟਰ ਸਾਇਕਲ ਅਤੇ ਇੱਕ ਖੰਡਾ ਬਰਾਮਦ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਮੁਜ਼ਰਮਾਂ ਖਿਲਾਫ਼ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਪੁੱਛ-ਗਿੱਛ ਕੀਤੀ ਜਾਵੇਗੀ। ਇਸ ਮੌਕੇ ਏ.ਐੱਸ.ਆਈ ਰਾਜ ਕੁਮਾਰ,ਏ.ਐੱਸ.ਆਈ ਪਰਮਿੰਦਰ ਸਿੰਘ, ਏ.ਐੱਸ.ਆਈ ਸਿੰਕਦਰ ਸਿੰਘ, ਮੁਨਸ਼ੀ ਸੀ.ਆਈ.ਏ ਜੈਤੋ ਹਰਜਿੰਦਰ ਸਿੰਘ ਢਿਲਵਾਂ, ਐੱਚ.ਸੀ. ਖੁਸਵਿੰਦਰ ਸਿੰਘ ਸੇਵੇਵਾਲਾ,ਐੱਚ.ਸੀ. ਰਣਦੀਪ ਸਿੰਘ,ਐੱਚ.ਸੀ. ਸੁਖਦੀਪ ਸਿੰਘ, ਐੱਚ.ਸੀ. ਜਤਿੰਦਰ ਸਿਘ , ਕਾਂਸਟੇਬਲ ਰਣਜੀਤ ਸਿੰਘ, ਕਾਂਸਟੇਬਲ ਜਗਮੇਲ ਸਿੰਘ, ਕਾਂਸਟੇਬਲ ਲਛਮਣ ਸਿੰਘ ਆਦਿ ਹਾਜ਼ਰ ਸਨ।