ਜੀ ਐਸ ਪੰਨੂ
ਪਟਿਆਲਾ, 26 ਅਗਸਤ 2020 - ਸ੍ਰੀ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਵ ਨੂੰ ਸਮਰਪਿਤ ‘‘ਹਿੰਦ ਦੀ ਚਾਦਰ : ਸ੍ਰੀ ਗੁਰੂ ਤੇਗ ਬਹਾਦਰ’’ ਦੇ ਵਿਸ਼ੇ ਤੇ ਵੈਬੀਨਾਰ ਦਾ ਕਰਵਾਇਆ ਗਿਆ। ਡਾ. ਦਲਜੀਤ ਸਿੰਘ ਨੇ ਪ੍ਰਮੁੱਖ ਬੁਲਾਰਿਆਂ ਅਤੇ ਸਾਰੇ ਸੋ੍ਰਤਿਆਂ ਦਾ ਸਵਾਗਤ ਕੀਤਾ ਅਤੇ ਵਿਸ਼ੇ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦੇ ਕੇ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੀ ਅਦੁੱਤੀ ਉਦਾਹਰਣ ਦਿੱਤੀ ਅਤੇ ਭਾਰਤੀ ਸਭਿਅਚਾਰ, ਰਾਸ਼ਟਰੀ ਏਕਤਾ ਅਤੇ ਵੰਨ-ਸਵੰਨਤਾ ਨੂੰ ਬਚਾਇਆ।
ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸੰਦੇਸ਼ ਨੂੰ ਦੁਨੀਆਂ ਭਰ ਵਿਚ ਫੈਲਾਇਆ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਵੀ ਕਦੇ ਰਾਸ਼ਟਰੀ ਅਖੰਡਤਾ ਦੀ ਗੱਲ ਚੱਲੇਗੀ ਤਾਂ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਦਾ ਜਿ਼ਕਰ ਹਰ ਹਾਲਤ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਅੱਜ ਕੋਵਿਡ-19 ਦੇ ਸਮੇਂ ਵਿਚ ਦੁਨੀਆਂ ਭਰ ਵਿਚ ਸਿੱਖ ਕੌਮ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਕਾਰਨ ਸਮੁੱਚੀ ਕੌਮ ਦੀ ਸ਼ਲਾਘਾ ਹੋ ਰਹੀ ਹੈ ਤਾਂ ਇਸ ਦਾ ਕਾਰਨ ਇਹੋ ਹੈ ਕਿ ਸਾਡੇ ਕੋਲ਼ ਸਾਡੇ ਸਿੱਖ ਗੁਰੂਆਂ ਦੀ ਮਹਾਨ ਵਿਰਾਸਤ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਅਦੁੱਤੀ ਸ਼ਹਾਦਤ ਦੀ ਮਿਸਾਲ ਕਿਧਰੇ ਹੋਰ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਮਹਾਨ ਸੰਦੇਸ਼ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਉਣ ਦੀ ਜਰੂਰਤ ਹੈ।
ਪ੍ਰੋ. ਜੀ.ਐਸ. ਨਇਯਰ, ਸਾਬਕਾ ਪ੍ਰੋਫੈਸਰ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਸੰਬੰਧੀ ਆਪਣੇ ਵਿਚਾਰਾਂ ਚ
ਕਿਹਾ ਕਿ ਗੁਰੂ ਸਾਹਿਬ ਦੀ ਸ਼ਹੀਦੀ ਵਿਲੱਖਣ ਤੇ ਮਹਾਨ ਹੈ। ਉਨ੍ਹਾਂ ਦੀ ਸ਼ਹਾਦਤ ਦੇ ਫਲਸਰੂਪ ਗੁਰੂ ਗੋਬਿੰਦ ਸਿੰਘ ਜੀ ਅਗਵਾਈ ਹੇਠ ਸੁਤੀ ਕੌਮ ਨੂੰ ਜਗਾ ਦਿੱਤਾ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਭਗਤੀ ਅਤੇ ਸ਼ਕਤੀ, ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਅਮਲ ਵਿੱਚ ਲਿਆਂਦਾ।
ਡਾ. ਸੁਲੱਖਣ ਸਿੰਘ, ਸਾਬਕਾ ਪ੍ਰੋਫੈੋਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਬਹੁਤ ਹੀ ਚੁਣੌਤੀਆਂ ਭਰਿਆ ਸੀ। ਗੁਰੂ ਸਾਹਿਬ ਨੇ ਸਿੱਖ ਗੁਰੂਆਂ ਤੋਂ ਵਿਰਾਸਤ ਵਿੱਚ ਮਿਲੀ ਸਿੱਖਿਆ ਨੂੰ ਅੱਗੇ ਵਧਾਉਂਦਿਆਂ ਹੋਇਆ ਲੋਕਾਂ ਦੇ ਧਰਮਾਂ ਦੀ ਅਜ਼ਾਦੀ ਅਤੇ ਮਨੁੱਖੀ ਅਧਿਕਾਰਾ ਦੀ ਰਾਖੀ ਲਈ ਅਦੁੱਤੀ ਸ਼ਹਾਦਤ ਦਿੱਤੀ। ਉਨ੍ਹਾਂ ਦੇ ਜੀਵਨ ਦਾ ਫਲਸਫਾ ਅੱਜ ਵੀ ਪੂਰਨ ਤੌਰ ਤੇ ਸਾਰਥਕ ਹੈ।
ਡਾ. ਕੁਲਬੀਰ ਢਿਲੋਂ, ਸਾਬਕਾ ਪ੍ਰੋਫੈਸਰ ਅਤੇ ਮੁੱਖੀ, ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਸ਼ਾਂਤੀ ਦੇ ਪੁੰਜ, ਜਗਤ ਦੀ ਚਾਦਰ, ਅਤੇ ਸਰਬ-ਧਰਮ ਦੇ ਰੱਖਿਅਕ ਸਨ। ਉਨ੍ਹਾਂ ਨੇ ਮਨੁੱਖਤਾ ਦੀ ਧਾਰਮਿਕ ਸੁਤੰਤਰਤਾ ਅਤੇ ਧਰਮ ਦੇ ਆਤਮ ਗੌਰਵ ਦੀ ਰੱਖਿਆ ਕੀਤੀ। ਗੁਰੂ ਸਾਹਿਬ ਵਿਸ਼ਵ ਸ਼ਾਂਤੀ ਦੇ ਪੈਗੰਬਰ ਸਨ।
ਅੰਤ ਵਿੱਚ ਡਾ. ਇੰਦਰਪ੍ਰੀਤ ਸੰਧੂ, ਮਨੋਵਿਗਿਆਨ ਵਿਭਾਗ ਨੇ ਵੈਬੀਨਾਰ ਵਿੱਚ ਸ਼ਾਮਲ ਸਾਰੇ ਪ੍ਰਮੁੱਖ ਬੁਲਾਰਿਆਂ ਅਤੇ ਸ੍ਰੋਤਿਆਂ ਦਾ ਧੰਨਵਾਦ ਕੀਤਾ।