- ਸਹੂਲਤਾਂ ਦੇ ਨਾਂ 'ਤੇ ਮਿਲੇ ਸਿਰਫ ਝੂਠੇ ਵਾਅਦੇ
- ਕੌਸਲ ਦੀ ਅਣਦੇਖੀ ਕਰਕੇ ਬਣੇ ਨਜ਼ਾਇਜ਼ ਹੋਟਲ
ਜ਼ੀਰਕਪੁਰ, 28 ਅਗਸਤ 2020 - ਜ਼ੀਰਕਪੁਰ ਦੇ ਗਠਨ ਨੂੰ ਭਾਵੇਂ ਕਈ ਸਾਲ ਹੋ ਚੁੱਕੇ ਹਨ ਪ੍ਰੰਤੂ ਇੱਥੇ ਜਨ ਸਹੂਲਤਾਂ ਦੇ ਨਾਂਅ 'ਤੇ ਅੱਜ ਤੱਕ ਕੁੱਝ ਨਹੀਂ ਮਿਲਿਆ ਹੈ। ਜਿਸਦੇ ਚੱਲਦੇ ਜੁਆਇੰਟ ਐਕਸ਼ਨ ਕਮੇਟੀ ਨੇ ਇੱਕ ਸਤੰਬਰ ਨੂੰ ਨਗਰ ਕੌਸਲ ਦਾ ਘਰਾਓ ਕਰਨ ਦਾ ਐਲਾਨ ਕੀਤਾ ਹੈ। ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਚੌਧਰੀ ਨੇ ਮੀਟਿੰਗ ਤੋਂ ਬਾਅਦ ਜਾਰੀ ਜਾਣਕਾਰੀ ਵਿੱਚ ਕਿਹਾ ਕਿ ਜੀਰਕਪੁਰ ਦੇ ਵਿਕਾਸ 'ਚ ਮੌਜੂਦਾ ਅਤੇ ਸਾਬਕਾ ਸਰਕਾਰਾਂ ਦਾ ਕੋਈ ਯੋਗਦਾਨ ਨਹੀਂ ਹੈ। ਇੱਥੇ ਬਿਲਡਰਾਂ ਨੇ ਬਹੁਮੰਜਲਾ ਇਮਾਰਤਾਂ ਤਾਂ ਬਣਾਈਆਂ ਪਰ ਉਨ੍ਹਾਂ ਨੇ ਵੀ ਸਰਕਾਰੀ ਮਾਸਟਰ ਪਲਾਨ ਨੂੰ ਤੋੜਨ ਦੇ ਇਲਾਵਾ ਕੁਝ ਨਹੀਂ ਕੀਤਾ। ਸੁਖਦੇਵ ਚੌਧਰੀ ਨੇ ਦੱਸਿਆ ਕਿ ਕੌਸਲ ਵਿੱਚ ਕਈ ਪ੍ਰਧਾਨਾਂ ਦਾ ਕਾਰਜਕਾਲ ਪੂਰਾ ਹੋ ਚੁੱਕਿਆ ਹੈ ਅਤੇ ਪਰਿਸ਼ਦ ਦੇ ਸਾਬਕਾ ਪ੍ਰਧਾਨ ਵਿਧਾਇਕ ਬਣ ਚੁੱਕੇ ਹਨ। ਇਸਦੇ ਬਾਵਜੂਦ ਇੱਥੇ ਅਵਾਰਾ ਜਾਨਵਰਾਂ ਦੀਆਂ ਸਮੱਸਿਆ ਦਾ ਅੱਜ ਤੱਕ ਹੱਲ ਨਹੀਂ ਹੋ ਸਕਿਆ ਹੈ। ਸ਼ਹਿਰ ਦੀਆਂ ਕਾਲੋਨੀਆਂ ਵਿੱਚ ਸੀਵਰ ਓਵਰਫਲੋ ਦੀ ਸਮੱਸਿਆ ਆਮ ਹੈ। ਜ਼ੀਰਕਪੁਰ 'ਚ ਪ੍ਰੀਸ਼ਦ 'ਤੇ ਸਰਕਾਰ ਦੀ ਅਣਦੇਖੀ ਦੇ ਚਲਦੇ ਲਗਾਤਾਰ ਨਜ਼ਾਇਜ਼ ਉਸਾਰੀਆਂ ਹੋ ਰਹੀਆਂ ਹਨ। ਬਿਲਡਰ ਲਾਬੀ ਪ੍ਰੀਸ਼ਦ ਦੀ ਮਿਲੀਭੁਗਤ ਨਾਲ ਨਜ਼ਾਇਜ਼ ਕਾਲੋਨੀਆਂ ਦਾ ਨਿਰਮਾਣ ਕਰ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਇੱਥੇ ਕਈ ਮਾਰਗ ਅਜਿਹੇ ਹਨ ਜਿੱਥੇ ਸੜਕਾਂ ਦੀ ਚੌੜਾਈ ਨੂੰ ਵੀ ਘੱਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਥੇ ਆਮ ਜਨਤਾ ਦੇ ਲਈ ਬਣੇ ਨੇਚਰ ਪਾਰਕਾਂ ਦੀ ਹਾਲਤ ਬਹੁਤ ਤਰਸਯੋਗ ਹੈ। ਰਿਹਾਇਸ਼ੀ ਖੇਤਰਾਂ ਵਿੱਚ ਗਲੀਆਂ ਟੁੱਟੀਆਂ ਪਈਆਂ ਹਨ। ਸਟਰੀਟ ਲਾਈਟਾਂ ਮਹੀਨਿਆਂ ਤੋਂ ਬੰਦ ਪਈਆਂ ਹਨ। ਨਗਰ ਪ੍ਰੀਸ਼ਦ ਦੇ ਅਧਿਕਾਰੀ ਕੋਈ ਸੁਣਵਾਈ ਨਹੀਂ ਕਰ ਰਹੇ ਹਨ। ਪ੍ਰੀਸ਼ਦ ਦੀ ਅਣਦੇਖੀ ਦੇ ਚਲਦ ਅੱਜ ਜ਼ੀਰਕਪੁਰ ਵਿੱਚ ਸੈਂਕੜਿਆਂ ਦੀ ਸੰਖਿਆਂ ਵਿੱਚ ਨਜ਼ਾਇਜ਼ ਹੋਟਲ ਬਣ ਰਹੇ ਹਨ। ਜਿੱਥੇ ਕਈ ਤਰ੍ਹਾਂ ਦੇ ਅਨੈਤਿਕ ਕਾਰਜ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ, ਸਥਾਨਕ ਸਰਕਾਰਾਂ ਮੰਤਰੀ ਨੁੰ ਵੀ ਪੱਤਰ ਲਿਖੇ ਜਾ ਚੁੱਕੇ ਹਨ ਪਰੰਤੂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਸੁਖਦੇਵ ਚੌਧਰੀ ਨੇ ਦੱਸਿਆ ਕਿ ਜੁਆਇੰਟ ਐਕਸ਼ਨ ਕਮੇਟੀ ਦੀ ਬੈਠਕ ਵਿੱਚ ਜ਼ੀਰਕਪੁਰ ਦੀ ਸਮੱਸਿਆਵਾਂ 'ਤੇ ਵਿਸਥਾਰ ਚਰਚਾ ਦੇ ਬਾਦ ਫੈਸਲਾ ਲਿਆ ਗਿਆ ਕਿ ਇੱਕ ਸਤੰਬਰ ਨੂੰ ਪ੍ਰੀਸ਼ਦ ਘਰਾਓ ਕੀਤਾ ਜਾਵੇਗਾ। ਉਨ੍ਹਾਂ ਜ਼ੀਰਕਪੁਰ ਵਾਸੀਆਂ ਨੂੰ ਘਰਾਓ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਘਰਾਓ 'ਚ ਸ਼ਹਿਰ ਦੀਆਂ ਸਾਰੀਆਂ ਸੋਸਾਇਟੀਆਂ ਦੇ ਪ੍ਰਧਾਨ 'ਤੇ ਸਕੱਤਰਾਂ ਦੇ ਇਲਾਵਾ ਸਾਰੇ ਖੇਤਰਾਂ ਦੇ ਨੁਮਾਇੰਦੇ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਪ੍ਰੀਸ਼ਦ ਅਧਿਕਾਰੀਆਂ ਦਾ ਘਰਾਓ ਕਰਨ ਦੇ ਬਾਦ ਸੀਐਮ ਆਵਾਸ ਵੱਲ ਕੂਚ ਕੀਤਾ ਜਾਵੇਗਾ।