ਜੀ ਐਸ ਪੰਨੂ
ਪਟਿਆਲਾ, 28 ਅਗਸਤ 2020 - ਮੁੱਖ ਮੰਤਰੀ ਦੇ ਹਲਕੇ ਪਟਿਆਲਾ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਇਤਿਹਾਸਕ ਨਹਿਰੂ ਪਾਰਕ ਦਾ ਨਗਰ ਨਿਗਮ ਪਟਿਆਲਾ ਨੇ ਬੁਰਾ ਹਾਲ ਕੀਤਾ ਹੋਇਆ। ਪਾਰਕ ਵਿੱਚ ਵਿਕਾਸ ਕਾਰਜ ਕਰਵਾਉਣ ਦੇ ਨਾਮ ਤੇ ਪਿਛਲੇ 2 ਮਹੀਨੇ ਤੋਂ ਸਾਰੇ ਪਾਰਕ ਨੂੰ ਭੰਨਤੋੜ ਕੇ ਪੁੱਟਿਆ ਪਿਆ। ਅੱਜ ਆਮ ਆਦਮੀ ਪਾਰਟੀ ਪਟਿਆਲਾ ਦੀ ਟੀਮ ਨੇ ਸੰਦੀਪ ਬੰਧੂ ਦੀ ਅਗਵਾਈ ਵਿੱਚ ਪਾਰਕ ਦਾ ਦੌਰਾ ਕੀਤਾ ਅਤੇ ਪਾਰਕ ਦੇ ਮਾੜੇ ਹਾਲਤਾਂ ਨੂੰ ਆਪਣੀ ਅੱਖਾਂ ਨਾਲ ਦੇਖਿਆ।
ਸੰਦੀਪ ਬੰਧੂ ਸਾਬਕਾ ਜੋਆਇੰਟ ਸੈਕਟਰੀ ਪੰਜਾਬ (ਆਰਟੀਆਈ ਵਿੰਗ) ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿੱਚੋਂ ਲਗਾਤਾਰ ਆਮ ਲੋਕਾਂ ਵੱਲੋਂ ਜਾਣਕਾਰੀ ਮਿਲ ਰਹੀ ਸੀ, ਕਿ ਨਗਰ ਨਿਗਮ ਪਟਿਆਲਾ ਨੇ 2 ਮਹੀਨੇ ਪਹਿਲਾਂ ਇਤਿਹਾਸਕ ਨਹਿਰੂ ਪਾਰਕ ਵਿੱਚ ਵਿਕਾਸ ਕਾਰਜ ਕਰਵਾਉਣ ਦੇ ਨਾਮ ਤੇ ਤੋੜ ਭੰਨ ਸ਼ੁਰੂ ਕੀਤੀ ਸੀ, ਭੰਨਤੋੜ ਕਰਨ ਦੇ ਬਾਅਦ ਕੰਮ ਨੂੰ ਅਧੂਰਾ ਛੱਡ ਦਿੱਤਾ ਅਤੇ ਉਸਤੋਂ ਬਾਅਦ ਹੀ ਪਾਰਕ ਦੀ ਕੋਈ ਸੁੱਧ ਨਹੀਂ ਲਈ ਗਈ। ਜਿਸ ਕਰਕੇ ਆਮ ਲੋਕਾਂ ਨੂੰ ਖਾਸ ਤੌਰ ਤੇ ਵੱਡੇ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਦਾ ਪਾਰਕ ਵਿੱਚ ਆਉਣਾ ਅਤੇ ਸੈਰ ਕਰਨਾ ਮੁਸ਼ਕਿਲ ਹੋਇਆ ਪਿਆ।
ਅੱਜ ਜਦੋਂ ਆਮ ਆਦਮੀ ਪਾਰਟੀ ਦੀ ਟੀਮ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਸਾਰੇ ਨਹਿਰੂ ਪਾਰਕ ਦਾ ਬੁਰਾ ਹਾਲ ਹੋਇਆ ਪਿਆ ਸੀ। ਪਾਰਕ ਵਿੱਚੋਂ ਸੈਰ ਕਰਨ ਲਈ ਫੁਹਾਰਿਆਂ ਦੇ ਆਲੇ ਦੁਆਲੇ ਬਣਿਆ ਹੋਇਆ ਸਾਰਾ ਰਸਤਾ ਜਿਸ ਉਪਰ ਪੁਰਾਣਾ ਜੈਪੁਰੀ ਲਾਲ ਪੱਥਰ ਲਗਿਆ ਹੋਇਆ ਸੀ, ਸਾਰਾ ਭੰਨ ਤੋੜ ਦਿੱਤਾ ਗਿਆ ਹੈ। ਸੈਰ ਕਰਨ ਵਾਲੇ ਸਾਰੇ ਟ੍ਰੈਕ ਤੋੜ ਦਿੱਤੇ ਗਏ ਹਨ। ਸਾਰੇ ਪਾਰਕ ਵਿੱਚ ਜਗ੍ਹਾ-ਜਗ੍ਹਾ ਟੁੱਟੇ ਲਾਲ ਪੱਥਰ ਅਤੇ ਮਿੱਟੀ ਦੇ ਢੇਰ ਲੱਗੇ ਪਏ ਹਨ। ਪਾਰਕ ਵਿੱਚ ਬਿਲਕੁਲ ਉਜਾੜਾ ਪਿਆ ਹੋਇਆ ਹੈ। ਕਈ ਜਗ੍ਹਾ ਤਾਂ ਕੁਝ ਲੋਕ ਬੈਠ ਕੇ ਜੁਆ ਵੀ ਖੇਡ ਰਹੇ ਸਨ, ਕਿਉਂਕਿ ਆਮ ਲੋਕਾਂ ਦਾ ਤਾਂ ਹੁਣ ਇਸ ਭੰਨ ਤੋੜ ਕਰਕੇ ਪਾਰਕ ਵਿੱਚ ਆਉਣਾ ਬੰਦ ਹੋ ਗਿਆ ਹੈ। ਜਿਸਦਾ ਇਹ ਅਸਮਾਜਿਕ ਲੋਕਾਂ ਨੇ ਫਾਇਦਾ ਉਠਾ ਲਿਆ ਹੈ।
ਸੰਦੀਪ ਬੰਧੂ ਨੇ ਕਿਹਾ ਕਿ ਨਹਿਰੂ ਪਾਰਕ ਸ਼ਹਿਰ ਦਾ ਸਭ ਤੋਂ ਪੁਰਾਣਾ ਤੇ ਇਤਿਹਾਸਕ ਪਾਰਕ ਹੈ। ਉਹ ਆਪ ਬਚਪਨ ਤੋਂ ਇਸ ਪਾਰਕ ਨੂੰ ਦੇਖਦੇ ਆ ਰਹੇ ਹਨ, ਇਸ ਪਾਰਕ ਵਿੱਚ ਜੋ ਜੈਪੁਰੀ ਲਾਲ ਪੱਥਰ ਲੱਗਿਆ ਹੋਇਆ ਸੀ, ਉਹ ਤਕਰੀਬਨ ਪੰਜਾਹ ਸਾਲ ਤੋਂ ਲੱਗਿਆ ਹੋਇਆ ਸੀ, ਉਹ ਪੱਥਰ ਇਸ ਪਾਰਕ ਦੀ ਸੁੰਦਰਤਾ ਵਿੱਚ ਹੋਰ ਵੀ ਚਾਰ ਚੰਦ ਲਗਾਉਂਦਾ ਸੀ ਅਤੇ ਉਹ ਅੱਜ ਵੀ ਬਿਲਕੁਲ ਠੀਕ ਸੀ। ਪਰ ਨਗਰ ਨਿਗਮ ਪਟਿਆਲਾ ਤੇ ਕਾਬਜ਼ ਸੱਤਾਧਾਰੀ ਲੀਡਰਾਂ ਅਤੇ ਠੇਕੇਦਾਰਾਂ ਨੇ ਪਾਰਕ ਵਿੱਚ ਵਿਕਾਸ ਕਾਰਜ ਕਰਵਾਉਣ ਦੇ ਨਾਮ ਤੇ 80 ਲੱਖ ਰੁਪਏ ਦਾ ਟੈਂਡਰ ਪਾਸ ਕਰਵਾ ਲਿਆ ਹੈ।
ਜਦੋਂ ਕਿ ਪਾਰਕ ਵਿੱਚ ਇੰਨੇ ਪੈਸੇ ਲਗਾਉਣ ਦੀ ਕੋਈ ਜਰੂਰਤ ਨਹੀਂ ਸੀ। ਕਿਉਂਕਿ ਜਿਹੜਾ ਲਾਲ ਪੱਥਰ ਪਾਰਕ ਦੇ ਟ੍ਰੈਕ ਵਿੱਚੋਂ ਤੋੜਿਆ ਗਿਆ ਹੈ ਉਹ ਬਿਲਕੁਲ ਠੀਕ ਸੀ, ਪਰ ਨਗਰ ਨਿਗਮ ਪਟਿਆਲਾ ਦੇ ਲੀਡਰਾਂ ਤੇ ਠੇਕੇਦਾਰਾਂ ਨੇ ਆਪਣੇ ਚਾਰ ਪੈਸੇ ਬਣਾਉਣ ਦੀ ਖਾਤਿਰ ਇਹ ਸਾਰੀ ਫਜੂਲ ਦੀ ਭੰਨ ਤੋੜ ਕੀਤੀ ਹੈ, ਅਤੇ ਸਰਕਾਰੀ ਟੈਕਸ ਦੇ ਪੈਸੇ ਨੂੰ ਚੂਨਾ ਲਗਾਉਣ ਦਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਜੋ ਵੀ ਵਿਕਾਸ ਕਾਰਜਾਂ ਦੇ ਕੰਮ ਸ਼ੁਰੂ ਕੀਤੇ ਗਏ ਹਨ, ਉਹਨਾਂ ਵਿੱਚ ਕਿਸੇ ਵੀ ਕੰਮ ਵਾਲੀ ਜਗ੍ਹਾ ਤੇ ਕੰਮਾਂ ਦੇ ਵੇਰਵੇ ਦਾ ਬੋਰਡ ਨਹੀਂ ਲਗਾਇਆ ਗਿਆ ਹੈ, ਜਿਸ ਵਿੱਚ ਕੰਮ ਕਰ ਰਹੇ ਠੇਕੇਦਾਰ ਦਾ ਨਾਮ, ਪਤਾ ਅਤੇ ਫੋਨ ਨੰਬਰ, ਕੰਮ ਦਾ ਵੇਰਵਾ, ਕੰਮ ਕਦੋਂ ਸ਼ੁਰੂ ਹੋਇਆ, ਕੰਮ ਕਦੋਂ ਖਤਮ ਹੋਵੇਗਾ, ਕਿੰਨੇ ਲਾਗਤ ਦਾ ਕੰਮ ਹੈ ਆਦਿ ਇਹ ਵੇਰਵੇ ਦਾ ਕੋਈ ਵੀ ਬੋਰਡ, ਕਿਸੇ ਵੀ ਕੰਮ ਵਾਲੀ ਜਗ੍ਹਾ ਤੇ ਨਾ ਤਾਂ ਠੇਕੇਦਾਰ ਵੱਲੋਂ ਅਤੇ ਨਾ ਹੀ ਨਗਰ ਨਿਗਮ ਪਟਿਆਲਾ ਵੱਲੋਂ ਲਗਾਇਆ ਗਿਆ ਹੈ। ਇਹ ਸਭ ਦੇਖਕੇ ਤਾਂ ਨਗਰ ਨਿਗਮ ਪਟਿਆਲਾ ਦੇ ਲੀਡਰਾਂ ਅਤੇ ਠੇਕੇਦਾਰਾਂ ਦੀ ਮਿਲੀਭੁਗਤ ਨਜ਼ਰ ਆ ਰਹੀ ਹੈ, ਜੋ ਕਿ ਮਿਲਕੇ ਆਪਣੇ ਫਾਇਦੇ ਲਈ ਆਮ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਨਾਲ ਸਰਕਾਰੀ ਖਜ਼ਾਨੇ ਵਿੱਚ ਦਿੱਤੇ ਟੈਕਸ ਦੇ ਪੈਸੇ ਨੂੰ ਚੱਟ- ਚੁੰਡ ਅਤੇ ਲੁੱਟ ਰਹੇ ਹਨ।
ਇਸ ਮੌਕੇ ਪਾਰਟੀ ਦੀ ਮਹਿਲਾ ਆਗੂ ਕਿਰਨ ਭਾਟੀਆ ਅਤੇ ਡਿੰਪਲ ਬੱਤਾ ਨੇ ਸਾਂਝੇ ਤੌਰ ਤੇ ਕਿਹਾ ਕਿ ਨਗਰ ਨਿਗਮ ਪਟਿਆਲਾ ਨੇ ਪਾਰਕ ਦਾ ਬਹੁਤ ਬੁਰਾ ਹਾਲ ਕੀਤਾ ਹੈ। ਖਾਸ ਤੌਰ ਤੇ ਮਹਿਲਾਵਾਂ ਅਤੇ ਬੱਚਿਆਂ ਨੂੰ ਸਵੇਰੇ ਸ਼ਾਮ ਸੈਰ ਕਰਨ ਅਤੇ ਖੇਡਣ ਵਾਸਤੇ ਕੋਈ ਥਾਂ ਨਹੀਂ ਹੈ। ਉਹਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰੋਨਾ ਦੀ ਬਿਮਾਰੀ ਵਿੱਚ ਇਮਨਿਉਟੀ ਵਧਾਉਣ ਲਈ ਸੈਰ ਸਭ ਤੋਂ ਜਰੂਰੀ ਹੈ, ਪਰ ਨਗਰ ਨਿਗਮ ਦੀਆਂ ਨਲਾਇਕੀਆਂ ਕਰਕੇ ਆਮ ਲੋਕ ਇਸ ਤੋਂ ਵਾਂਝੇ ਹੋ ਰਹੇ ਹਨ। ਨਗਰ ਨਿਗਮ ਨੂੰ ਪਾਰਕ ਨੂੰ ਜਲਦ ਜਲਦ ਤੋਂ ਤਿਆਰ ਕਰਕੇ ਆਮ ਲੋਕਾਂ ਦੇ ਹਵਾਲੇ ਕਰਨਾ ਚਾਹੀਦਾ ਹੈ।
ਇਸ ਮੌਕੇ ਪਾਰਟੀ ਵੱਲੋਂ ਕਿਰਨ ਭਾਟੀਆ ਸਾਬਕਾ ਉਪ-ਪ੍ਰਧਾਨ ਪੰਜਾਬ ਮਹਿਲਾ ਵਿੰਗ, ਡਿੰਪਲ ਬੱਤਾ ਸਾਬਕਾ ਜਰਨਲ ਸਕੱਤਰ ਪਟਿਆਲਾ ਮਹਿਲਾ ਵਿੰਗ, ਸੀਮਾ ਰਾਣੀ ਅਮਰਜੀਤ ਭਾਟੀਆ ਬਲਾਕ ਪ੍ਰਧਾਨ, ਸ਼ੋਸ਼ਲ ਮੀਡੀਆ ਪ੍ਰਧਾਨ ਰਾਜ ਕੁਮਾਰ, ਯੂਥ ਆਗੂ ਗੋਲੂ ਰਾਜਪੂਤ, ਕਪੂਰ ਚੰਦ, ਸੰਨੀ ਕੁਮਾਰ, ਨਦੀਮ ਖਾਨ ਹਾਜ਼ਰ ਸਨ।