ਜੀ ਐਸ ਪੰਨੂ
ਪਟਿਆਲਾ, 28 ਅਗਸਤ 2020 - ਵਿਧਾਨ-ਸਭਾ ਸ਼ੈਸ਼ਨ ਦੌਰਾਨ ਬੇਰੁਜ਼ਗਾਰੀ ਅਤੇ ਪੰਜਾਬ ਦੇ ਸਕੂਲ ਸਿੱਖਿਆ ਢਾਂਚੇ ਸਬੰਧੀ ਆਪਣੀਆਂ ਮੰਗਾਂ ਨੂੰ ਉਭਾਰਨ ਲਈ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਵੱਲੋਂ ਬਹਾਦਰਗੜ੍ਹ ਨੇੜੇ ਟੋਲ-ਪਲਾਜ਼ਾ ਕੋਲ ਇਕੱਠੇ ਹੁੰਦਿਆਂ ਆਪਣੀਆਂ ਮੰਗਾਂ ਸਬੰਧੀ ਚਾਰਟ ਲੈ ਕੇ ਦਿਖਾਵਾ ਕੀਤਾ। ਕਿਉਂਕਿ ਇਹਨਾਂ ਰਸਤਿਆਂ ਤੋਂ ਵਿਧਾਇਕਾਂ ਨੇ ਚੰਡੀਗੜ੍ਹ ਲਈ ਲੰਘਣਾ ਸੀ। ਇਸ ਤੋਂ ਇਲਾਵਾ ਕਰੀਬ ਇੱਕ ਦਰਜ਼ਨ ਵਿਧਾਇਕਾਂ ਨੂੰ ਸ਼ੋਸ਼ਲ-ਮੀਡੀਆ ਰਾਹੀਂ ਮੰਗ-ਪੱਤਰ ਭੇਜੇ ਗਏ। ਇਥੇ ਹਾਜ਼ਰ ਰਹੇ ਯੂਨੀਅਨ ਦੇ ਸੂਬਾਈ ਆਗੂ ਅਮਨਦੀਪ ਸੇਖਾ, ਦਿਲਬਾਗ ਮੰਡਵੀ, ਜਗਸੀਰ ਜੱਗੀ,ਜਸਵਿੰਦਰ ਸਿੰਘ, ਕੁਲਦੀਪ ਰਾਮਨਗਰ ਨੇ ਦੱਸਿਆ ਕਿ ਯੂਨੀਅਨ ਵੱਲੋਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ-ਆਦਮੀ ਪਾਰਟੀ ਤਿੰਨਾਂ ਹੀ ਦਲਾਂ ਦੇ ਵਿਧਾਇਕਾਂ ਨਾਲ ਮਾਸਟਰ-ਕਾਡਰ ਦੀਆਂ ਅਸਾਮੀਆਂ 'ਚ ਵਾਧੇ ਅਤੇ ਭਰਤੀਆਂ ਲਈ ਉਮਰ-ਹੱਦ 37 ਤੋਂ 42 ਸਾਲ ਕਰਨ ਸਬੰਧੀ ਮੁੱਦਾ ਉਭਾਰਨ ਲਈ ਸ਼ੋਸ਼ਲ ਮੀਡੀਆ ਰਾਹੀਂ ਯਾਦ-ਪੱਤਰ ਭੇਜਦਿਆਂ ਰਾਬਤਾ ਬਣਾਇਆ। ਆਗੂਆਂ ਨੇ ਕਿਹਾ ਕਿ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ 2 ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਕੱਢੀਆਂ ਮਾਸਟਰ-ਕਾਡਰ ਦੀਆਂ 3282 ਅਸਾਮੀਆਂ ਤਹਿਤ ਸਮਾਜਿਕ ਸਿੱਖਿਆ ਦੀਆਂ 54, ਪੰਜਾਬੀ ਦੀਆਂ 62 ਅਤੇ ਹਿੰਦੀ ਦੀਆਂ ਮਹਿਜ਼ 52 ਅਸਾਮੀਆਂ ਹੀ ਕੱਢੀਆਂ ਗਈਆਂ ਹਨ, ਜਦੋਂਕਿ ਇਹਨਾਂ ਵਿਸ਼ਿਆਂ ਦੇ ਕਰੀਬ 30-35 ਹਜ਼ਾਰ ਉਮੀਦਵਾਰ ਟੈੱਟ ਪਾਸ ਹਨ। ਦੂਜੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ 3 ਲੱਖ ਤੋਂ ਵੱਧ ਦਾਖ਼ਲਿਆਂ ਦਾ ਵਾਧਾ ਹੋਇਆ ਹੈ। ਨੌਕਰੀ ਉਡੀਕਦੇ ਭਰਤੀ ਲਈ ਨਿਰਧਾਰਤ ਉਮਰ-ਹੱਦ ਲੰਘਾ ਚੁੱਕੇ ਉਮੀਦਵਾਰਾਂ ਲਈ ਉਮਰ-ਹੱਦ 37 ਤੋਂ 42 ਸਾਲ ਕਰਵਾਉਣ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ। ਵੱਖ-ਵੱਖ ਵਿਧਾਇਕਾਂ ਨੇ ਯੂਨੀਅਨ ਦੀਆਂ ਹੱਕੀ ਮੰਗਾਂ ਲਈ ਆਵਾਜ਼ ਉਠਾਉਣ ਦਾ ਭਰੋਸਾ ਦਿੱਤਾ ਹੈ।