ਮਨਿੰਦਰਜੀਤ ਸਿੱਧੂ
ਜੈਤੋ, 1 ਸਿਤੰਬਰ 2020 - ਕੁੱਝ ਸਮਾਂ ਪਹਿਲਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਪ੍ਰਿੰਸੀਪਲਾਂ ਦੀ ਕੀਤੀ ਗਈ ਸਿੱਧੀ ਭਰਤੀ ਵਿੱਚ ਜੈਤੋ ਜ਼ਿਲ੍ਹਾ ਫਰੀਦਕੋਟ ਦੀ ਮੀਨਾ ਭਾਰਤੀ ਨੇ ਛੇਵਾਂ ਸਥਾਨ ਹਾਸਲ ਕਰਕੇ ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਮੌੜ ਕਲਾਂ ਵਿਖੇ ਬਤੌਰ ਪ੍ਰਿੰਸੀਪਲ ਜੁਆਇਨ ਕੀਤਾ ਹੈ। ਮੀਨਾ ਭਾਰਤੀ ਜੈਤੋ ਦੇ ਮਹਾਂਵੀਰ ਪਾਰਕ ਦੇ ਨਿਵਾਸੀ ਵਿਜੈ ਕੁਮਾਰ ਸਿੰਗਲਾ ਜੋ ਕਿ ਪੰਜਾਬ ਦੇ ਸਿਹਤ ਵਿਭਾਗ ਵਿੱਚ ਫਰਮਾਸਿਸਟ ਹਨ ਦੀ ਪੁੱਤਰੀ ਹੈ।ਮੀਨਾ ਭਾਰਤੀ ਦੀ ਛੋਟੀ ਉਮਰ ਵਿੱਚ ਵੱਡੀ ਪ੍ਰਾਪਤੀ ਲਈ ਸਮੁੱਚੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਛਾਈ ਹੋਈ ਹੈ।ਮੀਨਾ ਭਾਰਤੀ ਦੇ ਭਰਾ ਲੋਵਿਸ਼ ਸਿੰਗਲਾ ਜੋ ਕਿ ਪੀ.ਐੱਸ.ਪੀ.ਸੀ.ਐੱਲ ਵਿੱਚ ਅਧਿਕਾਰੀ ਹਨ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਭੈਣ ਨੇ ਆਪਣੀ ਮੁੱਢਲੀ ਵਿੱਦਿਆ ਜੈਤੋ ਦੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ਼ ਵਿੱਚੋਂ ਪ੍ਰਾਪਤ ਕਰਨ ਉਪਰੰਤ ਪਟਿਆਲਾ ਦੇ ਪ੍ਰਸਿੱਧ ਥਾਪਰ ਕਾਲਜ਼ ਤੋਂ ਬੀ.ਟੈੱਕ ਅਤੇ ਐੱਮ.ਟੈੱਕ ਦੀ ਪੜ੍ਹਾਈ ਕੀਤੀ ਹੈ।ਇੱਥੇ ਇਹ ਵੀ ਜਿਕਰਯੋਗ ਹੈ ਕਿ ਮੀਨਾ ਭਾਰਤੀ ਹੁਣ ਪੀ.ਐੱਚ.ਡੀ ਕਰ ਰਹੀ ਹੈ ਅਤੇ ਇਸ ਨਿਯੁਕਤੀ ਤੋਂ ਪਹਿਲਾਂ ਉਹ ਬਤੌਰ ਕੰਪਿਊਟਰ ਟੀਚਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਭੁੱਚੋ ਖੁਰਦ ਵਿਖੇ ਸੇਵਾਵਾਂ ਨਿਭਾਅ ਰਹੇ ਸਨ। ਸਮੁੱਚੀ ਭਰਤੀ ਵਿੱਚ ਸਫਲ ਹੋਏ ਉਮੀਦਵਾਰਾਂ ਵਿੱਚੋਂ ਮੀਨਾ ਸਭ ਤੋਂ ਛੋਟੀ ਉਮਰ ਵਿੱਚ ਪ੍ਰਿੰਸੀਪਾਲ ਦੇ ਅਹੁਦੇ ਤੇ ਪਹੁੰਚੀ ਹੈ। ਉਹਨਾਂ ਦੇ ਪਤੀ ਪੰਜਾਬੀ ਯੂਨੀਵਰਸਿਟੀ ਕਾਲਜ਼ ਘੁੱਦਾ ਵਿਖੇ ਪ੍ਰੋਫੈਸਰ ਹਨ।ਮੀਨਾ ਭਾਰਤੀ ਦੀ ਸਫਲਤਾ ਜਿੱਥੇ ਹੋਰਨਾਂ ਲੋਕਾਂ ਲਈ ਪ੍ਰੇਰਨਾਸ੍ਰੋਤ ਹੈ ਉੱਥੇ ਉਹਨਾਂ ਲੋਕਾਂ ਦੇ ਮੂੰਹ ਉੱਪਰ ਚਪੇੜ ਵੀ ਹੈ ਜੋ ਅਜੇ ਵੀ ਕੁੜੀਆਂ ਨੂੰ ਮੁੰਡਿਆਂ ਤੋਂ ਘੱਟ ਸਮਝਦੇ ਹਨ।ਜੈਤੋ ਹਲਕੇ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਮੀਨਾ ਭਾਰਤੀ ਦੀ ਇਸ ਸਫਲਤਾ ਉੱਪਰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮੀਨਾ ਭਾਰਤੀ ਨੇ ਸਿਰਫ 31 ਸਾਲ ਦੀ ਉਮਰ ਵਿੱਚ ਇਹ ਮੁਕਾਮ ਹਾਸਲ ਕਰਕੇ ਆਪਣਾ, ਆਪਣੇ ਮਾਪਿਆਂ, ਆਪਣੇ ਸਹੁਰੇ ਪਰਿਵਾਰ ਅਤੇ ਇਲਾਕੇ ਦਾ ਨਾਮ ਸਮੁੱਚੇ ਦੇਸ਼ ਵਿੱਚ ਰੌਸ਼ਨ ਕੀਤਾ ਹੈ।