ਮਨਿੰਦਰਜੀਤ ਸਿੱਧੂ
ਜੈਤੋ, 3 ਸਤੰਬਰ 2020 - ਕਰਮਚਾਰੀ ਯੂਨੀਅਨ ਪੰਜਾਬ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਸਥਾਨਕ ਨਹਿਰੂ ਪਾਰਕ ਵਿਖੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਹੋਇਆਂ ਪੁਰਾਣੀ ਪੈਨਸ਼ਨ ਸਕੀਮ ਲਈ ਬਣਾਈ ਰਿਵਿਊ ਕਮੇਟੀ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ।ਸਰਕਾਰ ਉੱਪਰ ਵਰ੍ਹਦਿਆਂ ਆਗੂ ਹਰਮੀਤ ਸਿੰਘ ਬਾਜਾਖਾਨਾ ਅਤੇ ਕਰਨਵੀਰ ਸਿੰਘ ਨੇ ਕਿਹਾ ਕਿ ਇਹ ਕਮੇਟੀ ਐੱਨ.ਪੀ.ਐੱਸ ਖਤਮ ਕਰ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਨਾਮ ਉੱਪਰ ਸਿਰਫ ਟਾਈਮ ਟਪਾ ਰਹੀ ਹੈ ਕਿਉਂਕਿ ਐਨਾ ਲੰਮਾ ਸਮਾਂ ਬੀਤ ਜਾਣ ਉਪਰੰਤ ਵੀ ਕਮੇਟੀ ਵੱਲੋਂ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਆਰੰਭੀ ਗਈ ਹੈ।
ਆਗੂਆਂ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਮੁਲਾਜਮ ਵਰਗ ਦੀਆਂ ਮੰਗਾਂ ਨੂੰ ਲੈਕੇ ਟਾਲ ਮਟੋਲ ਵਾਲੀ ਨੀਤੀ ਅਪਣਾ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਨੂੰ ਨੌਕਰੀ ਦੌਰਾਨ ਮੌਤ ਹੋ ਜਾਣ ਉਪਰੰਤ ਫੈਮਿਲੀ ਪੈਨਸ਼ਨ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਸਨ ਤੇ ਕੇਂਦਰ ਸਰਕਾਰ ਦੇ ਮੁਲਾਜਮਾਂ ਨੂੰ ਇਹਨਾਂ ਹੁਕਮਾਂ ਦੇ ਮੱਦੇ ਨਜਰ ਬਣਦਾ ਲਾਭ ਮਿਲਣਾ ਵੀ ਸ਼ੁਰੂ ਹੋ ਗਿਆ ਹੈ। ਇਸਦੇ ਉਲਟ ਪੰਜਾਬ ਸਰਕਾਰ ਆਪਣੇ ਮੁਲਾਜਮਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ/ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ/ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰਨੀ ਆਦਿ ਤਾਂ ਕੀ ਪੂਰੀਆਂ ਕਰਨੀਆਂ ਹਨ ਸਗੋਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਫੈਸਲੇ ਅਨੁਸਾਰ ਫੈਮਿਲੀ ਪੈਨਸ਼ਨ ਦੇਣ ਦਾ ਪੱਤਰ ਜਾਰੀ ਕਰਕੇ ਮੁਲਾਜਮਾਂ ਨੂੰ ਬਣਦਾ ਲਾਭ ਦੇਣ ਵਿੱਚ ਵੀ ਬੇਲੋੜੀ ਦੇਰੀ ਕਰਕੇ ਇਸ ਕਰੋਨਾ ਮਹਾਂਮਾਰੀ ਦੌਰਾਨ ਲੋਕ ਸੇਵਾ ਵਿੱਚ ਲੱਗੇ ਮੁਲਾਜਮਾਂ ਦੀ ਹੌਸਲਾ ਅਫਜ਼ਾਈ ਕਰਨ ਦੀ ਬਜਾਏ ਮੁਲਾਜਮ ਵਰਗ ਦਾ ਸ਼ੋਸ਼ਨ ਕਰ ਰਹੀ ਹੈ। ਜਿਸ ਨੂੰ ਜਥੇਬੰਦੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ।
ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਸਰਕਾਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਗਰ ਜਲਦ ਹੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨਾ ਕੀਤੀ ਗਈ ਅਤੇ ਕੇਂਦਰ ਸਰਕਾਰ ਦੀ ਤਰਜ ਤੇ ਫੈਮਿਲੀ ਪੈਨਸ਼ਨ ਲਾਗੂ ਕਰਨ ਦਾ ਨੋਟੀਫਿਕੇਸ਼ਨ ਲਾਗੂ ਨਾ ਕੀਤਾ ਗਿਆ ਤਾਂ ਸੂਬਾਈ ਕਮੇਟੀ ਦੇ ਅਗਲੇ ਫੈਸਲੇ ਅਨੁਸਾਰ ਸੰਘਰਸ਼ ਨੂੰ ਹੋਰ ਤੇਜ ਤੇ ਤਿੱਖਾ ਰੂਪ ਦੇਣ ਲਈ ਸੂਬੇ ਦੇ ਡੇਢ ਲੱਖ ਤੋਂ ਉੱਪਰ ਪੀੜਤ ਮੁਲਾਜਮ ਸੰਘਰਸ਼ ਦੇ ਰਾਹ ਤੇ ਤੁਰਨ ਲਈ ਮਜਬੂਰ ਹੋ ਜਾਣਗੇ ਅਤੇ ਇਸਦੀ ਪੂਰੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ। ਇਸ ਮੌਕੇ ਰਾਜਪਾਲ ਸਿੰਘ,ਹਰਭਗਵਾਨ ਘਣੀਆਂ,ਰਾਜਿੰਦਰ ਸਿੰਘ ਘਣੀਆਂ,ਦਰਸਨ ਸਿੰਘ,ਰਾਮ ਦਾਸ,ਪ੍ਰਗਟ ਸਿੰਘ ਜੈਤੋ,ਰਣਜੀਤ ਸਿੰਘ, ਰੁਪਿੰਦਰ ਵਰਮਾ,ਵਿਜੇਪਾਲ ਜੈਤੋ,ਗੁਰਵਿੰਦਰ ਜੈਤੋ,ਰੂਪ ਕੁਮਾਰ ,ਰਾਜਿੰਦਰ ਸਿੰਘ ਜੈਤੋ, ਬਲਜੀਤ ਸਿੰਘ,ਹਰਵਿੰਦਰ ਬਰਗਾੜੀ ਆਦਿ ਆਗੂ ਅਤੇ ਮੁਲਾਜ਼ਮ ਹਾਜਰ ਸਨ।