ਜੀ ਐਸ ਪੰਨੂ
ਪਟਿਆਲਾ, 5 ਸਤੰਬਰ 2020 - ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਵੱਲੋਂ ਆਲ ਇੰਡੀਆ ਸਿੱਖਿਆ ਅਧਿਕਾਰ ਮੰਚ ਦੇ ਸੱਦੇ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਵੀ ਕੇਂਦਰ ਸਰਕਾਰ ਵੱਲੋਂ ਜਾਰੀ ਰਾਸ਼ਟਰੀ ਸਿੱਖਿਆ ਨੀਤੀ-2020 ਨੂੰ ਨਿੱਜੀਕਰਨ, ਵਪਾਰੀਕਰਨ, ਕੇਂਦਰੀਕਰਨ, ਸਾਮਰਾਜੀਕਰਨ ਅਤੇ ਭਗਵਾਂਕਰਨ ਪੱਖੀ ਕਰਾਰ ਦਿੰਦਿਆਂ “ਅਧਿਆਪਕਾਂ ਵੱਲੋਂ ਰਾਸ਼ਟਰੀ ਸਿੱਖਿਆ ਨੀਤੀ ਰੱਦ” ਮੁਹਿੰਮ ਸ਼ੁਰੂ ਕੀਤੀ ਗਈ। ਜਿਸ ਤਹਿਤ ਜਿਲ੍ਹੇ ਦੇ ਸੈਕੜੇ ਅਧਿਆਪਕਾਂ ਨੇ ਵੱਖ-ਵੱਖ ਥਾਵਾਂ ‘ਤੇ ਹੱਥਾਂ ਵਿੱਚ ਸਿੱਖਿਆ ਨੀਤੀ ਦੇ ਵਿਰੋਧ ‘ਚ ਤਖਤੀਆਂ ਫੜ ਕੇ ਰੋਸ ਪ੍ਰਗਟਾਇਆ।
ਡੀ.ਟੀ.ਐਫ. ਦੇ ਜਿਲ੍ਹਾ ਪ੍ਰਧਾਨ ਅਤਿੰਦਰ ਘੱਗਾ, ਸੂਬਾ ਸੀਨੀਅਰ ਮੀਤ ਪ੍ਰਧਾਨ ਵਿਕਰਮ ਦੇਵ ਸਿੰਘ, ਜਿਲ੍ਹਾ ਜਨਰਲ ਸਕੱਤਰ ਅਮਨਦੀਪ ਦੇਵੀਗੜ੍ਹ, ਅਧਿਆਪਕ ਆਗੂਆਂ ਹਰਦੀਪ ਟੋਡਰਪੁਰ ਤੇ ਹਰਵਿੰਦਰ ਰੱਖੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ-2020 ਰਾਹੀਂ ਜਮਹੂਰੀ ਸਿੱਖਿਆ ਪ੍ਰਬੰਧ, ਬਹੁਪੱਖੀ ਸੱਭਿਆਚਾਰ ਦੀ ਮਾਨਤਾ, ਧਰਮ-ਨਿਰਪੱਖਤਾ ਅਤੇ ਆਧੁਨਿਕ ਵਿਗਿਆਨਕ ਸੋਚ ਸਮੇਤ ਅਗਾਂਹਵਧੂ ਵਿਚਾਰਾਂ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਦਿੱਤੀ ਗਈ ਹੈ। ਕੇਂਦਰੀਕਰਨ ਦੀ ਨੀਤੀ ਨੂੰ ਅੱਗੇ ਵਧਾਉਂਦਿਆਂ ਕੇਂਦਰੀ ਸੰਗਠਨਾਂ ਨੂੰ ਹੋਰ ਵਧੇਰੇ ਫੈਸਲਾਕੁੰਨ ਬਣਾਇਆ ਜਾ ਰਿਹਾ ਹੈ। ਸਿੱਖਿਆ ਨੀਤੀ ਵਿੱਚ ‘ਮਿਥਿਹਾਸ ਨੂੰ ਇਤਹਾਸ ਬਣਾ ਕੇ ਪੇਸ਼ ਕਰਨ’ ਅਤੇ ‘ਪੁਰਾਤਨ ਭਾਰਤ ਨੂੰ ਅੱਜ ਨਾਲੋਂ ਮਹਾਨ ਦੱਸਣ ਵਾਲੀ’ ਗੈਰ ਵਿਗਿਆਨਕ ਵਿਚਾਰਧਾਰਾ ਨੂੰ ਤਰਜੀਹ ਦਿੱਤੀ ਗਈ ਹੈ। ਸਿੱਖਿਆ ਨੀਤੀ ਅਨੁਸਾਰ ਸਿਲੇਬਸ ਘਟਾਉਣ ਦੇ ਨਾਂ ਹੇਠ ਵਿਭਿੰਨਤਾ, ਲੋਕਤੰਤਰ, ਰਾਸ਼ਟਰਵਾਦ ਅਤੇ ਮਨੁੱਖੀ ਹੱਕਾਂ ਵਰਗੇ ਜਰੂਰੀ ਵਿਸ਼ਿਆਂ ਨੂੰ ਪੁਸਤਕਾਂ ਵਿੱਚੋਂ ਹਟਾਉਣ ਦਾ ਕਾਰਜ ਕੋਵਿਡ-19 ਦੀ ਆੜ ਵਿੱਚ ਕੀਤਾ ਜਾ ਰਿਹਾ ਹੈ।
ਅਧਿਆਪਕ ਆਗੂਆਂ ਪਰਮਵੀਰ ਸਿੰਘ, ਕੁਲਦੀਪ ਗੋਬਿੰਦਪੁਰਾ, ਰਾਮ ਸ਼ਰਨ, ਸੁਖਦੇਵ ਰਾਜਪੁਰਾ, ਮੈਡਮ ਸੋਨੀਆ ਅਤੇ ਜੈਕੀ ਰੱਖੜਾ ਨੇ ਕਿਹਾ ਕਿ ਨਿੱਜੀਕਰਨ ਦੀ ਨੀਤੀ ਤਹਿਤ ਜਨਤਕ ਖੇਤਰ ਦੀ ਆਕਾਰ-ਘਟਾਈ ਨੂੰ ਸਕੂਲਾਂ ਦੀ ਮਰਜਿੰਗ ਰਾਹੀਂ ਨੇਪਰੇ ਚਾੜਣ ਲਈ ‘ਕੰਪਲੈਕਸ ਸਕੂਲ’ ਦਾ ਸੰਕਲਪ ਲਿਆਂਦਾ ਗਿਆ ਹੈ। ਨੌਕਰੀਆਂ ਅਤੇ ਨਿਗੁਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਕੱਚੇ ਅਧਿਆਪਕਾਂ ‘ਤੇ ਵਲੰਟੀਅਰਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਬਾਰੇ ਕੋਈ ਫੈਸਲਾ ਨਹੀਂ ਦਿੱਤਾ ਗਿਆ। ਇਸ ਵਿੱਚ ਅਧਿਆਪਕਾਂ ਨੂੰ ਕਾਰਗੁਜ਼ਾਰੀ ਦੇ ਨਾਂ ’ਤੇ ਤਰੱਕੀ ਬੰਦ ਕਰਨ ਅਤੇ ਸਵੈ ਇੱਛਾ ਨਾਲ ਬਦਲੀ ਕਰਵਾਉਣ ਦਾ ਅਧਿਕਾਰ ਰੱਦ ਕਰਨ ਵਰਗੀਆਂ ਸਖਤ ਮਦਾਂ ਵੀ ਸ਼ਾਮਿਲ ਹਨ।
ਗੁਰਜੀਤ ਘੱਗਾ, ਦਵਿੰਦਰ ਪਟਿਆਲਾ, ਸਤਨਾਮ ਘਨੌਰ ਅਤੇ ਵਿਕਰਮ ਅਲੂਣਾ ਨੇ ਕਿਹਾ ਕਿ ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ ਦੀ ਥਾਂ ਦੇਸ਼ੀ ਵਿਦੇਸ਼ੀ ਸਰਮਾਏਦਾਰਾਂ ਰਾਹੀਂ ਵੱਡੀਆਂ ਬਹੁ ਅਨੁਸ਼ਾਸ਼ਨੀ ਸੰਸਥਾਵਾਂ ਖੋਲਣ ਦੇ ਫੈਸਲੇ ਕਰਕੇ ਲੋਕਾਂ ਦੀ ਆਰਥਿਕ ਅਤੇ ਸਮਾਜਿਕ ਲੁੱਟ ਦਾ ਰਾਹ ਹੋਰ ਪੱਧਰਾ ਕਰ ਦਿੱਤਾ ਗਿਆ ਹੈ। ਜਿਸ ਕਾਰਨ ਅਧਿਆਪਕ ਵਰਗ ਵੱਲੋਂ ਇਸ ਸਿੱਖਿਆ ਨੀਤੀ ਨੂੰ ਰੱਦ ਕੀਤਾ ਗਿਆ ਹੈ।
ਇਸ ਮੌਕੇ ਵੱਖ ਵੱਖ ਥਾਈ ਅਧਿਆਪਕ ਆਗੂ ਸੁਖਵੀਰ ਸਿੰਘ, ਰਾਜਿੰਦਰ ਸਮਾਣਾ, ਸਤਪਾਲ ਸਮਾਣਵੀ, ਹਰਵਿੰਦਰ ਬੇਲੂੁਮਾਜਰਾ, ਜਗਤਾਰ ਅਤਾਲਾਂ, ਜਸਪਾਲ ਚੌਧਰੀ, ਲਖਵੀਰ ਸਿੰਘ, ਸੁਖਵਿੰਦਰ ਸਿੰਘ ਨਾਭਾ, ਸੁਰਜੀਤ ਸਿੰਘ, ਰਾਜੀਵ ਕੁਮਾਰ, ਤਰਸੇਮ ਸਿੰਘ, ਸੁਖਦੀਪ ਸਿੰਘ ਆਦਿ ਮੌਜੂਦ ਰਹੇ।