ਜੀ ਐਸ ਪੰਨੂ
ਪਟਿਆਲਾ, 11 ਸਤੰਬਰ 2020 - ਬੀਤੀ ਰਾਤ ਪਟਿਆਲਾ ਪੁਲਿਸ ਦੇ ਥਾਣਾ ਪਸਿਆਣਾ, ਥਾਣਾ ਭਾਦਸੋਂ ਅਤੇ ਨਾਭਾ ਦੀ ਛੀਂਟਾ ਵਾਲਾ ਚੌਂਕੀ ਦੀ ਪੁਲਿਸ ਨੇ ਇੱਕ ਸਾਂਝਾ ਆਪਰੇਸ਼ਨ ਚਲਾ ਕੇ ਚੋਰਾਂ ਦਾ 40 ਕਿਲੋਮੀਟਰ ਤੱਕ ਪਿੱਛਾ ਕਰਕੇ ਟਰੱਕ ਬਰਾਮਦ ਕਰ ਲਿਆ, ਪਰ ਤਿੰਨ ਥਾਣਿਆਂ ਦੀ ਪੁਲਿਸ ਹੁੰਦੇ ਹੋਏ ਵੀ ਟਰੱਕ ਵਿਚੋਂ ਦੋ ਚੋਰ ਹਨੇਰੇ ਦਾ ਲਾਭ ਉਠਾ ਕੇ ਪਹਿਲਾਂ ਚਰੀ (ਹਰਾ ਚਾਰਾ) ਦੇ ਖੇਤ ਵਿਚ ਵੜ ਕੇ ਅੱਗੇ ਫ਼ਰਾਰ ਹੋ ਗਏ।
ਬੀਤੀ ਰਾਤ ਦੋ ਚੋਰਾਂ ਨੇ ਮਾਲੋ ਮਾਜਰਾ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਖੜਾ ਟਰੱਕ ਨੰ: ਪੀ.ਬੀ 11 ਸੀ.ਆਰ 4306 ਮਾਰਕਾ ਅਸ਼ੋਕਾ ਲੇਲੈਂਡ ਚੋਰੀ ਕਰ ਲਿਆ। ਜਦੋਂ ਉਹ ਟਰੱਕ ਭਜਾ ਲੈ ਗਏ ਤਾਂ ਟਰੱਕ ਦੇ ਮਾਲਕ ਹਰਦੀਪ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਮਕਾਨ ਨੰ. 99 ਗਲੀ ਨੰ. 13 ਭਾਖੜਾ ਇਨਕਲੇਵ ਮਾਲੋ ਮਾਜਰਾ ਪਸਿਆਣਾ ਨੇ ਥਾਣਾ ਪਸਿਆਣਾ ਦੇ ਐਸ.ਐਚ.ਓ. ਜਸਪ੍ਰੀਤ ਸਿੰਘ ਕਾਹਲੋਂ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਐਸ.ਐਚ.ਓ .ਜਸਪ੍ਰੀਤ ਕਾਹਲੋਂ ਨੇ ਬਿਨ੍ਹਾਂ ਦੇਰੀ ਕੀਤੇ ਪੁਲਿਸ ਫੋਰਸ ਲੈ ਕੇ ਗੱਡੀ ਦਾ ਪਿੱਛਾ ਕੀਤਾ।
ਉਨ੍ਹਾਂ ਦੱਸਿਆ ਟਰੱਕ ਭਾਦਸੋਂ ਰੋਡ 'ਤੇ ਪੈ ਗਿਆ ਤਾਂ ਐਸ.ਐਚ.ਓ. ਥਾਣਾ ਪਸਿਆਣਾ ਨੇ ਥਾਣਾ ਭਾਦਸੋਂ ਦੀ ਪੁਲਿਸ ਨੂੰ ਸੂਚਿਤ ਕੀਤਾ ਤਾਂ ਥਾਣਾ ਭਾਦਸੋਂ ਦੇ ਐਸ.ਐਚ.ਓ. ਭਾਦਸੋਂ ਅੰਮ੍ਰਿਤਬੀਰ ਸਿੰਘ ਨੇ ਗੱਡੀ ਪਿੱਛੇ ਲਗਾ ਲਈ। ਪਿੱਛੇ ਪੁਲਿਸ ਲੱਗੀ ਦੇਖ ਚੋਰਾਂ ਨੇ ਟਰੱਕ ਨੂੰ ਪਿੰਡਾਂ ਵਿਚੋ ਨਾਭਾ ਵੱਲ ਨੂੰ ਪਾ ਲਿਆ ਅਤੇ ਛੀਟਾਂ ਵਾਲਾ ਰੋਡ 'ਤੇ ਲੈ ਗਏ। ਜਿਥੇ ਪਿੱਛਾ ਕਰ ਰਹੀ ਪੁਲਿਸ ਫੋਰਸ ਨੇ ਛੀਂਟਾ ਵਾਲਾ ਚੌਂਕੀ ਦੀ ਪੁਲਿਸ ਨੂੰ ਸੂਚਿਤ ਕੀਤਾ ਤਾਂ ਛੀਟਾਂ ਵਾਲਾ ਚੌਂਕੀ ਦੀ ਪੁਲਿਸ ਨੇ ਅੱਗੇ ਵੱਡਾ ਨਾਕਾ ਲਗਾ ਲਿਆ। ਅੱਗੇ ਨਾਕਾ ਦੇਖ ਅਤੇ ਪਿਛਲੇ ਪੁਲਿਸ ਆਉਂਦੀ ਦੇਖ ਚੋਰਾਂ ਨੇ ਟਰੱਕ ਨੂੰ ਸਾਈਡ 'ਤੇ ਖੜਾ ਕਰਕੇ ਚਰੀ (ਹਰੇ ਚਾਰੇ) ਦੇ ਖੇਤਾਂ ਵਿਚ ਵੜ ਗਏ ਅੱਗੇ ਝੋਨੇ ਦੇ ਖੇਤਾਂ ਵਿਚੋਂ ਅੱਗੇ ਫ਼ਰਾਰ ਹੋ ਗਏ। ਚੋਰਾਂ ਦੀ ਭਾਲ ਜਾਰੀ ਹੈ।