ਜੀ ਐਸ ਪੰਨੂ
ਪਟਿਆਲਾ, 11 ਸਤੰਬਰ 2020 - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਸਪੋਰਟਸ ਸੈਲ ਦੇ ਪੁਨਰਗਠਨ ਦੇ ਨਾਂਅ ਹੇਠ ਇਸ ਨੂੰ ਬੰਦ ਕਰਨ ਦੀ ਕਾਰਵਾਈ ਅਰੰਭ ਦਿੱਤੀ ਹੈ ਜਿਸ ਦਾ ਸਿੱਧਾ ਅਸਰ ਇਹ ਹੈ ਕਿ ਪੰਜਾਬ ਰਾਜ ਬਿਜਲੀ ਬੋਰਡ ਜੋ ਕਿ ਮੌਜੂਦਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਹੈ, ਵਿੱਚ ਸੰਨ 1974 ਤੋਂ ਚੱਲੀ ਆ ਰਹੀ ਖੇਡਾਂ ਵਿੱਚ ਪ੍ਰਾਪਤੀਆਂ ਦੇ ਅਧਾਰ ਤੇ ਭਰਤੀ ਦਾ ਰਾਹ ਬੰਦ ਹੋ ਜਾਵੇਗਾ ਤੇ ਪੰਜਾਬ ਦੇ ਨੌਜਵਾਨਾਂ ਦਾ ਖੇਡਾਂ ਦੇ ਖੇਤਰ ਵਿੱਚ ਆਪਣੀ ਭਵਿੱਖ ਬਣਾਉਣਾ ਤੇ ਸੂਬੇ ਦਾ ਨਾਮ ਉੱਚਾ ਕਰਨਾ ਬੀਤੇ ਦੀ ਗੱਲ ਬਣਕੇ ਰਹਿ ਜਾਵੇਗੀ।
ਵਰਨਣਯੋਗ ਹੈ ਕਿ ਕਾਰਪੋਰੇਸ਼ਨ ਦੀ 83ਵੀਂ ਬੈਠਕ ਜੋ ਕਿ 20 ਅਗਸਤ 2020 ਨੂੰ ਹੋਈ ਸੀ, ਵਿੱਚ ਨੌਜਵਾਨਾ ਦੇ ਭਵਿੱਖ ਦਾ ਵਿਰੋਧੀ ਫੈਸਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ ਜਿਸਦੇ ਮੈਨੀਫੈਸਟੋ ਵਿੱਚ ਹਰ ਖੇਤਰ ਵਿੱਚ ਨੌਕਰੀਆਂ ਦੇ ਮੌਕੇ ਵਧਾਉਣ ਦਾ ਵਾਅਦਾ ਕੀਤਾ ਗਿਆ ਸੀ ਤੇ ਕੋਰੋਨਾ ਦੇ ਮਾਹੋਲ ਵਿੱਚ ਤੰਦਰੁਸਤ ਪੰਜਾਬ" ਮੁਹਿੰਮ ਵੀ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਪਰ ਖੇਡਾਂ ਦੇ ਜ਼ਰੀਏ ਰਾਜ ਨੂੰ ਤੰਦਰੁਸਤ ਨੌਜਵਾਨੀ ਦੇ ਮੌਕੇ ਖਤਮ ਕੀਤੇ ਜਾ ਰਹੇ ਹਨ। ਇਸ ਸਬੰਧੀ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਏ.ਵੇਨੂੰ ਪ੍ਰਸ਼ਾਦ, ਆਈ.ਏ.ਐੱਸ. ਦਾ ਦਾਅਵਾ ਹੈ ਕਿ ਸਪੋਰਟਸ ਸੈਲ ਭੰਗ ਨਹੀ ਕੀਤਾ ਜਾ ਰਿਹਾ ਸਗੋਂ ਉਸਦਾ ਪੁਨਰਗਠਨ ਕੀਤਾ ਜਾ ਰਿਹਾ ਹੈ ਅਤੇ ਸੈਲ ਦੇ ਮੁਲਾਜ਼ਮਾਂ ਦੀ ਮੁਲਾਜ਼ਮਤ ਉੱਤੇ ਕੋਈ ਬੁਰਾ ਅਸਰ ਪੈਣ ਵਾਲਾ ਨਹੀ ਹੈ। ਇਹ ਦਾਅਵਾ ਸਬੰਧਤ ਮੁਲਾਜ਼ਮਾਂ ਨੂੰ ਕਿਸੇ ਪੱਖੋ ਵੀ ਹਜ਼ਮ ਨਹੀ ਹੋ ਰਿਹਾ ਕਿਉਕ ਪੰਜਾਬ ਦੀ ਮੌਜੂਦਾ ਅਫਸਰਸ਼ਾਹੀ ਪੂਨਰਗਠਨ ਦੇ ਨਾਮ ਤੇ ਹਾਲ ਹੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਹੋਰ ਵਿਭਾਗਾਂ ਵਿੱਚ ਅਜਿਹੀ ਹੀ ਕਾਰਵਾਈ ਕਰਕੇ ਚੁੱਪ-ਚੁਪੀਤੇ ਰੁਜ਼ਗਾਰ ਦੇ ਮੌਕੇ ਖਤਮ ਕਰਨ ਦੀਆਂ ਕਾਰਵਾਈਆਂ ਵੱਡੇ ਪੱਧਰ ਤੇ ਕਰ ਚੁੱਕੀ ਹੈ।
ਪੰਜਾਬ ਪਾਵਰ ਕਾਰਪੋਰੇਸ਼ਨ ਦੇ ਸਪੋਰਟਸ ਸੈਲ ਨਾਲ ਸਬੰਧਤ ਖਿਡਾਰੀਆਂ ਤੇ ਟਰੇਨਰਾਂ ਨੇ ਵੀਰਵਾਰ ਨੂੰ ਇੱਥੇ ਇੱਕ ਬੈਠਕ ਕਰਕੇ ਮੈਨੇਜਮੈਂਟ ਬੋਰਡ ਦੇ ਫੈਸਲਿਆਂ ਦੀ ਨਿਖੇਧੀ ਕੀਤੀ ਹੈ ਜਿਸ ਦੇ ਤਹਿਤ ਬੋਰਡ ਵਿੱਚ 50 ਨਵੇਂ ਖਿਡਾਰੀ ਵਰਗ ਦੀ ਭਰਤੀ ਕਰਨ ਦੀ ਸਿਫਾਰਸ਼ ਨੂੰ ਰੱਦ ਕਰਕੇ ਬੋਰਡ ਦੀ 11 ਅਗਸਤ 2017 ਨੂੰ ਹੋਈ 58ਵੀਂ ਬੈਠਕ ਦੇ ਫੈਸਲੇ ਨੂੰ ਬਹਾਲ ਕਰਨ ਦੀ ਸਿਫਾਰਸ਼ ਕੀਤੀ ਗਈ ਜਿਸ ਵਿੱਚ ਸਪੋਰਟਸ ਸੈਲ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਉਸ ਵੇਲੇ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਉਸ ਵੇਲੇ ਇਸ ਫੈਸਲੇ ਤੇ ਫੌਰੀ ਰੋਕ ਲਗਾਉਂਦੇ ਹੋਏ ਸਗੋਂ ਸਪੋਰਟਸ ਆਧਾਰ ਤੇ ਭਰਤੀ ਲਈ ਕਾਰਜ ਕਰਨ ਦੀ ਹਦਾਇਤ ਦਿੱਤੀ ਸੀ।
ਪੰਜਾਬ ਪਾਵਰ ਕਾਰਪੋਰੇਸ਼ਨ ਦਾ ਸਪੋਰਟਸ ਸੈਲ ਸੰਨ 1974 ਵਿੱਚ ਹੋਂਦ ਵਿੱਚ ਆਇਆ ਸੀ। ਉਸ ਵੇਲੇ ਕਾਰਪੋਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਵੱਜੋਂ ਕਾਰਜ ਕਰਦੀ ਸੀ। ਇਸ ਦਫਤਰ ਦੇ ਹੋਂਦ ਵਿੱਚ ਆਉਣ ਮਗਰੋਂ ਬਿਜਲੀ ਬੋਰਡ ਨੇ ਵੱਖੋਂ ਵੱਖ ਖੇਡਾਂ ਵਿੱਚ ਅਰਜੁਨਾ ਐਵਾਰਡੀ, ਮਹਾਰਾਜਾ ਰਣਜੀਤ ਸਿੰਘ ਐਵਾਰਡੀ ਤੇ ਕਈ ਕੋਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੰਜਾਬ ਦੀ ਝੋਲੀ ਪਾਕੇ ਰਾਜ ਦਾ ਨਾਮ ਰੋਸ਼ਨ ਕੀਤਾ ਹੈ। ਸਪੋਰਟਸ ਸੈੱਲ ਦੇ ਮੌਜੂਦਾ ਇੰਚਾਰਜ ਤੇ ਸੀਨੀਅਰ ਸਪੋਰਟਸ ਅਫਸਰ ਸ੍ਰੀਮਤੀ ਮਾਧੂਰੀ ਸਕਸੈਨਾ ਅਰਜੂਨਾ ਅਵਾਰਡੀ ਅਤੇ ਏਸ਼ੀਅਨ ਗੇਮ ਮੈਡਲਿਸਟ ਹਨ। ਇਨ੍ਹਾ ਤੋਂ ਇਲਾਵਾ ਰਾਜ ਕੁਮਾਰ, (ਬੈਡਮਿੰਟਨ ਖਿਡਾਰੀ) ਅਰਜੂਨਾ ਅਵਾਰਡੀ, ਅਮਰਿੰਦਰ ਸਿੰਘ ਦੁਲੱਟ (ਅਥਲੈਟਿਕਸ) ਕੌਮਾਂਤਰੀ ਖਿਡਾਰੀ, ਸ੍ਰੀਮਤੀ ਸਰੋਜ ਬਾਲਾ (ਹਾਕੀ) ਕੌਮਾਂਤਰੀ ਖਿਡਾਰਨ, ਬਲਬੀਰ ਸਿੰਘ ਬਿੱਟੂ, (ਕਬੱਡੀ) ਕੋਚ ਭਾਰਤੀ ਟੀਮ, ਰਵਿੰਦਰ ਨਾਥ (ਕੁਸ਼ਤੀ) ਕੌਮਾਂਤਰੀ ਖਿਡਾਰੀ, ਰਛਪਾਲ ਸਿੰਘ ਤੇ ਬਲਵਿੰਦਰ ਸਿੰਘ (ਦੋਹੇਂ ਪਾਵਰ ਲਿਫਟਿੰਗ ) ਤੇ ਦੋਹੇਂ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਕੁੱਝ ਚੋਣਵੇ ਖਿਡਾਰੀ ਹਨ ਜੋ ਕਿ ਬਿਜਲੀ ਬੋਰਡ ਵੱਲੋਂ 11 ਖੇਡਾਂ ਵਿੱਚ ਪ੍ਰਦਾਨ ਕੀਤੇ 32 ਕੌਮਾਂਤਰੀ ਖਿਡਾਰੀਆਂ ਵਿੱਚ ਸ਼ਾਮਿਲ ਹਨ।
ਪਾਵਰਕਾਮ ਆਪਣੇ ਸਪੋਰਟਸ ਸੈਲ ਨੂੰ ਹੀ ਨਹੀਂ ਖ਼ਤਮ ਕਰਨ ਲੱਗਿਆ ਹੋਇਆ ਹੈ ਬਲਕਿ ਆਪਣੇ ਪੁਰਾਣੇ ਮੁਲਾਜ਼ਮ ਖਿਲਾੜੀਆਂ ਨੂੰ ਵੀ ਤੰਗ ਪ੍ਰੇਸਾਨ ਕਰ ਰਿਹਾ ਹੈ ਪੁਰਾਣੇ ਮੁਲਾਜ਼ਮ ਖਿਲਾੜੀਆਂ ਦੀਆਂ ਸਰਵਿਸ ਰਿਕਾਰਡ ਤਰੋੜ ਮਰੋੜ ਕੇ ਭਾਰਮੁਕਤ ਹੋਣ ਤੋਂ ਬਾਅਦ ਵੀ ਪ੍ਰੇਸ਼ਾਨੀਆਂ ਪੈਦਾ ਕਰ ਰਿਹਾ ਹੈ।ਕਈ ਖਿਲਾੜੀਆਂ ਨੂੰ ਪਹਿਲਾਂ ਇਕ ਕੈਡਰ ਵਿੱਚ ਭਰਤੀ ਕੀਤਾ ਗਿਆ ਫੇਰ ਦੂਜੇ ਕੈਡਰ ਵਿਚ ਭਰਤੀ ਕੀਤਾਂ ਗਿਆ ਪਰੰਤੂ ਪੁਰਾਣੇ ਕੈਡਰ ਦੀ ਸਰਵਿਸ ਹੀ ਖ਼ਤਮ ਕੀਤੀ ਜਾ ਰਹੀ ਹੈ।