ਮਨਿੰਦਰਜੀਤ ਸਿੱਧੂ
ਜੈਤੋ, 12 ਸਤੰਬਰ 2020 - ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਸਮਾਰਟ ਰਾਸ਼ਨ ਕਾਰਡਾਂ `ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਨੀਵਾਰ ਨੂੰ ਪੂਰੇ ਪੰਜਾਬ ਵਿੱਚ ਸਮਾਰਟ ਰਾਸ਼ਨ ਕਾਰਡ ਸਕੀਮ ਲਾਂਚ ਕੀਤੀ ਗਈ ਹੈ। ਜੈਤੋ ਵਿਖੇ ਇਸ ਸਕੀਮ ਦੀ ਸ਼ੁਰੂਆਤ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਸਥਾਨਕ ਸਬ-ਡਵੀਜ਼ਨ ਦਫ਼ਤਰ ਜੈਤੋ ਵਿਖੇ ਰੱਖੇ ਇੱਕ ਪ੍ਰੋਗਰਾਮ ਦੌਰਾਨ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਦੱਸਿਆ ਕਿ ਕੈਪਟਨ ਵਾਲੀ ਸੂਬਾ ਸਰਕਾਰ ਵੱਲੋਂ ਅੰਤੋਦਿਆ ਅੰਨ ਯੋਜਨਾ ਕਾਰਡ ਧਾਰਕਾਂ ਨੂੰ ਪ੍ਰਤੀ ਪਰਿਵਾਰ 35 ਕਿਲੋ ਕਣਕ ਪ੍ਰਤੀ ਮਹੀਨਾ ਦਿੱਤੀ ਜਾਂਦੀ ਹੈ ਜਦ ਕਿ ਬਾਕੀ ਕਾਰਡ ਧਾਰਕਾਂ ਨੂੰ 5 ਕਿਲੋ ਕਣਕ ਪ੍ਰਤੀ ਜੀਅ ਪ੍ਰਤੀ ਮਹੀਨਾ 2 ਰੁਪਏ ਪ੍ਰਤੀ ਕਿਲੋ ਦੀ ਦਰ ਤੇ ਸਰਕਾਰ ਤੋਂ ਮੁਹਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਹਰੇਕ ਪੱਖੋ ਗਰੀਬਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਹਾਇਕ ਫੂਡ ਸਪਲਾਈ ਅਫਸਰ ਅਮਨਦੀਪ ਗਰੋਵਰ ਨੇ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਹੁਣ ਲਾਭਪਾਤਰੀ ਪੰਜਾਬ ਵਿੱਚ ਕਿਸੇ ਵੀ ਰਾਸ਼ਨ ਡਿਪੂ ਤੋਂ ਅਨਾਜ ਪ੍ਰਾਪਤ ਕਰ ਸਕਨਗੇ। ਉਨਾ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਸਕੀਮ ਨਾਲ ਲਾਭਪਾਤਰੀਆਂ ਨੂੰ ਰਾਸ਼ਨ ਵੰਡਣ ਵਿੱਚ ਪਾਰਦਰਸ਼ਤਾ ਵੀ ਆਏਗੀ ਅਤੇ ਸਮੇਂ ਦੀ ਵੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਜੋ ਗਲਤ ਰਾਸ਼ਨ ਕਾਰਡ ਬਣਨ ਜਾਂ ਸਹੀ ਲਾਭਪਾਤਰੀ ਨੂੰ ਰਾਸ਼ਨ ਨਾ ਮਿਲਣ ਦੀਆਂ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਸਨ, ਹੁਣ ਸਮਾਰਟ ਰਾਸ਼ਨ ਕਾਰਡ ਬਨਣ ਨਾਲ ਇਸ ਸਮੱਸਿਆ ਦਾ ਹੱਲ ਵੀ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਜੋ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਕੀਤੀ ਜਾਵੇਗੀ ਉਹ ਇਸੇ ਸਮਾਰਟ ਰਾਸ਼ਨ ਕਾਰਡ ਤਹਿਤ ਹੀ ਕੀਤੀ ਜਾਵੇਗੀ। ਇਸ ਮੌਕੇ ਜਿਲ੍ਹਾ ਯੋਜ਼ਨਾ ਬੋਰਡ ਫਰੀਦਕੋਟ ਦੇ ਚੇਅਰਮੈਨ ਪਵਨ ਗੋਇਲ, ਚੇਅਰਮੈਨ ਮਾਰਕਿਟ ਕਮੇਟੀ ਜੈਤੋ ਸਿਕੰਦਰ ਸਿੰਘ ਮੜ੍ਹਾਕ, ਕਾਂਗਰਸ ਕਮੇਟੀ ਪੰਜਾਬ ਦੇ ਸਕੱਤਰ ਸੁਰਜੀਤ ਸਿੰਘ ਬਾਬਾ, ਐਸ.ਸੀ. ਵਿੰਗ ਜਿਲ੍ਹਾ ਫਰੀਦਕੋਟ ਦੇ ਚੇਅਰਮੈਨ ਬਲਵਿੰਦਰ ਸਿੰਘ “ਲਵਲੀ ਭੱਟੀ”, ਐਸ.ਡੀ.ਐਮ. ਡਾ. ਮਨਦੀਪ ਕੌਰ, ਡੀ.ਐਸ.ਪੀ. ਪਰਮਿੰਦਰ ਸਿੰਘ ਗਰੇਵਾਲ, ਸੀਨੀਅਰ ਕਾਂਗਰਸੀ ਆਗੂ ਸੰਜੀਵ ਕੁਮਾਰ ਭਾਰਦਵਾਜ, ਐਸ.ਐਚ.ਓ. ਬਾਜਾਖਾਨਾ ਇਕਬਾਲ ਹੁਸੈਨ, ਪ੍ਰਦੀਪ ਗਰਗ ਮਲੋਟ ਵਾਲੇ, ਗੁਰਸੇਵਕ ਸਿੰਘ, ਸੱਤਪਾਲ ਡੋਡ, ਐਡਵੋਕੇਟ ਮਦਨ ਲਾਲ ਬਾਂਸਲ, ਕਾਮਰੇਡ ਰਣਬੀਰ ਪੰਵਾਰ, ਲਵਪ੍ਰੀਤ ਚੈਨਾ ਆਦਿ ਹਾਜਰ ਸਨ।